HOME ਮਾਨ ਸਰਕਾਰ ਦੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦੇ ਵਾਅਦੇ...

ਮਾਨ ਸਰਕਾਰ ਦੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦੇ ਵਾਅਦੇ ਪਏ ਖੂਹ ਵਿੱਚ

“ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਇਕੋ ਸਮੇਂ ਜਨਗਣਨਾ ਅਤੇ ਚੋਣ ਡਿਊਟੀ ਕਰਨ ਲਈ ਕੀਤਾ ਮਜਬੂਰ”
“ਤਪਦੀ ਗਰਮੀ ਵਿੱਚ ਕੰਮ ਦੇ ਬੋਝ ਨੇ ਅਧਿਆਪਕਾਂ ਦਾ ਕੀਤਾ ਬੁਰਾ ਹਾਲ “
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਸੱਤਾ ਵਿੱਚ ਆਉਣ ਤੋਂ ਪਹਿਲਾ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਆਮ ਲੋਕਾਂ ਨਾਲ਼ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ, ਉਥੇ ਅਧਿਆਪਕਾਂ ਤੋਂ ਵੋਟਾਂ ਲੈਣ ਲਈ ਵੀ  ‘ਆਪ’ ਨੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦੇ ਵਾਅਦੇ ਕੀਤੇ ਗਏ ਸਨ। ਪਰ ਸੱਤਾ ਵਿੱਚ ਆਉਣ ਤੋਂ ਬਾਅਦ ਮਾਨ ਸਰਕਾਰ ਵਲੋਂ ਅਧਿਆਪਕਾਂ ਨਾਲ਼ ਕੀਤੇ ਵਾਆਦਿਆਂ ਨੂੰ ਅੱਖੋਂ ਪਰੋਖੇ ਕਰਕੇ ਅਧਿਆਪਕਾ ਤੋਂ ਵੱਖ -ਵੱਖ ਤਰ੍ਹਾਂ ਦੇ ਗੈਰ ਵਿੱਦਿਅਕ ਕੰਮ ਲਏ ਜਾ ਰਹੇ ਹਨ ਜਿਸ ਕਾਰਨ ਅਧਿਆਪਕ ਵਰਗ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। 15 ਮਈ ਤੋਂ ਅਧਿਆਪਕਾਂ ਦੀ ਡਿਊਟੀ ਜਨਗਣਨਾ ਵਿੱਚ ਲਗਾਈ ਹੋਈ ਹੈ ਜਿਸ ਦੇ ਚੱਲਦਿਆਂ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਲਗਭਗ ਸਾਰੇ ਸਕੂਲਾਂ ਦੇ ਅਧਿਪਾਪਕ ਜਨਗਣਨਾ ਡਿਊਟੀ ‘ਤੇ ਹਨ ਜਿਸ ਕਾਰਨ ਸਕੂਲ ਅਧਿਆਪਕਾ ਤੋਂ ਸੱਖਣੇ ਹੋ ਗਏ ਹਨ। ਜਨਗਣਨਾ ਡਿਊਟੀ ਬਾਰੇ ਅਧਿਆਪਕਾਂ ਨੇ ਦੱਸਿਆ ਕਿ ਜਨਗਣਨਾ ਦੇ ਪਹਿਲੇ ਗੇੜ ਵਿੱਚ ਮਕਾਨਾਂ ਦੀ ਗਿਣਤੀ ਲਈ ਮਕਾਨਾਂ ਦੇ ਨੰਬਰ ਲਗਾਏ ਜਾ ਰਹੇ ਹਨ ਤੇ ਇੱਕ ਘਰ ਵਿੱਚ 34 ਪ੍ਰਸ਼ਨ ਪੁੱਛ ਕੇ ਐਪ ਵਿੱਚ ਭਰੇ ਜਾ ਰਹੇ ਹਨ। ਇਸ ਤਪਦੀ ਗਰਮੀ ਵਿੱਚ ਇਹ ਕੰਮ ਬਹੁਤ ਮੁਸ਼ਕਲ ਹੈ ਕਿਉਂਕਿ ਬਹੁਤੇ ਅਧਿਆਪਕ ਦੂਰ ਦੁਰਾਡੇ ਤੋਂ ਆਉਂਦੇ ਹਨ ਤੇ ਜੋ ਆਪਣਾ ਕੰਮ ਸ਼ੁਰੂ ਕਰਦੇ ਹਨ ਤਾਂ ਦੁਪਹਿਰ ਹੋ ਜਾਂਦੀ ਹੈ ਜਿਸ ਕਾਰਨ ਲੋਕ ਘਰਾਂ ਦੇ ਗੇਟ ਨਹੀਂ ਖੋਲ੍ਹਦੇ ਤੇ ਉਹਨਾਂ ਦਾ ਕੰਮ ਕੀੜੀ ਦੀ ਚਾਲ ਵਾਂਗ ਚੱਲ ਰਿਹਾ ਹੈ। ਵਸੋਂ ਤੋਂ ਦੂਰ ਖੇਤਾਂ ਵਿੱਚ ਮੋਟਰਾਂ ਦੇ ਕਮਰਿਆਂ ਨੂੰ ਵੀ ਨੰਬਰ ਲਗਾਏ ਜਾ ਰਹੇ ਹਨ ਜਿੱਥੇ ਲੇਡੀਜ਼ ਟੀਚਰਾਂ ਨੂੰ ਇੱਕਲੇ ਇਸ ਕੰਮ ਨੂੰ ਕਰਨ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਖੇਤਾਂ ਦੁਆਲ਼ੇ ਲੱਗੇ ਝਟਕੇ ਵੀ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਇਸ ਡਿਊਟੀ ਦੇ ਚੱਲਦਿਆਂ ਹੀ ਅਧਿਆਪਕਾਂ ਦੀ ਨਗਰ ਕੌਸਲ ਚੋਣਾਂ ਵਿੱਚ ਵੀ ਜਬਰੀ ਡਿਊਟੀ ਲਗਾ ਦਿੱਤੀ ਗਈ ਹੈ ਜਿਸ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ ਹੈ, ਅਧਿਆਪਕ ਆਪਣੀ ਜਨਗਣਨਾ ਡਿਊਟੀ ਦੇ ਰਹੇ ਹਨ ਤੇ ਪ੍ਰਸ਼ਾਸਨ ਵਲੋਂ ਉਹਨਾਂ ਨੂੰ ਚੋਣ ਰਹਿਸਲ ਵਿੱਚ ਬੁਲਾਇਆ ਜਾ ਰਿਹਾ ਹੈ, ਜਿਹੜੇ ਅਧਿਆਪਕ ਇਹਨਾਂ ਚੋਣ ਰਿਹਸਲਾਂ ਵਿੱਚ ਨਹੀਂ ਪਹੁੰਚ ਪਾਏ ਉਹਨਾਂ ਨੂੰ ਪ੍ਰਸ਼ਾਸਨ ਵਲੋਂ ਸਖ਼ਤ ਨੋਟਿਸ ਭੇਜ ਕੇ ਜਨਗਣਨਾ ਦੇ ਨਾਲ਼ ਨਾਲ਼ ਚੋਣ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾ ਦਾ ਕਹਿਣਾ ਹੈ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਉਹਨਾਂ ਦੀ ਅਪੀਲ ਦਲੀਲ ਨੂੰ ਸੁਣੇ ਵਗੈਰ ਹੀ ਜਬਰਦਸਤੀ ਦੋ ਦੋ ਡਿਊਟੀਆਂ ਇਕੋ ਸਮੇਂ ਕਰਵਾਈਆਂ ਜਾ ਰਹੀਆਂ ਹਨ। ਜਿਸ ਕਾਰਨ ਉਹਨਾਂ ਦਾ ਜਨਗਣਨਾ ਦਾ ਕੰਮ ਜੋ ਸਮਾਂ ਬੱਧ ਹੈ ਉਸ ਨੂੰ ਪੂਰਾ ਕਰਨਾ ਬਹੁਤ ਔਖਾ ਹੋ ਗਿਆ ਹੈ। ਅਧਿਆਪਕਾਂ ਨੇ ਦੱਸਿਆ ਕਿ ਜਦੋਂ ਉਹ ਨੋਟਿਸ ਦਾ ਜਵਾਬ ਦੇਣ ਜਿਲ੍ਹਾ ਪ੍ਰਸ਼ਾਸਨ ਦੇ ਦਫ਼ਤਰ ਜਾਂਦੇ ਹਨ ਤਾਂ ਉਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹਨਾਂ ਨੂੰ ਇਹ ਆਖ ਦਿੱਤਾ ਜਾਂਦਾ ਹੈ ਕਿ ਤੁਹਾਡੇ ਨਾਮ ਤੁਹਾਡੇ ਜਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਵਲੋਂ ਹੀ ਭੇਜੇ ਜਾਂਦੇ ਹਨ। ਇਹਨਾਂ ਦੂਹਰੀਆ ਡਿਊਟੀਆਂ ਦੀ ਖੱਜਲ਼ ਖ਼ੁਆਰੀ ਦਾ ਸਾਹਮਣਾ ਕਰ ਰਹੇ ਅਧਿਆਪਕਾ ਨੇ ਦੱਸਿਆ ਕਿ ਸਰਕਾਰੇ ਦੁਆਰੇ ਪਹੁੰਚ ਰੱਖਣ ਵਾਲੇ ਅਧਿਆਪਕਾਂ ਦੀ ਕਿਸੇ ਪਾਸੇ ਵੀ ਡਿਊਟੀ ਨਹੀਂ ਲੱਗਦੀ ਤੇ ਜਿਹੜੇ ਅਧਿਆਪਕ ਕਦੇ ਵੀ ਡਿਊਟੀ ਦੇਣ ਤੋਂ ਇਨਕਾਰ ਨਹੀਂ ਕਰਦੇ ਉਹਨਾਂ ਨੂੰ ਹੀ ਵਾਰ ਵਾਰ ਵੱਖ ਵੱਖ ਡਿਊਟੀਆਂ ਦੀ ਚੱਕੀ ਵਿੱਚ ਪੀਸਿਆ ਜਾ ਰਿਹਾ ਹੈ। ਭਰੇ ਮਨ ਨਾਲ਼ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦਾ ਢਿਡੋਰਾ ਪਿੱਟਣ ਵਾਲੀ ਸਰਕਾਰ ਕਦੋਂ ਬੱਚਿਆਂ ਦੇ ਪੜ੍ਹਾਈ ਦੇ ਹੋ ਰਹੇ ਨੁਕਸਾਨ ਪ੍ਰਤੀ ਜਾਗੇਗੀ ਤੇ ਪਤਾ ਨਹੀਂ ਕਦੋਂ ਇਹਨਾਂ ਗੈਰ ਵਿੱਦਿਅਕ ਕੰਮਾਂ ਤੋਂ ਨਜ਼ਾਤ ਮਿਲੇਗੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਲਾਚੌਰ ਸਿਟੀ ਪੁਲਿਸ ਦੀ ਮੁਸਤੈਦੀ 24 ਘੰਟਿਆਂ ‘ਚ ਚੋਰੀ ਦੀ ਵਾਰਦਾਤ ਸੁਲਝਾਈ, 2 ਆਰੋਪੀਆ ਨੂੰ ਗ੍ਰਿਫ਼ਤਾਰ :ਇੰਸਪੈਕਟਰ ਕਮਲ ਤਨੇਜਾ
Next articleਰੈਲ ਮਾਜਰਾ ਵਿਖੇ ਨੀਲੇ ਕਾਰਡ ਧਾਰਕਾਂ ਨੂੰ 350 ਸਰਕਾਰੀ ਰਾਸ਼ਨ ਕਿੱਟਾਂ ਵੰਡਣ ਦੀ ਸ਼ੁਰੂਆਤ: ਸਰਪੰਚ ਸਿਕੰਦਰ ਸਿੰਘ ਲਾਂਦੀ ਰੈਲਮਾਜਰਾ