ਕਿਸਾਨੀ ਅੰਦੋਲਨ ਬਨਾਮ ਸਰਕਾਰ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਅੰਨਦਾਤੇ ਦਾ ਜੀਵਨ ਸਦੀਵ ਕਾਲ ਤੋਂ ਹੀ ਇੱਕ ਸੰਘਰਸ਼ਮਈ ਜੀਵਨ ਰਿਹਾ ਹੈ।ਕਦੇ ਇਸ ਨੂੰ ਕੁਦਰਤ ਦੀਆਂ ਆਫਤਾਂ ਨਾਲ ਨਜਿੱਠਣਾ ਪੈਂਦਾ ਹੈ ਤੇ ਕਦੇ ਆਪਣੀ ਫ਼ਸਲ ਦਾ ਵਾਜਿਬ ਮੁੱਲ ਲੈਣ ਲਈ ਸਰਕਾਰਾਂ ਨਾਲ ਟੱਕਰ ਲੈਣੀ ਪੈਂਦੀ ਹੈ। ਕਰੋਨਾ ਕਾਲ ਦਾ ਸਹਾਰਾ ਲੈਂਦਿਆਂ ਅਜੋਕੀ ਸਰਕਾਰ ਨੇ ਬੜੀ ਚਲਾਕੀ ਨਾਲ ਕਿਸਾਨ ਅਤੇ ਖੇਤੀ ਵਿਰੋਧੀ ਤਿੰਨ ਕਾਲ਼ੇ ਕਾਨੂੰਨ ਪਾਸ ਕਰ ਕੇ ਕਿਰਸਾਨੀ ਵਣਜ ਅਤੇ ਹੱਕਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ। ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋਣ ਵਾਲਾ ਅੰਨਦਾਤਾ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ ਗਿਆ। ਆਪਣੇ ਹੱਕਾਂ ਲਈ ਕਿਸਾਨਾਂ ਵੱਲੋਂ ਇੱਕ ਹੋਰ ਇਤਿਹਾਸਕ ਸੰਘਰਸ਼ ਸ਼ੁਰੂ ਹੋਇਆ। ਸਰਕਾਰ ਨਾਲ ਕਿਸਾਨ ਆਗੂਆਂ ਦੀਆਂ ਸਾਰੀਆਂ ਮੀਟਿੰਗਾਂ ਬੇਸਿੱਟਾ ਰਹੀਆਂ। ਸਾਡੇ ਦੇਸ਼ ਦੇ ਲੋਕਾਂ ਦੀ ਬਦਨਸੀਬੀ ਇਹ ਹੈ ਕਿ ਲੋਕਤੰਤਰਿਕ ਦੇਸ਼ ਵਿੱਚ ਵਿਚਰਦੇ ਹੋਏ ਅਸੀਂ ਆਪਣੇ ਜਮਹੂਰੀ ਹੱਕਾਂ ਤੋਂ ਸੱਖਣੇ ਹੋ ਜਾਂਦੇ ਹਾਂ। ਸਾਡੀਆਂ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ।

ਕਿਸਾਨੀ ਮੋਰਚਾ ਲੱਗੇ ਹੋਏ ਲਗਭਗ ਇੱਕ ਸਾਲ ਹੋ ਚੁੱਕਿਆ ਹੈ। ਅੱਜ ਤੱਕ ਬਹੁਤ ਸਫ਼ਲਤਾ ਪੂਰਵਕ ਚੱਲ ਰਿਹਾ ਹੈ ਇਸ ਲਈ ਹੁਣ ਇਹ ਦੇਸ਼ ਦੀ ਸੱਤਾਧਾਰੀ ਪਾਰਟੀ ਲਈ ਗਲ਼ੇ ਦੀ ਹੱਡੀ ਬਣ ਚੁੱਕਿਆ ਹੈ ਕਿਉਂਕਿ ਐਨਾ ਵੱਡਾ ਮੋਰਚਾ ਐਨੇ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ। ਹੁਣ ਕਿਸਾਨ ਵਿਰੋਧੀ ਤਾਕਤਾਂ (ਕੇਂਦਰ ਸਰਕਾਰ)ਦਾ ਮਨੋਰਥ ਸਿਰਫ਼ ਤੇ ਸਿਰਫ਼ ਇਸ ਮੋਰਚੇ ਨੂੰ ਬਦਨਾਮ ਕਰਕੇ ਫੇਲ੍ਹ ਕਰਨਾ ਹੈ। ਇਸ ਲਈ ਉਹ ਹਰ ਹੱਥਕੰਡਾ ਅਪਣਾ ਕੇ ਮੋਰਚੇ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਇਹਨਾਂ ਤਾਕਤਾਂ ਨੇ ਮੋਰਚੇ ਨੂੰ ਪਹਿਲਾਂ ਸਿਰਫ਼ ਸਿੱਖ ਕੌਮ ਨਾਲ ਜੋੜ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਦੇਸ਼ ਭਰ ਦੇ ਕਿਸਾਨਾਂ ਨੇ ਚਾਰੇ ਪਾਸਿਓਂ ਦਿੱਲੀ ਘੇਰ ਕੇ,ਇਸ ਅੰਦੋਲਨ ਦਾ ਹਿੱਸਾ ਬਣ ਕੇ ਸਾਬਿਤ ਕਰ ਦਿੱਤਾ ਕਿ ਇਹ ਸਿਰਫ਼ ਇੱਕ ਕੌਮੀ ਮੋਰਚਾ ਨਹੀਂ ਹੈ ਬਲਕਿ ਦੇਸ਼ ਭਰ ਦੇ ਕਿਸਾਨਾਂ ਦਾ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਲਗਾਇਆ ਗਿਆ ਮੋਰਚਾ ਹੈ। ਸਿੱਖ ਕੌਮ ਨੇ ਦੇਸ਼ ਭਰ ਦੇ ਕਿਸਾਨਾਂ ਲਈ ਪ੍ਰੇਰਨਾ-ਸਰੋਤ ਬਣ ਕੇ ਉਹਨਾਂ ਅੰਦਰ ਕਾਲੇ ਕਾਨੂੰਨਾਂ ਖਿਲਾਫ਼ ਲੜਨ ਦੀ ਤਾਕਤ ਭਰ ਦਿੱਤੀ।

ਵਿਸ਼ਵ ਭਰ ਵਿੱਚ ਕਿਸਾਨਾਂ ਦੇ ਮੋਰਚੇ ਨੂੰ ਲੈਕੇ ਸਰਕਾਰ ਨੇ ਰੱਜ ਕੇ ਬਦਨਾਮੀ ਖੱਟੀ ਹੈ। ਸੰਸਾਰ ਭਰ ਵਿੱਚੋਂ ਕਿਸਾਨਾਂ ਦੀ ਹਿਮਾਇਤ ਵਿੱਚ ਮੰਨੀਆਂ-ਪ੍ਰਮੰਨੀਆਂ ਉੱਘੀਆਂ ਹਸਤੀਆਂ ਦੇ ਟਵੀਟ ਆਉਣ ਲੱਗੇ । ਪਰ ਸਰਕਾਰ ਨੂੰ ਹਜ਼ਮ ਕਿੱਥੇ ਆਉਣਾ ਸੀ? ਕਿਸਾਨਾਂ ਦੁਆਰਾ ਘੋਸ਼ਿਤ ਛੱਬੀ ਜਨਵਰੀ ਨੂੰ ਰੋਸ ਵਜੋਂ ਟਰੈਕਟਰ ਮਾਰਚ ਕੱਢਿਆ ਗਿਆ। ਇਸ ਨੂੰ ਬਦਨਾਮ ਕਰਕੇ ਧਰਨਾ ਫੇਲ੍ਹ ਕਰਨ ਦੀਆਂ ਸਰਕਾਰ ਦੀਆਂ ਸਾਰੀਆਂ ਚਾਲਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਉਸ ਤੋਂ ਦੋ ਦਿਨ ਬਾਅਦ ਸਿੰਘੂ ਅਤੇ ਟਿਕਰੀ ਬਾਰਡਰਾਂ ਤੇ ਸੱਤਾਧਾਰੀਆਂ ਵੱਲੋਂ ਆਪਣੇ ਗੁੰਡਿਆਂ ਤੋਂ ਗੁੰਡਾਗਰਦੀ ਕਰਵਾਉਣਾ ਅਤੇ ਅਨੇਕਾਂ ਹੋਰ ਛੋਟੀਆਂ ਮੋਟੀਆਂ ਘਟਨਾਵਾਂ ਕਰਵਾ ਕੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ ।

ਇਹ ਅੰਦੋਲਨ ਦੁਨੀਆ ਦਾ ਸਭ ਤੋਂ ਵੱਡਾ ਅਤੇ ਸ਼ਾਂਤੀਪੂਰਵਕ ਚੱਲਣ ਵਾਲਾ ਅੰਦੋਲਨ ਹੋਣ ਕਰਕੇ ਦੁਨੀਆ ਭਰ ਦੀਆਂ ਵੱਡੀਆਂ ਤਾਕਤਾਂ ਦੀ ਨਜ਼ਰ ਇਸ ਉੱਪਰ ਟਿਕੀ ਹੋਈ ਹੈ। ਸੰਘਰਸ਼ ਦੇ ਸ਼ੁਰੂ ਤੋਂ ਹੀ ਵਿਦੇਸ਼ੀ ਅਖਬਾਰਾਂ, ਰੇਡੀਓ ਅਤੇ ਟੀਵੀ ਚੈਨਲਾਂ ਤੇ ਕਿਸਾਨ ਸੰਘਰਸ਼ ਨਾਲ ਜੁੜੀਆਂ ਖਬਰਾਂ ਪ੍ਰਕਾਸ਼ਿਤ ਹੋ ਰਹੀਆਂ ਹਨ। ਵਿਦੇਸ਼ਾਂ ਵਿੱਚ ਵਸਦੇ ਭਾਰਤੀ ਕਿਸਾਨ ਮੋਰਚੇ ਦਾ ਹਰ ਤਰ੍ਹਾਂ ਨਾਲ ਸਾਥ ਦੇ ਰਹੇ ਹਨ।ਸਰਕਾਰ ਦੀ ਬਦਨੀਅਤੀ ਉਸ ਸਮੇਂ ਵੀ ਨੰਗੀ ਹੋਈ ਜਦ ਕਿਸਾਨਾਂ ਖ਼ਿਲਾਫ਼ ਗੋਦੀ ਮੀਡੀਆ ਨੇ ਭੰਡੀ ਪ੍ਰਚਾਰ ਸ਼ੁਰੂ ਕੀਤਾ । ਕਿਸਾਨੀ ਮੋਰਚੇ ਵਿੱਚ ਸ਼ਾਮਲ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਮੋਰਚੇ ਵਾਲੀ ਥਾਂ ਤੋਂ ਭਜਾਇਆ ਅਤੇ ਬਾਈਕਾਟ ਕਰਕੇ ਮੂੰਹ ਤੋੜਵਾਂ ਜਵਾਬ ਦਿੱਤਾ।

ਭਾਰਤੀ ਹਕੂਮਤ ਕਿਸਾਨਾਂ ਦੇ ਸਬਰ ਦਾ ਹਰ ਤਰੀਕੇ ਨਾਲ ਇਮਤਿਹਾਨ ਲੈ ਰਹੀ ਹੈ। ਲਖੀਮਪੁਰ ਖੀਰੀ ਦੀ ਘਟਨਾ ਨਾਲ ਸਭ ਦੇ ਹਿਰਦੇ ਵਲੂੰਧਰੇ ਗਏ। ਦੇਸ਼ ਦੀ ਸੱਤਾਧਾਰੀ ਧਿਰ ਨਾਲ ਸਬੰਧਤ ਉਸ ਰਾਜ ਦੀ ਸਰਕਾਰ ਆਤੰਕਵਾਦੀ ਹੋ ਨਿਬੜੀ ਜਿਸ ਦੇ ਗ੍ਰਹਿ ਮੰਤਰੀ ਦੇ ਪੁੱਤਰ ਨੇ ਗਿਣੀ ਮਿਥੀ ਸਾਜ਼ਿਸ਼ ਤਹਿਤ ਭੋਲ਼ੇ ਭਾਲ਼ੇ ,ਮਾਸੂਮ, ਸ਼ਾਂਤੀਪੂਰਵਕ ਮਾਰਚ ਕਰ ਰਹੇ ਕਿਸਾਨਾਂ ਨੂੰ ਆਪਣੀ ਗੱਡੀ ਨਾਲ ਕੀੜਿਆਂ-ਮਕੌੜਿਆਂ ਵਾਂਗ ਕੁਚਲ ਦਿੱਤਾ ਅਤੇ ਭਾੜੇ ਤੇ ਲਿਆਂਦੇ ਸ਼ੂਟਰਾਂ ਤੋਂ ਫਾਈਰਿੰਗ ਕਰਵਾਈ। ਹਜੇ ਉਸ ਘਟਨਾ ਦਾ ਦਰਦ ਥੋੜ੍ਹਾ ਜਿਹਾ ਵੀ ਘੱਟ ਨਹੀਂ ਸੀ ਹੋਇਆ ਕਿ ਇੱਕ ਹੋਰ ਘਟਨਾ ਵਾਪਰਦੀ ਹੈ । ਮਤਲਬ ਕਿ ਸਰਕਾਰ ਕਿਸਾਨਾਂ ਅਤੇ ਮੋਰਚੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ।

ਕਿਸਾਨ ਜਥੇਬੰਦੀਆਂ ਵੱਲੋਂ ਦੁਸਹਿਰੇ ਦੇ ਅਗਲੇ ਦਿਨ ਸੱਤਾਧਾਰੀ ਹਾਕਮਾਂ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ। ਠੀਕ ਉਸੇ ਸਵੇਰ ਨਿਹੰਗ ਸਿੰਘਾਂ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲਖਬੀਰ ਸਿੰਘ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਨ ਦੀ ਦਰਦਨਾਕ ਘਟਨਾ ਵਾਪਰਦੀ ਹੈ। ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨਿਹੰਗ ਸਿੰਘ ਦੀਆਂ ਕਈ ਮਹੀਨੇ ਪਹਿਲਾਂ ਕੇਂਦਰੀ ਮੰਤਰੀਆਂ ਨਾਲ ਮੀਟਿੰਗਾਂ ਅਤੇ ਸਾਂਝੇ ਖਾਣਿਆਂ ਦੀਆਂ ਤਸਵੀਰਾਂ ਰਾਤੋ-ਰਾਤ ਵਾਇਰਲ ਹੋ ਗਈਆਂ। ਇਸ ਪਿੱਛੇ ਕਿਹੜੀ ਤਾਕਤ ਕੰਮ ਕਰਦੀ ਹੈ? ਇਹ ਸਭ ਸਪਸ਼ਟ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਦਾ ਧਿਆਨ ਪੁਤਲੇ ਫੂਕਣ ਤੋਂ ਹਟ ਕੇ ਓਧਰ ਲੱਗ ਗਿਆ । ਲਖੀਮਪੁਰ ਖੀਰੀ ਵਾਲੀ ਘਟਨਾ ਨੂੰ ਮੱਧਮ ਪਾਉਣ ਵਿੱਚ ਸਰਕਾਰ ਲਈ ਐਨਾ ਹੀ ਕਾਫ਼ੀ ਸੀ।

ਮੋਰਚੇ ਨੂੰ ਸ਼ੁਰੂ ਤੋਂ ਗਹੁ ਨਾਲ ਦੇਖਿਆ ਜਾਵੇ ਤਾਂ ਸਰਕਾਰ ਅਤੇ ਉਸ ਦੇ ਪਿੱਠੂ ਇਸ ਨੂੰ ਸਿਰਫ਼ ਇੱਕ ਧਰਮ ਨਾਲ ਜੋੜ ਕੇ ਘਟਨਾਵਾਂ ਨੂੰ ਅੰਜਾਮ ਦਵਾ ਰਹੀ ਹੈ। ਇਸ ਨੂੰ ਫ਼ਿਰਕੂ ਰੰਗਤ ਦੇਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਪੰਜਾਬ ਵਿੱਚ ਤਾਂ ਕਿਸੇ ਹੱਦ ਤੱਕ ਕੇਂਦਰ ਸਰਕਾਰ ਦੀ ਇਸ ਫ਼ਿਰਕੂ ਨੀਤੀ ਦਾ ਆਮ ਲੋਕਾਂ ਉੱਤੇ ਥੋੜਾ-ਬਹੁਤਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਹੈ। ਸ਼ਹਿਰੀ ਕਾਰੋਬਾਰੀਆਂ ਨੂੰ ਲੱਗਦਾ ਹੈ ਕਿ ਇਹ ਅੰਦੋਲਨ ਸਿਰਫ਼ ਪਿੰਡਾਂ ਦੇ ਲੋਕਾਂ ਲਈ, ਪਿੰਡਾਂ ਦੇ ਲੋਕਾਂ ਵੱਲੋਂ ਲਗਾਇਆ ਗਿਆ ਅੰਦੋਲਨ ਹੈ।ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਹਨ ਕਿ ਤਿੰਨੇ ਕਾਲ਼ੇ ਕਾਨੂੰਨ ਤਾਂ ਉਹਨਾਂ ਦੇ ਕਾਰੋਬਾਰਾਂ ਉੱਤੇ ਕਿਸਾਨਾਂ ਤੋਂ ਵੀ ਵੱਧ ਭਾਰੂ ਪੈਣ ਵਾਲੇ ਹਨ। ਆਮ ਜਨਤਾ ਨੂੰ ਸਮਝਣਾ ਪਵੇਗਾ, ਸਰਕਾਰ ਦੀ ਫ਼ਿਰਕੂ ਸਿਆਸਤ ਤੋਂ ਜਾਗਰੂਕ ਹੋਣਾ ਪਵੇਗਾ।ਆ

ਅੰਧਭਗਤੋ! ਆਪਣੀ ਅੰਧਭਗਤੀ ਤਿਆਗ ਕੇ ਹੱਕ ਸੱਚ ਦਾ ਸਾਥ ਦਿਓ।ਕਿਸਾਨ ਵੀਰੋ ਤੁਸੀਂ ਵੀ ਸੁਚੇਤ ਹੋ ਜਾਵੋ , ਕਿਉਂ ਕਿ ਸਰਕਾਰ ਕੋਲ ਸਮਾਂ ਘਟ ਰਿਹਾ ਹੈ ਅਤੇ ਅੰਦੋਲਨ ਲੰਮਾ ਹੁੰਦਾ ਜਾ ਰਿਹਾ ਹੈ। ਸੱਤਾਧਾਰੀਆਂ ਦੀ ਘਬਰਾਹਟ ਵਧ ਰਹੀ ਹੈ। ਉਹਨਾਂ ਦੀ ਕਿਸਾਨਾਂ ਨਾਲ ਰਣਨੀਤੀ ਇੱਕ ਦੇਸ਼ ਦੀ ਦੂਜੇ ਦੁਸ਼ਮਣ ਦੇਸ਼ ਨਾਲ ਟੱਕਰ ਲੈਣ ਵਾਲੀ ਹੈ । ਧਰਨੇ ਤੇ ਬੈਠੀਆਂ ਵੱਖ-ਵੱਖ ਜਥੇਬੰਦੀਆਂ ਨੂੰ ਧਰਨੇ ਵਿੱਚ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਸਮੇਂ-ਸਮੇਂ ਤੇ ਮਾਨਸਿਕ ਸਮਤੋਲ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੀ ਲੋੜ ਹੈ,ਗਲਤ ਅਨਸਰਾਂ ਉੱਤੇ ਨਿਗਰਾਨੀ ਰੱਖਣ ਅਤੇ ਸਥਿਤੀ ਨੂੰ ਸ਼ਾਂਤੀਪੂਰਵਕ ਨਜਿੱਠਣ ਦੀ ਵਾਰ ਵਾਰ ਦੁਹਰਾਈ ਕਰਨ ਦੀ ਲੋੜ ਹੈ।

ਕੇਂਦਰ ਸਰਕਾਰ ਸ਼ਾਇਦ ਸੋਚ ਰਹੀ ਸੀ ਕਿ ਇਹ ਅੰਦੋਲਨਕਾਰੀ ਦੋ-ਚਾਰ ਮਹੀਨਿਆਂ ਵਿੱਚ ਥੱਕ ਹਾਰ ਕੇ ਆਪਣੇ ਘਰਾਂ ਨੂੰ ਮੁੜ ਜਾਣਗੇ ਪਰ ਸ਼ੇਰਦਿਲ ਅੰਦੋਲਨਕਾਰੀ ਕਿਸਾਨਾਂ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਜੁੱਟ ਕਰ ਦਿੱਤਾ ਹੈ। ਅਜੋਕਾ ਕਿਸਾਨੀ ਤਬਕਾ ਪੜਿਆ ਲਿਖਿਆ ਅਤੇ ਸੂਝਵਾਨ ਹੈ।ਉਹਨਾਂ ਵੱਲੋਂ ਵਿਖਾਈ ਸਬਰ-ਸੰਤੋਖ,ਸਿਦਕ ਤੇ ਦਲੇਰੀ ,ਇੱਕ ਆਸ਼ਾ ਦੀ ਕਿਰਨ ਬਣਕੇ ਚਮਕਦੀ ਨਜ਼ਰ ਆਉਂਦੀ ਹੈ ।ਇਸ ਮੋਰਚੇ ਨੂੰ ਫਤਿਹ ਹੋਣ ਤੋਂ ਕੋਈ ਨਹੀਂ ਰੋਕ ਸਕਦਾ ।ਕਾਰਪੋਰੇਟ ਘਰਾਣਿਆਂ ਦੇ ਹੱਥਾਂ ਦੀ ਕਠਪੁਤਲੀ ਸਰਕਾਰ ਲੋਕਤੰਤਰ ਦੇ ਨਾਂ ਉੱਤੇ ਇੱਕ ਕਲੰਕ ਬਣ ਕੇ ਆਪਣਾ ਕਾਲ਼ਾ ਇਤਿਹਾਸ ਖੁਦ ਸਿਰਜ ਰਹੀ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਹਰੀਆ ਦਾ ਕਬੱਡੀ ਟੂਰਨਾਮੈਂਟ 4,5 ਦਸਬੰਰ ਨੂੰ – ਬਲਜੀਤ ਗੋਰਾ
Next article‘My ministers don’t follow Hindi’: Mizo CM urges Shah to replace Chief Secy