ਭੰਤੇ ਚੰਦਰਕੀਰਤੀ ਜੀ ਦੇਣਗੇ ਧੱਮ-ਦੇਸਨਾ
ਜਲੰਧਰ (ਸਮਾਜ ਵੀਕਲੀ)- ਭਾਰਤ ਰਤਨ ਬਾਬਾ ਸਾਹਿਬ ਦਾ ਭੀਮ ਰਾਓ ਅੰਬੇਡਕਰ ਜੀ ਵੱਲੋਂ 14 ਅਕਤੂਬਰ 1956 ਨੂੰ ਨਾਗਪੁਰ ਤੋਂ ਅਰੰਭੀ ਸੱਭਿਆਚਾਰਕ ਧੱਮ ਕ੍ਰਾਂਤੀ ਦੀ ਮਸ਼ਾਲ ਨੂੰ ਮਘਦੀ ਰੱਖਣ ਤਹਿਤ ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਵੱਲੋਂ 14 ਅਕਤੂਬਰ ਦਿਨ ਵੀਰਵਾਰ ਨੂੰ ‘ਧੱਮ-ਚੱਕਰ ਪਰਿਵਰਤਨ ਦਿਵਸ’ ਸਮਾਗਮ ਸੰਬੰਧੀ ਸੂਬਾ ਪ੍ਰਧਾਨ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਸੋਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ ਵਿਖੇ ਹੋਈ. ਮੀਟਿੰਗ ਵਿਚ ਧੱਮ ਚੱਕਰ ਪਰਿਵਰਤਨ ਦਿਵਸ ਸਮਾਗਮ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ.
ਇਸ ਬਾਰੇ ਜਾਣਕਾਰੀ ਦਿੰਦਿਆਂ ਸੋਸਾਇਟੀ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਜੋਰਾਂ-ਸ਼ੋਰਾਂ ‘ਚ ਚੱਲ ਰਹੀਆਂ ਹਨ. ਉਨ੍ਹਾਂ ਨੇ ਦੱਸਿਆ ਕਿ ਸਮਾਗਮ ਦਾ ਆਰੰਭ ਪੰਚਸ਼ੀਲ ਦਾ ਝੰਡਾ ਲਹਿਰਾਉਣ ਨਾਲ ਕੀਤਾ ਜਾਵੇਗਾ. ਇਸ ਮੌਕੇ ਬੋਧੀ ਵਿਦਵਾਨ ਸ਼੍ਰੀ ਐਚ ਐੱਲ ਵਿਰਦੀ, ਇੰਟਰਨੈਸ਼ਨਲ ਕੋਆਰਡੀਨੇਟਰ, ਫੇਡਰੇਸ਼ਨ ਆਫ ਅੰਬੇਡਕਰਾਈਟ ਐਂਡ ਬੁੱਧਿਸਟ ਓਰਗੇਨਾਈਜ਼ੇਸ਼ਨਸ (ਫੈਬੋ) ਯੂ.ਕੇ. ਮੁਖ ਮਹਿਮਾਨ ਹੋਣਗੇ ਅਤੇ ਭੰਤੇ ਚੰਦਰਕੀਰਤੀ, ਬੁੱਧਵਿਹਾਰ ਤਰਖਾਣ ਮਜਾਰਾ (ਫਿਲੌਰ) ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਕੇ ਧੱਮ-ਦੇਸਨਾ ਦੇਣਗੇ. ਉੱਘੇ ਅੰਬੇਡਕਰਵਾਦੀ, ਲੇਖਕ ਤੇ ਚਿੰਤਕ ਲਾਹੌਰੀ ਰਾਮ ਬਾਲੀ, ਸੰਪਾਦਕ ਭੀਮ ਪਤ੍ਰਿਕਾ ਮੁਖ ਬੁਲਾਰੇ ਹੋਣਗੇ ਅਤੇ ਜਗਤਾਰ ਵਰਿਆਣਵੀ ਐਂਡ ਪਾਰਟੀ ਮਿਸ਼ਨਰੀ ਗੀਤ ਪੇਸ਼ ਕਰਨਗੇ. ਸਮਾਗਮ ਤੇ ਬੁੱਕ ਸਟਾਲ ਵੀ ਲੱਗਣਗੇ. ਇਸ ਮੌਕੇ ਡਾ. ਰਵੀ ਕਾਂਤ ਪਾਲ, ਲਾਹੌਰੀ ਰਾਮ ਬਾਲੀ, ਬਲਦੇਵ ਰਾਜ ਭਾਰਦਵਾਜ, ਐਡਵੋਕੇਟ ਕੁਲਦੀਪ ਭੱਟੀ, ਹਰਭਜਨ ਨਿਮਤਾ, ਨਿਰਮਲ ਬਿਨਜੀ ਤੇ ਹੋਰ ਹਾਜਰ ਸਨ.
ਬਲਦੇਵ ਰਾਜ ਭਾਰਦਵਾਜ,
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.)