ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕਿਹਾ ਕਿ ਯੂਕਰੇਨ ਦੀ ਹੱਦ ਦੇ ਨਾਲ ਰੂਸੀ ਫ਼ੌਜਾਂ ਦੀ ਮੌਜੂਦਗੀ ਹੁਣ ਉਸ ਮੁਕਾਮ ਉਤੇ ਪਹੁੰਚ ਗਈ ਹੈ ਜਿੱਥੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੋਲ ਸਾਰੇ ਫ਼ੌਜੀ ਬਦਲ ਹਨ। ਉਹ ਪੂਰੀ ਸਮਰੱਥਾ ਨਾਲ ਯੂਕਰੇਨ ਵਿਚ ਵੀ ਦਾਖਲ ਹੋ ਸਕਦੇ ਹਨ। ਆਸਟਿਨ ਨੇ ਇਕ ਮੀਡੀਆ ਕਾਨਫਰੰਸ ਵਿਚ ਕਿਹਾ, ‘ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਰਾਸ਼ਟਰਪਤੀ ਪੂਤਿਨ ਨੇ ਯੂਕਰੇਨ ਖ਼ਿਲਾਫ਼ ਬਲ ਵਰਤਣ ਦਾ ਆਖ਼ਰੀ ਫ਼ੈਸਲਾ ਲੈ ਲਿਆ ਹੈ, ਪਰ ਹੁਣ ਸਪੱਸ਼ਟ ਤੌਰ ਉਤੇ ਉਨ੍ਹਾਂ ਕੋਲ ਸਾਰੇ ਬਦਲ ਹਨ।’ ਮਾਸਕੋ ਵਿਚ ਪੂਤਿਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੌਂ ਨੂੰ ਦੱਸਿਆ ਹੈ ਕਿ ਪੱਛਮੀ ਮੁਲਕਾਂ ਨੇ ਰੂਸ ਦੇ ਫ਼ਿਕਰਾਂ ਉਤੇ ਗੌਰ ਨਹੀਂ ਕੀਤਾ, ਜਦਕਿ ਰੂਸ ਦੇ ਵਿਦੇਸ਼ ਮੰਤਰੀ ਸਰਗੇਅ ਲਾਵਰੋਵ ਨੇ ਵੀ ਇਕ ਇੰਟਰਵਿਊ ਵਿਚ ਕਿਹਾ ਹੈ ਕਿ ਉਹ ਜੰਗ ਨਹੀਂ ਚਾਹੁੰਦੇ ਪਰ ਮੰਗਾਂ ਉਤੇ ਸਮਝੌਤਾ ਵੀ ਨਹੀਂ ਕੀਤਾ ਜਾ ਸਕਦਾ।
ਆਸਟਿਨ ਨੇ ਪੂਤਿਨ ਨੂੰ ਬੇਨਤੀ ਕੀਤੀ ਕਿ ਉਹ ਤਣਾਅ ਘਟਾਉਣ ਨਾਲ ਹੀ ਉਨ੍ਹਾਂ ਰੂਸ ਨੂੰ ਚਿਤਾਵਨੀ ਦਿੱਤੀ ਕਿ ਉਹ ਯੂਕਰੇਨ ਨੂੰ ਭੜਕਾਉਣ ਵਾਲੇ ਦੇਸ਼ ਦੇ ਤੌਰ ਉਤੇ ਨਾ ਦਿਖਾਉਣ। ਇਸ ਤਰ੍ਹਾਂ ਕਰ ਕੇ ਉਹ ਹਮਲੇ ਨੂੰ ਸਹੀ ਨਹੀਂ ਠਹਿਰਾ ਸਕਦੇ। ਆਸਟਿਨ ਨੇ ਕਿਹਾ ਕਿ ਉਹ ਰੂਸ ਵੱਲੋਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਉਤੇ ਪੂਰੀ ਨਜ਼ਰ ਰੱਖ ਰਹੇ ਹਨ। ਪ੍ਰੈੱਸ ਕਾਨਫਰੰਸ ਵਿਚ ਆਸਟਿਨ ਦੇ ਨਾਲ ਫ਼ੌਜੀ ਜਨਰਲ ਮਾਰਕ ਮਾਇਲੇ ਵੀ ਮੌਜੂਦ ਸਨ ਜੋ ਕਿ ਚੀਫ਼ ਆਫ਼ ਸਟਾਫ਼ ਵੀ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਤੇ ਰੂਸ ਵਿਚਾਲੇ ਯੂਕਰੇਨ ਮੁੱਦੇ ਉਤੇ ਟਕਰਾਅ ਬਣਿਆ ਹੋਇਆ ਹੈ। ਰੂਸ, ਨਾਟੋ ਗੱਠਜੋੜ ਨੂੰ ਆਪਣਾ ਦਾਇਰਾ ਸੀਮਤ ਕਰਨ ਲਈ ਕਹਿ ਰਿਹਾ ਹੈ। ਉਹ ਉਨ੍ਹਾਂ ਨੂੰ ਸਾਬਕਾ ਸੋਵੀਅਤ ਮੁਲਕਾਂ ਤੋਂ ਦੂਰ ਰਹਿਣ ਤੇ ਉੱਥੇ ਹਥਿਆਰਾਂ ਦੀ ਤਾਇਨਾਤੀ ਨਾ ਕਰਨ ਲਈ ਵੀ ਕਹਿ ਰਿਹਾ ਹੈ। ਰੂਸ ਨੇ ਯੂਕਰੇਨ ਦੀ ਹੱਦ ਉਤੇ ਕਰੀਬ ਇਕ ਲੱਖ ਫ਼ੌਜ ਜਮ੍ਹਾਂ ਕੀਤੀ ਹੋਈ ਹੈ।
ਜਦਕਿ ਅਮਰੀਕਾ ਨੇ ਰੂਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਯੂਕਰੇਨ ਵਿਚ ਦਾਖਲ ਹੋਇਆ ਤਾਂ ਸਖ਼ਤ ਪਾਬੰਦੀਆਂ ਲਾਈਆਂ ਜਾਣਗੀਆਂ। ਇਸ ਮੁੱਦੇ ਦਾ ਕੂਟਨੀਤੀ ਰਾਹੀਂ ਹੱਲ ਕੱਢਣ ਦੀ ਮੰਗ ਵੀ ਜ਼ੋਰ ਫੜ ਰਹੀ ਹੈ। ਅਮਰੀਕਾ ਦੇ ਫ਼ੌਜੀ ਜਨਰਲ ਨੇ ਕਿਹਾ ਕਿ ਰੂਸ ਨੇ ਜਿੰਨੀ ਫ਼ੌਜ ਅਤੇ ਤਕਨੀਕ ਯੂਕਰੇਨ ਦੀ ਹੱਦ ਉਤੇ ਲਾਈ ਹੋਈ ਹੈ, ਅਜਿਹੀ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖੀ। ਉਨ੍ਹਾਂ ਵੀ ਪੂਤਿਨ ਨੂੰ ਬੇਨਤੀ ਕੀਤੀ ਕਿ ਮਸਲੇ ਦਾ ਕੂਟਨੀਤੀ ਰਾਹੀਂ ਹੱਲ ਕੱਢਿਆ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly