ਵਿਧਾਇਕਾਂ ਦੇ ਘਰਾਂ ਨੇੜੇ ਗਰਜੇ ਪੇਂਡੂ ਤੇ ਖੇਤ ਮਜ਼ਦੂਰ

ਫਰੀਦਕੋਟ, (ਸਮਾਜ ਵੀਕਲੀ): ਪੰਜਾਬ ਦੀਆਂ 7 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਬਣੇ ਸਾਂਝੇ ਮੋਰਚੇ ਦੇ ਸੱਦੇ ’ਤੇ ਇੱਥੇ ਵੱਡੀ ਗਿਣਤੀ ਮਜ਼ਦੂਰਾਂ ਨੇ ਸੱਭਿਆਚਾਰਕ ਕੇਂਦਰ ਵਿੱਚ ਇਕੱਠੇ ਹੋ ਕੇ ਰੈਲੀ ਕਰਨ ਮਗਰੋਂ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਘਰ ਵੱਲ ਰੋਸ ਮੁਜ਼ਾਹਰਾ ਕੀਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਜਿੱਥੇ ਬੇਰੁਜ਼ਗਾਰੀ ਨੂੰ ਹੋਰ ਵਧਾਇਆ ਹੈ, ਉੱਥੇ ਹੀ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦਾ ਰਿਕਾਰਡ ਨਾ ਹੋਣ ਦਾ ਬਹਾਨਾ ਲਾ ਕੇ ਮਜ਼ਦੂਰਾਂ ਨੂੰ ਕਰਜ਼ਾ ਮੁਆਫੀ ਤੋਂ ਪਾਸੇ ਕੀਤਾ ਹੈ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਤੇਜ ਸਿੰਘ ਹਰੀ ਨੌਂ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸਿਕੰਦਰ ਸਿੰਘ ਅਜਿੱਤ ਗਿੱਲ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੀ ਬਿਜਲੀ ਸਬਸਿਡੀ ’ਤੇ ਲਾਈ ਕਿਲੋਵਾਟ ਅਤੇ ਜਾਤ-ਧਰਮ ਦੀ ਸ਼ਰਤ ਖਤਮ ਕੀਤੀ ਜਾਵੇ।

ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਸਤਨਾਮ ਸਿੰਘ ਪੱਖੀ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਗੋਰਾ ਸਿੰਘ ਪਿੱਪਲੀ ਨੇ ਮੰਗ ਕੀਤੀ ਕਿ ਪੰਜਾਬ ਅੰਦਰ ਕੱਟੇ ਹੋਏ ਪਲਾਟਾਂ ’ਤੇ ਕਬਜ਼ੇ ਦਿੱਤੇ ਜਾਣ, ਬੇਘਰੇ ਅਤੇ ਲੋੜਵੰਦਾਂ ਨੂੰ 10-10 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ ਅਤੇ ਮਕਾਨ ਉਸਾਰੀ ਲਈ ਪੰਜ-ਪੰਜ ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇ। ਇਸ ਮੌਕੇ ਮਜ਼ਦੂਰਾਂ ਨੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਯਾਦ ਪੱਤਰ ਵੀ ਸੌਂਪਿਆ ਗਿਆ ਅਤੇ ਐਲਾਨ ਕੀਤਾ ਕਿ ਮਜ਼ਦੂਰ ਜਥੇਬੰਦੀਆਂ 9 ਅਗਸਤ ਤੋਂ ਪਟਿਆਲਾ ਵਿੱਚ ਲੱਗਣ ਵਾਲੇ ਮਜ਼ਦੂਰਾਂ ਦੇ ਤਿੰਨ ਰੋਜ਼ਾ ਮੋਰਚੇ ’ਚ ਹਿੱਸਾ ਲੈ ਕੇ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਪ੍ਰਚਾਰ ਕਰਨਗੀਆਂ।

ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਸੈਂਕੜੇ ਮਜ਼ਦੂਰਾਂ ਨੇ ਪਿੰਡ ਖੋਟੇ ਵਿੱਚ ਰੈਲੀ ਤੇ ਰੋਸ ਮਾਰਚ ਕਰ ਕੇ ਬਾਘਾ ਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ-ਪੱਤਰ ਭੇਜਿਆ। ਬਰਾੜ ਦੀ ਗ਼ੈਰ ਮੌਜੂਦਗੀ ਵਿੱਚ ਉਨ੍ਹਾਂ ਦੇ ਪੀਏ ਨੇ ਪੱਤਰ ਪ੍ਰਾਪਤ ਕੀਤਾ। ਮੇਜਰ ਸਿੰਘ ਕਾਲੇਕੇ, ਮਾਸਟਰ ਦਰਸ਼ਨ ਸਿੰਘ, ਹਰਮਨਦੀਪ ਸਿੰਘ, ਭਰਪੂਰ ਸਿੰਘ, ਸੂਬਾ ਸਿੰਘ, ਗਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਤੇ ਕਿਰਤ ਕਾਨੂੰਨਾਂ ’ਚ ਕੀਤੀਆਂ ਸੋਧਾਂ ਰੱਦ ਕਰਨ, ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਬਰਨਾਲਾ: ਕਿਸਾਨ ਮੋਰਚੇ ’ਚ ਕਿਸਾਨਾਂ ਨੂੰ ਸਿਆਸੀ ਨੇਤਾਵਾਂ ਦੀਆਂ ਚੋਣ ਫੇਰੀਆਂ ਤੋਂ ਸੁਚੇਤ ਰਹਿਣ ਦਾ ਸੱਦਾ
Next articleਆਪਣੇ ਖਰਚੇ ’ਤੇ ਸਕੂਲਾਂ ਨੂੰ ਹੋਰ ‘ਸਮਾਰਟ’ ਬਣਾਉਣਗੇ ਅਧਿਆਪਕ