
ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)- ਬਰਤਾਨੀਆ ਵਿੱਚ ਹਾਲ ਹੀ ਦਿਨਾਂ ਦੌਰਾਨ ਹੋਈਆਂ ਸਥਾਨਕ ਕੌਂਸਲਾਂ ਦੀਆਂ ਉਪ-ਚੋਣਾਂ ਨੇ ਦੇਸ਼ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਖਾਸ ਕਰਕੇ ਪੇਂਡੂ ਅਤੇ ਕਿਸਾਨ ਇਲਾਕਿਆਂ ਦੇ ਵੋਟਰਾਂ ਨੇ ਆਪਣਾ ਰੁਖ ਬਦਲਦਿਆਂ ਰੀਫਾਰਮ ਪਾਰਟੀ ਨੂੰ ਵੱਡੀ ਜਿੱਤ ਦਿਵਾਈ, ਜਦਕਿ ਲੇਬਰ ਪਾਰਟੀ ਨੂੰ ਅਣਉਮੀਦ ਅਤੇ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਉਪ-ਚੋਣਾਂ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਦੇ ਉਹਨਾਂ ਵਾਰਡਾਂ ਵਿੱਚ ਕਰਵਾਈਆਂ ਗਈਆਂ ਜਿੱਥੇ ਕੌਂਸਲਰਾਂ ਦੀ ਮੌਤ, ਅਸਤੀਫੇ ਜਾਂ ਅਹੁਦਾ ਛੱਡਣ ਕਾਰਨ ਸੀਟਾਂ ਖਾਲੀ ਹੋ ਗਈਆਂ ਸਨ। ਭਾਵੇਂ ਇਹ ਚੋਣਾਂ ਛੋਟੀਆਂ ਮੰਨੀਆਂ ਜਾਂਦੀਆਂ ਹਨ, ਪਰ ਸਿਆਸੀ ਮਾਹਿਰਾਂ ਦੇ ਅਨੁਸਾਰ ਇਨ੍ਹਾਂ ਦੇ ਨਤੀਜੇ ਅਕਸਰ ਆਉਣ ਵਾਲੀਆਂ ਵੱਡੀਆਂ ਚੋਣਾਂ ਦੀ ਦਿਸ਼ਾ ਦਰਸਾ ਦਿੰਦੇ ਹਨ। ਪੇਂਡੂ ਇਲਾਕਿਆਂ ਵਿੱਚ ਵੋਟਰਾਂ ਦੀ ਨਾਰਾਜ਼ਗੀ ਦਾ ਸਭ ਤੋਂ ਵੱਡਾ ਕਾਰਨ ਖੇਤੀਬਾੜੀ ਨਾਲ ਜੁੜੀਆਂ ਨੀਤੀਆਂ ਅਤੇ ਟੈਕਸ ਮਾਮਲੇ ਦੱਸੇ ਜਾ ਰਹੇ ਹਨ। ਕਿਸਾਨਾਂ ਅਤੇ ਜਮੀਨਦਾਰ ਪਰਿਵਾਰਾਂ ਦਾ ਕਹਿਣਾ ਹੈ ਕਿ ਜਮੀਨਾਂ, ਖੇਤਾਂ ਅਤੇ ਵਿਰਾਸਤੀ ਜਾਇਦਾਦ ਉੱਤੇ ਲੱਗਣ ਵਾਲੇ ਟੈਕਸਾਂ ਕਾਰਨ ਉਨ੍ਹਾਂ ਦੀ ਅਗਲੀ ਪੀੜ੍ਹੀ ਲਈ ਖੇਤੀ ਸੰਭਾਲਣਾ ਔਖਾ ਹੋ ਜਾਵੇਗਾ। ਪਿੰਡਾਂ ਵਿੱਚ ਇਹ ਗੱਲ ਘਰ-ਘਰ ਚਰਚਾ ਦਾ ਵਿਸ਼ਾ ਬਣੀ ਰਹੀ।ਰੀਫਾਰਮ ਪਾਰਟੀ ਨੇ ਆਪਣੀ ਚੋਣ ਮੁਹਿੰਮ ਦੌਰਾਨ ਇਨ੍ਹਾਂ ਮਸਲਿਆਂ ਨੂੰ ਸਿੱਧੀ ਅਤੇ ਸਾਫ਼ ਭਾਸ਼ਾ ਵਿੱਚ ਲੋਕਾਂ ਸਾਹਮਣੇ ਰੱਖਿਆ। ਪਾਰਟੀ ਨੇ ਕਿਹਾ ਕਿ ਜੇ ਖੇਤੀ ਅਤੇ ਪੇਂਡੂ ਜੀਵਨ ਬਚਾਉਣਾ ਹੈ ਤਾਂ ਕਿਸਾਨਾਂ ਉੱਤੇ ਵਾਧੂ ਟੈਕਸਾਂ ਦਾ ਬੋਝ ਘਟਾਉਣਾ ਲਾਜ਼ਮੀ ਹੈ। ਇਸ ਦਾ ਸਿੱਧਾ ਅਸਰ ਪੇਂਡੂ ਵੋਟਾਂ ’ਤੇ ਪਿਆ ਅਤੇ ਕਈ ਇਲਾਕਿਆਂ ਵਿੱਚ ਲੇਬਰ ਦੇ ਪਰੰਪਰਾਗਤ ਗੜ੍ਹ ਵੀ ਹੱਥੋਂ ਨਿਕਲ ਗਏ।ਦੂਜੇ ਪਾਸੇ ਲੇਬਰ ਪਾਰਟੀ ਲਈ ਇਹ ਨਤੀਜੇ ਚਿੰਤਾ ਦਾ ਕਾਰਨ ਬਣ ਗਏ ਹਨ। ਪਾਰਟੀ ਅੰਦਰੋਂ ਹੀ ਆਵਾਜ਼ਾਂ ਉੱਠ ਰਹੀਆਂ ਹਨ ਕਿ ਪੇਂਡੂ ਇਲਾਕਿਆਂ ਦੀਆਂ ਸਮੱਸਿਆਵਾਂ ਨੂੰ ਢੰਗ ਨਾਲ ਨਹੀਂ ਸਮਝਿਆ ਗਿਆ। ਖਾਸ ਕਰਕੇ ਕਿਸਾਨੀ ਵਰਗ ਨੂੰ ਇਹ ਅਹਿਸਾਸ ਹੋਇਆ ਹੈ ਕਿ ਨੀਤੀਆਂ ਬਣਾਉਂਦੇ ਸਮੇਂ ਸ਼ਹਿਰੀ ਸੋਚ ਹਾਵੀ ਰਹੀ।ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਇਹੀ ਰੁਝਾਨ ਬਣਿਆ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਲੇਬਰ ਪਾਰਟੀ ਲਈ ਪੇਂਡੂ ਇਲਾਕਿਆਂ ਵਿੱਚ ਆਪਣੀ ਪਕੜ ਮੁੜ ਬਣਾਉਣਾ ਮੁਸ਼ਕਲ ਹੋ ਸਕਦਾ ਹੈ। ਉਧਰ ਰੀਫਾਰਮ ਪਾਰਟੀ ਨੂੰ ਇਹ ਜਿੱਤ ਪਿੰਡਾਂ ਵਿੱਚ ਆਪਣਾ ਅਧਾਰ ਵਧਾਉਣ ਦਾ ਵੱਡਾ ਮੌਕਾ ਦਿੰਦੀ ਨਜ਼ਰ ਆ ਰਹੀ ਹੈ।ਕੁੱਲ ਮਿਲਾ ਕੇ ਇਹ ਉਪ-ਚੋਣਾਂ ਸਾਫ਼ ਸੰਦੇਸ਼ ਦੇ ਰਹੀਆਂ ਹਨ ਕਿ ਪੇਂਡੂ ਵੋਟਰ ਹੁਣ ਆਪਣੇ ਹੱਕਾਂ ਅਤੇ ਖੇਤੀ ਨਾਲ ਜੁੜੇ ਮਸਲਿਆਂ ਬਾਰੇ ਜ਼ਿਆਦਾ ਸਚੇਤ ਹੋ ਚੁੱਕੇ ਹਨ ਅਤੇ ਉਹ ਆਪਣੀ ਵੋਟ ਉਸ ਪਾਸੇ ਪਾਉਣਗੇ ਜੋ ਉਨ੍ਹਾਂ ਦੀ ਗੱਲ ਸੁਣੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


