(ਸਮਾਜ ਵੀਕਲੀ)-ਸਾਡੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਨੂੰ ਤਜ਼ਰਬੇ ਦੇ ਅਧਾਰ ‘ਤੇ ਮਾਨਤਾ ਦੇਵੇ ਸਰਕਾਰ : ਡਾ ਰਸ਼ਪਾਲ ਸਿੰਘ ਸੰਧੂ
ਫਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ) ਪੰਜਾਬ ਵਿੱਚ ਆਏ ਬਦਲਾਅ ਨੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਡੀਆਂ ਕਰ ਦਿੱਤੀਆਂ ਹਨ। ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਹੱਕ ਮੰਗਦੇ ਮਾਸਟਰਾਂ ਨਾਲ ਘਟੀਆ ਵਤੀਰਾ ਕੀਤਾ ਜਾਂਦਾ। ਉਹ ਧਰਨਿਆਂ ‘ਤੇ ਰੁੱਲ ਰਹੇ ਹਨ। ਸਰਕਾਰ ਵੱਡੇ ਵੱਡੇ ਫਲੈਕਸ ਲਗਾ ਕੇ ਝੂਠ ‘ਤੇ ਝੂਠ ਮਾਰ ਰਹੀ ਹੈ। ਜੇ ਤੁਸੀਂ ਕੰਮ ਕੀਤੇ ਹੋਣ ਤਾਂ ਅਖ਼ਬਾਰਾਂ ਵਿਚ ਇਸ਼ਤਿਹਾਰ ਜਾਂ ਸੜਕਾਂ ਉੱਪਰ ਫਲੈਕਸ ਲਗਾਉਣ ਦੀ ਲੋੜ ਨਾ ਪਵੇ। ਕੰਮ ਆਪੇ ਬੋਲ ਪੈਂਦੇ ਹਨ। ਲਿਖ ਕੇ ਨਹੀਂ ਦੱਸਣਾ ਪੈਂਦਾ ਕਿ ‘ਸਾਡਾ ਕੰਮ ਬੋਲਦਾ’।
ਜਿਹੜੇ ਪਾਸੇ ਨੂੰ ਮਰਜ਼ੀ ਨਿਗ੍ਹਾ ਮਾਰ ਲਓ, ਥਾਂ ਥਾਂ ਇਹੀ ਲਿਖਿਆ ‘ ਸਾਡਾ ਕੰਮ ਬੋਲਦਾ ‘_ ਸਾਡਾ ਕੰਮ ਬੋਲਦਾ । ਕ੍ਰਿਪਾ ਕਰਕੇ ਜ਼ਮੀਨੀ ਪੱਧਰ ‘ਤੇ ਕੰਮ ਕਰੋ ਸਰਕਾਰ ਜੀ। ਫਿਰ ਲੋਕ ਆਪੇ ਦੱਸਣਗੇ ਕਿ ਵਾਕਿਆ ਤੁਸੀਂ ਕੋਈ ਕੰਮ ਕੀਤਾ। ਇਸ ਤਰ੍ਹਾਂ ਇਹ ਹਾਸੀਆਂ ਖੇਡੀਆਂ ਵਾਲੀ ਸਰਕਾਰ ਵੱਜਣੀ ਸ਼ੁਰੂ ਹੋ ਜਾਵੇਗੀ। ਪੰਜਾਬ ਦੀ ਡੋਰ ਨੂੰ ਸੰਜੀਦਗੀ ਨਾਲ ਸੰਭਾਲੋ। ਹੁਣ ਕਮੇਡੀ ‘ਚੋਂ ਬਾਹਰ ਆਵੋ। ਦੇਖੋ ਕਿਸ ਤਰ੍ਹਾਂ ਵੱਖ- ਵੱਖ ਮਹਿਕਮਿਆਂ ਵਿਚ ਸੇਵਾਵਾਂ ਨਿਭਾਅ ਰਹੇ ਲੋਕ ਆਪਣੀਆਂ ਮੰਗਾਂ ਮਨਾਉਣ ਲਈ ਸੰਘਰਸ਼ ਕਰ ਰਹੇ ਹਨ। ਪਿੰਡਾਂ ਵਿਚ ਡਾਕਟਰੀ ਸੇਵਾਵਾਂ ਦੇਣ ਵਾਲੇ ਡਾਕਟਰ ਲੋਕਾਂ ਲਈ ਬਹੁਤ ਵੱਡਾ ਸਹਾਰਾ ਮੰਨੇ ਜਾਂਦੇ ਹਨ। ਉਹ ਵੀ ਤੂੰ ਅੱਖੋਂ ਪਰੋਖੇ ਕਰ ਰੱਖੇ ਹਨ। ਲਾਕਡਾਊਨ (ਕਰੋਨਾ ਕਾਲ) ਦੇ ਸਮੇਂ ਪਿੰਡਾਂ ਵਾਲੇ ਡਾਕਟਰਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ। ਉਸ ਸਮੇਂ ਜੋ ਸਹਿਯੋਗ ਆਰ. ਐਮ. ਪੀ. ਡਾਕਟਰਾਂ ਵੱਲੋਂ ਦਿੱਤਾ ਗਿਆ, ਉਹ ਬੇਹੱਦ ਕਾਬਿਲ- ਏ- ਤਾਰੀਫ਼ ਰਿਹਾ । ਸੋ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਸਾਹਿਬਾਨਾਂ ਨੂੰ ਅਪੀਲ ਹੈ ਕਿ ਜਲਦ ਧਿਆਨ ਦਿਓ ਅਤੇ ਡਾਕਟਰਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦਾ ਫੈਸਲਾ ਕਰੋ। ਨਿੱਤ ਦਿਨ ਧਰਨੇ ਤੇ ਮੀਟਿੰਗਾਂ ਕਰਕੇ ਰੋਣੇ ਰੋਏ ਜਾ ਰਹੇ ਹਨ। ਇਸੇ ਤਰ੍ਹਾਂ ਲਾਰਿਆਂ ਲੱਪਿਆਂ ਤੋਂ ਅੱਕੇ ਫਰੀਦਕੋਟ ਦੇ ਡਾਕਟਰਾਂ ਨੇ ਇਕ ਭਰਵੀਂ ਇਕੱਤਰਤਾ ਕੀਤੀ।
ਜ਼ਿਕਰਯੋਗ ਹੈ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਬਲਾਕ ਫਰੀਦਕੋਟ ਦੀ ਮੀਟਿੰਗ ਵਰਮਾ ਪੈਲੇਸ ਫਿਰੋਜ਼ਪੁਰ ਰੋਡ ਫਰੀਦਕੋਟ ਵਿਖੇ ਅੱਜ ਬਲਾਕ ਪ੍ਰਧਾਨ ਅਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਵਿੱਚ ਡਾ ਰਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਅਤੇ ਪੰਜਾਬ ਸਰਕਾਰ ‘ਤੇ ਵਰਦਿਆਂ ਡਾ ਸੰਧੂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਫਰੀਦਕੋਟ ਹਲਕੇ ਦੇ ਤਿੰਨੋਂ ਐੱਮ. ਐੱਲ. ਏ. ਇਹ ਕਹਿੰਦੇ ਨਹੀਂ ਥਕਦੇ ਸਨ ਕਿ ਇਹ ਪਿੰਡਾਂ ਵਾਲੇ ਡਾਕਟਰ ਗਰੀਬ ਲੋਕਾਂ ਦੇ ਮਸੀਹੇ ਹਨ ਪਰ ਚੋਣਾਂ ਜਿੱਤਣ ਤੋਂ ਬਾਅਦ ਡੇਢ ਸਾਲ ਬੀਤਣ ਦੇ ਬਾਵਜੂਦ ਸਾਡੇ ਹਕ਼ ਵਿੱਚ ਇੱਕ ਸ਼ਬਦ ਵੀ ਵਿਧਾਨ ਸਭਾ ਜਾਂ ਕਿਸੇ ਮੀਟਿੰਗ ਵਿੱਚ ਨਹੀਂ ਰੱਖਿਆ। ਇਹ ਵੀ ਪਿਛਲੀਆਂ ਸਰਕਾਰਾਂ ਵਾਂਗ ਲਾਰੇ ਲੱਪੇ ਵਾਲੀ ਨੀਤੀ ਨਾਲ ਕੰਮ ਚਲਾ ਰਹੇ ਹਨ ।
ਡਾ ਸੰਧੂ ਨੇ ਕਿਹਾ ਕਿ ਜਿਸ ਤਰਾਂ ਕਰੋਨਾ ਕਾਲ ਵਿੱਚ ਸਾਡੇ ਡਾਕਟਰਾਂ ਨੇ ਘਰ- ਘਰ ਜਾ ਕੇ ਗਰੀਬ ਲੋਕਾਂ ਦੀ ਸੇਵਾ ਕੀਤੀ, ਉਹ ਜੱਗ ਜ਼ਾਹਿਰ ਹੈ। ਉਸੇ ਤਰ੍ਹਾਂ ਹੁਣ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਜਾਨ ਜੋਖ਼ਮ ਵਿੱਚ ਪਾ ਕੇ ਸਾਡੇ ਡਾਕਟਰ ਮੈਡੀਕਲ ਕੈੰਪ ਲਾ ਕੇ ਲੋਕਾਂ ਦੀ ਫ੍ਰੀ ਸੇਵਾ ਕਰ ਰਹੇ ਹਨ । ਸੋ ਸਰਕਾਰ ਨੂੰ ਬੇਨਤੀ ਹੈ ਕਿ ਸਾਡੇ ਸਬਰ ਨੂੰ ਨਾ ਪਰਖਿਆ ਜਾਵੇ। ਸਗੋਂ ਸਾਨੂੰ ਕੋਈ 2 ਜਾਂ 3 ਮਹੀਨੇ ਦਾ ਰੈਫਰੇਸ਼ਮੈਂਟ ਕੋਰਸ ਦੇ ਕੇ ਪੰਜਾਬ ਵਿੱਚ ਮਾਨਤਾ ਦੇ ਕੇ ਗਰੀਬ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ । ਡਾ ਅਮ੍ਰਿਤਪਾਲ ਸਿੰਘ ਬਲਾਕ ਪ੍ਰਧਾਨ ਨੇ ਸਾਰੇ ਮੈਂਬਰਾਂ ਨੂੰ ਸਾਫ ਸੁਥਰੀ ਪ੍ਰੈਕਟਿਸ ਕਰਨ ਲਈ ਕਹਿੰਦਿਆਂ ਇਸੇ ਤਰ੍ਹਾਂ ਲੋਕਾਂ ਦੇ ਦੁੱਖ ਸੁੱਖ ਦੇ ਸਾਂਝੀ ਬਣਨ ਲਈ ਪ੍ਰੇਰਿਤ ਕੀਤਾ। ਅੱਜ ਦੀ ਮੀਟਿੰਗ ਵਿੱਚ ਤਕਰੀਬਨ 100 ਦੇ ਕਰੀਬ ਡਾਕਟਰ ਸਾਥੀ ਹਾਜ਼ਰ ਸਨ । ਇਹ ਜਾਣਕਾਰੀ ਪ੍ਰੈਸ ਸਕੱਤਰ ਡਾ ਯਸ਼ਪਾਲ ਗੁਲਾਟੀ ਨੇ ਪ੍ਰੈਸ ਨੂੰ ਜਾਰੀ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly