ਘੁੰਮ ਚਰਖੜਿਆ ਘੁੰਮ, ਤੇਰੀ ਕੱਤਣ ਵਾਲੀ ਜੀਵੇ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਪਰ ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ‘ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ।
ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ।

ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ”ਇਹ ਤਾਂ ਉਨਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ।” ਅਸਲ ਵਿੱਚ ਇਹ ਸਭ ਕੁੱਝ ਉਨਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ। ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ। ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ ‘ਤੇ ਪਹਿਲਾਂ ਪੁੱਜਦੇ ਹਾਂ, ਤੁਰਦੇ ਬਾਅਦ ਵਿੱਚ ਹਾਂ। ਇਸੇ ਕਰਕੇ ਅਸੀਂ ਅਸਫਲ ਹੁੰਦੇ ਹਾਂ।

ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ ‘ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ , ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ। ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਹਨ।mਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ।

ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨਾਂ ਦਾ ਅਧਿਆਪਕ ਤਾਂ ਉਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨਾਂ ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ। ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ।

ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ। ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋਂ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ।

ਸ਼ੋਹਰਤ ਦੀ ਹਨੇਰੀ ਜੜਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਪਰਵਾਸ ਨਹੀਂ -ਢਿੱਡ ਪਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ। ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿ ਇਨਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਨਹੀਂ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜਹੀਣ, ਰੁਜ਼ਗਾਰਹੀਣ ਦਿਸ਼ਾਹੀਣ..ਇਸੇ ਕਰਕੇ ਹੋਏ ਹਾਂ, ਕਿ ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਦੇ ਹਾਂ।

ਲਿਖਣਾ ਕੋਈ ਔਖਾ ਕੰਮ ਨਹੀਂ, ਪਰ ਸੁਨਣਾ, ਪੜਨਾ, ਅਧਿਐਨ ਤੇ ਅਭਿਆਸ ਕਰਨਾ ਬੜਾ ਕੁੱਝ ਸਿਖਾ ਦਿੰਦਾ ਹੈ। ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ। ਬੋਲਣਾ ਤਾਂ ਮਾੜਾ ਨਹੀਂ-ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਗੇੜੇ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲੀਆਂ ਅੱਖਾਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ ਦਰੁਸਤ ਨਹੀਂ ਹੁੰਦਾ।
ਰਸੂਲ ਹਮਜ਼ਾਤੋਵ-ਮੇਰਾ ਦਾਗਸਿਤਾਨ ਵਿੱਚ… ਲਿਖਦਾ ਹੈ ਕਿ:-

ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ
ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ!

ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ – ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ। ਇਹ ਤਾਂ ਇਹੋ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ, ਪੜਦੇ ਘੱਟ ਹਾਂ। ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ।

ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋਨ਼ ਵਾਸਤੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ। ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾ ਉਤੇ ਹਨੇਰ ਹੀ ਬੀਜਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ ਹੈ।

ਕੋਈ ਸ਼ਬਦ ਕੰਮ, ਔਖਾ ਨਹੀਂ ਹੁੰਦਾ , ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਆਓ ਆਪਾਂ ਵੀ ਧਰਤੀ ਵਾਂਗ ਘੁੰਮੀਏ ਤਾਂ ਸੂਰਜ ਵਾਂਗ ਰੋਸ਼ਨੀ ਵੰਡੀਏ। ਅੈਵੇ ਹੀ ਨਾ ਕਿਸੇ ਨੂੰ ਭੰਡੀਏ!
ਆਓ ਪਿਆਰ ਲਈਏ ਤੇ ਪਿਆਰ ਵੰਡੀ ਏ!

 

ਬੁੱਧ ਸਿੰਘ ਨੀਲੋਂ
94643-70823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੰਜ ਪਾਣੀਆਂ ਦੇ ਪੰਜਾਬ ਵਿਚ ਪਾਣੀ ਦੇ ਪੱਧਰ ਦਾ ਘਟ ਜਾਣ ਦਾ ਕੱਚ ਤੇ ਸੱਚ
Next articleRelease ex-Punjab DGP Saini: High Court