



ਅਮਰੀਕਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲਾ ਜੋ ਭਾਰਤ ਦੀ ਹਾਕੀ ਰਾਜਧਾਨੀ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਖੇ 24 ਨਵੰਬਰ ਤੋਂ 5ਦਸੰਬਰ ਤਕ ਹੋ ਰਿਹਾ ਹੈ। ਵਿਸ਼ਵ ਕੱਪ ਹਾਕੀ ਲਈ ਦੁਨੀਆਂ ਦੀਆਂ 16 ਦਿੱਗਜ ਟੀਮਾਂ ਹਿੱਸਾ ਲੈ ਰਹੀਆਂ ਹਨ । ਜੂਨੀਅਰ ਵਿਸ਼ਵ ਕੱਪ ਹਾਕੀ ਚੁਣੀਆਂ ਗਈਆਂ ਅਮਰੀਕਾ ਅਤੇ ਕੈਨੇਡਾ ਦੀਆਂ ਟੀਮਾਂ ਵਿੱਚ ਪੰਜਾਬੀ ਖਿਡਾਰੀ ਦੀ ਬੱਲੇ ਬੱਲੇ ਹੋਈ ਹੈ। ਕੈਨੇਡਾ ਦੀ ਚੁਣੀ ਗਈ 16 ਮੈਬਰੀ ਕੌਮੀ ਹਾਕੀ ਟੀਮ ਲਈ 8 ਪੰਜਾਬੀ ਖਿਡਾਰੀ ਚੁਣੇ ਗਏ ਹਨ। ਜਦਕਿ ਅਮਰੀਕਾ ਦੀ ਚੁਣੀ ਗਈ ਟੀਮ ਲਈ 5 ਪੰਜਾਬੀ ਖਿਡਾਰੀਆਂ ਦੀ ਚੋਣ ਹੋਈ ਹੈ।
ਜੂਨੀਅਰ ਵਿਸ਼ਵ ਕੱਪ ਹਾਕੀ ਲਈ ਜੋ ਕੈਨੇਡਾ ਦੀ 16 ਮੈਂਬਰੀ ਟੀਮ ਚੁਣੀ ਗਈ ਹੈ ਉਸ ਵਿਚ ਪੰਜਾਬੀ ਖਿਡਾਰੀਆਂ ਵਿੱਚ ਮਨਵੀਰ ਸਿੰਘ ਝੱਮਟ ਵੈਨਕੂਵਰ, ਅਭਿਜੋਤ ਸਿੰਘ ਬੁੱਟਰ ਬੀਸੀ ,ਨਮਨ ਸ਼ਰਮਾ ਬੀਸੀ, ਤਨਵੀਰ ਸਿੰਘ ਕੰਗ ਅਲਬਰਟਾ ,ਭਵਦੀਪ ਸਿੰਘ ਧਾਲੀਵਾਲ ਬੀਸੀ ,ਗੰਗਾ ਸਿੰਘ ਜੂਨੀਅਰ ਓਂਟਾਰੀਓ ,ਜੋਤ ਸਿੱਧੂ ਬੀਸੀ, ਰੂਪ ਕੰਵਰ ਸਿੰਘ ਢਿੱਲੋਂ ਚੁਣੇ ਗਏ ਹਨ ਜਦ ਕਿ ਮਨਕੀਰਤ ਰਾਏ ਉਂਟਾਰੀਓ ਨੂੰ ਰਾਖਵੇਂ ਖਿਡਾਰੀਆਂ ਵਿੱਚ ਰੱਖਿਆ ਗਿਆ ਹੈ ਇਸ ਤੋਂ ਇਲਾਵਾ ਕੈਨੇਡਾ ਟੀਮ ਦੇ ਕੋਚ ਵੀ ਇੰਡੀ ਸੈਂਹਬੀ ਵੀ ਪੰਜਾਬੀ ਹੀ ਹਨ ।
ਇਸ ਤੋਂ ਇਲਾਵਾ ਅਮਰੀਕਾ ਦੀ ਜੋ ਵਿਸ਼ਵ ਕੱਪ ਹਾਕੀ ਵਾਸਤੇ ਟੀਮ ਚੁਣੀ ਗਈ ਹੈ। ਉਸ ਵਾਸਤੇ ਮਹਿਤਾਬ ਸਿੰਘ ਗਰੇਵਾਲ ਕੈਲੇਫੋਰਨੀਆ ,ਗੁਰਚਰਨ ਸਿੰਘ ਜੌਹਲ ਫੀਨਿਕਸ ,ਅਮਰਿੰਦਰਪਾਲ ਸਿੰਘ ਕੈਲੇਫੋਰਨੀਆਂ ,ਜਤਿਨ ਸ਼ਰਮਾ ਸਨਫਰਾਂਸਿਸਕੋ, ਸੋਮਿਕ ਚੱਕਰਵਰਤੀ ਵਾਸ਼ਿੰਗਟਨ ਚੁਣੇ ਗਏ ਹਨ ਇਸ ਤੋਂ ਇਲਾਵਾ ਰਾਖਵੇਂ ਖਿਡਾਰੀਆਂ ਵਿੱਚ ਅਮਰ ਸਿੰਘ ਕੈਲੇਫੋਰਨੀਆ, ਸਿਵਨ ਪਟੇਲ ਕੈਲੀਫੋਰਨੀਆ ਚੁਣੇ ਗਏ ਹਨ । ਯਾਦ ਰਹੇ ਅਮਰੀਕਾ ਜੋ 2028 ਓਲੰਪਿਕ ਖੇਡਾਂ ਜੋ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਨੂੰ ਅਲਾਟ ਹੋਈਆਂ ਹਨ ਨੂੰ ਮੁੱਖ ਰੱਖ ਕੇ ਹਾਕੀ ਟੀਮ ਤਿਆਰ ਕਰ ਰਿਹਾ ਹੈ। ਜਿਸ ਵਾਸਤੇ ਉਨ੍ਹਾਂ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਹਰਿੰਦਰ ਸਿੰਘ ਨੂੰ ਟੀਮ ਦੀ ਕੋਚਿੰਗ ਦਾ ਜ਼ਿੰਮਾ ਦਿੱਤਾ ਹੈ । ਅਮਰੀਕਾ ਅਤੇ ਕੈਨੇਡਾ ਦੀਆਂ ਹਾਕੀ ਟੀਮਾਂ ਨੂੰ ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਵਾਈਲਡ ਕਾਰਡ ਰਾਹੀਂ ਐਂਟਰੀ ਮਿਲੀ ਹੈ ਕਿਉਂਕਿ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਨੇ ਕੋਰੋਨਾ ਮਾਹਾਂਮਾਰੀ ਕਾਰਨ ਵਿੱਚ ਵਿਸ਼ਵ ਕੱਪ ਹਾਕੀ ਵਿੱਚ ਭਾਗ ਲੈਣ ਤੋਂ ਅਸਮਰੱਥਾ ਪ੍ਰਗਟਾਈ ਸੀ। ਜੂਨੀਅਰ ਵਿਸ਼ਵ ਕੱਪ ਹਾਕੀ ਵਿੱਚ ਕੈਨੇਡਾ ਦੀ ਟੀਮ ਨੂੰ ਭਾਰਤ ਵਾਲੇ ਪੂਲ ਬੀ ਵਿੱਚ ਰੱਖਿਆ ਗਿਆ ਹੈ।
ਕੈਨੇਡਾ ਤੋਂ ਇਲਾਵਾ ਫਰਾਂਸ ਅਤੇ ਪੋਲੈਂਡ ਦੀਆਂ ਟੀਮਾਂ ਇਸ ਪੂਲ ਵਿੱਚ ਖੇਡਣਗੀਆਂ। ਕੈਨੇਡਾ ਦੀ ਟੀਮ ਆਪਣਾ ਪਹਿਲਾ ਮੈਚ 24 ਨਵੰਬਰ ਨੂੰ ਪੋਲੈਂਡ ਦੇ ਨਾਲ ਜਦਕਿ ਦੂਜਾ ਮੈਚ 25 ਨਵੰਬਰ ਨੂੰ ਭਾਰਤ ਨਾਲ ਅਤੇ ਪੂਲ ਦਾ ਆਖ਼ਰੀ ਮੈਚ 27 ਨਵੰਬਰ ਨੂੰ ਫਰਾਂਸ ਦੇ ਨਾਲ ਖੇਡੇਗੀ । ਇਸ ਤੋਂ ਇਲਾਵਾ ਅਮਰੀਕਾ ਦੀ ਟੀਮ ਨੂੰ ਪੂਲ ਸੀ ਵਿੱਚ ਰੱਖਿਆ ਗਿਆ ਹੈ । ਪੂਲ ਸੀ ਵਿੱਚ ਅਮਰੀਕਾ ਤੋਂ ਇਲਾਵਾ ਹਾਲੈਂਡ ਕੋਰੀਆ ਅਤੇ ਸਪੇਨ ਦੀਆਂ ਟੀਮਾਂ ਹਨ। ਅਮਰੀਕਾ ਦਾ ਪਹਿਲਾ ਮੁਕਾਬਲਾ 25 ਨਵੰਬਰ ਨੂੰ ਸਪੇਨ ਦੇ ਨਾਲ ਜਦਕਿ ਦੂਸਰਾ ਮੁਕਾਬਲਾ 26 ਨਵੰਬਰ ਨੂੰ ਕੋਰੀਆ ਦੇ ਨਾਲ ਜਦਕਿ ਆਖ਼ਰੀ ਮੁਕਾਬਲਾ 28 ਨਵੰਬਰ ਨੂੰ ਹਾਲੈਂਡ ਦੇ ਵਿਰੁੱਧ ਖੇਡਿਆ ਜਾਵੇਗਾ । ਹਰ ਪੂਲ ਵਿਚੋਂ ਦੋ ਸਰਵੋਤਮ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ ।
ਜੇਕਰ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਕੁਆਰਟਰ ਫਾਈਨਲ ਲਈ ਕੁਆਲੀਫਾਈ ਕਰ ਜਾਂਦੀਆਂ ਹਨ ਤਾਂ ਕਿਸੇ ਕ੍ਰਿਸ਼ਮੇ ਤੋਂ ਨਹੀਂ ਹੋਵੇਗਾ। ਇਸਦੇ ਨਾਲ ਹੀ ਪੰਜਾਬੀ ਖਿਡਾਰੀਆਂ ਖਾਸ ਕਰਕੇ ਸਿੱਖ ਖਿਡਾਰੀਆਂ ਦੀ ਚੜ੍ਹਤ ਪੂਰੀ ਦੁਨੀਆਂ ਵਿੱਚ ਮੱਚੇਗੀ । 1973 ਵਿਸ਼ਵ ਕੱਪ ਹਾਕੀ ਐਮਸਟਰਡਮ ਹਾਲੈਂਡ ਵਿੱਚ 32 ਸਿੱਖ ਖਿਡਾਰੀ ਜੂੜਿਆਂ ਵਾਲੇ ਵੱਖ ਵੱਖ ਮੁਲਕਾਂ ਦੀਆਂ ਟੀਮਾਂ ਵੱਲੋਂ ਖੇਡੇ ਸਨ ਜਦ ਕਿ 1972 ਮਿਊਨਿਖ ਓਲੰਪਿਕ ਖੇਡਾਂ ਵਿੱਚ 30 ਜੂੜਿਆਂ ਵਾਲੇ ਖਿਡਾਰੀ ਖੇਡੇ ਸਨ । ਇਸ ਵਾਰ ਅਜੇ ਭਾਰਤ ਅਤੇ ਮਲੇਸ਼ੀਆ ਵਰਗੀਆਂ ਟੀਮਾਂ ਦੀ ਚੋਣ ਬਾਕੀ ਹੈ ਜਿਸ ਵਿੱਚ ਪੰਜਾਬੀਆਂ ਦੀ ਭਰਮਾਰ ਹੋ ਸਕਦੀ ਹੈ। ਪੰਜਾਬੀ ਖਿਡਾਰੀਆਂ ਦਾ ਹਾਕੀ ਵਿੱਚ ਹੋਰ ਕੀਰਤੀਮਾਨ ਬਣ ਸਕਦਾ ਹੈ । ਗੁਰੂ ਭਲੀ ਕਰੇ, ਰੱਬ ਰਾਖਾ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly