(ਸਮਾਜ ਵੀਕਲੀ)
ਸੂਫ਼ੀ ਸਫ਼, ਸਾਫ਼ਾ, ਸੂਫ਼, ਸਭ ਸੁੱਟਕੇ,
ਫ਼ੇਸ-ਬੁੱਕੋਂ ਬਲੌਕ ਕਰ ਉੱਠ ਗਿਆ।
ਮੈਂ ਹਾਂ ਢੂੰਡ ’ਚ ਓਸ ਦੀ ਦਿਨ-ਰਾਤੀਂ,
ਲੱਗੇ ਥਹੁ ਨਾਹੀਂ ਕਿਸ ਗੁੱਠ ਗਿਆ?
ਲੱਭੇ ਰਾਹ ਨਾਹੀਂ! ਚੱਲੇ ਵਾਹ ਨਾਹੀਂ!!
ਕਿਸ ਗ਼ਲਤੀਓਂ ਮੈਂ ਸੰਗ ਰੁੱਠ ਗਿਆ?
ਮਾਰੀ ਬ੍ਰਿਹਾ ਕਟਾਰੀ ਬਹੁਤ ਕਾਰੀ,
ਮੈਂ ਥੀਂ ਵਾਂਗ ਕਸਾਈਆਂ ਕੁੱਠ ਗਿਆ
ਦਿਵਸ-ਰੈਣ ਰਹੇ ਧਿਆਨ ਉਹਦਾ,
ਮੇਰਾ ਕਰਕੇ ਕਾਲ਼ਜਾ ਮੁੱਠ ਗਿਆ।
ਤਾਂਘ ਓਸਦੀ ਮੇਰੇ ਵੱਸੇ ਹਿਰਦੇ,
ਉਹ ਕਜ਼ਾਕ-ਸੁਰਜੀਤ ਤੇ ਵੁੱਠ ਗਿਆ।
ਕਰਦਾ ਰਿਹਾ ਪ੍ਰਸਤਿਸ਼ ਸਦਾ ਜਿਸਦੀ,
ਉਹ ਹੋਰਨਾਂ ਉੱਤੇ ਹੀ ਤੁੱਠ ਗਿਆ।
ਗ਼ੈਰਾਂ ਨਾਲ਼ ਗਲਵਕੜੀ ਪਾ ਟੁਰਿਆ,
ਮੇਰੇ ਵੱਲ ਨੂੰ ਕਰ ਕੇ ਠੁੱਠ ਗਿਆ l
ਭਾਓ-ਭਗਤ ਦੇ ਲਈ ਤਤਪਰ ਮੈਂ ਹਾਂ,
ਨੰਗੀ ਕਰ ਦਿਖਾਇਕੇ ਪੁੱਠ ਗਿਆ।
ਕੋਈ ਦੱਸੋ? ਮੈਂ ਸੰਗ ਰੁੱਠਿਆ ਕਿਉਂ?
ਕਿਉਂ ਛੋਡਿਆ ਮੈਨੂੰ ਕੁਰਲਾਵੰਦੇ ਨੂੰ ?
ਕਦੋਂ ਕਰੇਗਾ ਮੈਨੂੰ ਅਨਬਲੌਕ ਮੁੜ ਕੇ?
ਵਾਟਾਂ ਵਿਹੰਦਿਆਂ ਔਂਸੀਆਂ ਪਾਵੰਦੇ ਨੂੰ?
ਸੂਫ਼ੀ ਸੌਣ ਦੇ ਬੱਦਲ਼ ਜਿਉਂ ਸੀ ਗੱਜਿਆ।
ਪਹਿਲਾਂ ਰਾਹ ਘੇਰਦਾ ਸੀ,
ਹੁਣ ਮਾਰਦਾ ਮੋਕ ਜਾਵੇ ਭੱਜਿਆ।
ਹਾਏ ਓਏ ਛੱਡ ਫ਼ੇਸਬੁੱਕ ਗਿਉਂ,ਬੂਹਾ ਵੱਜਿਆ।
ਸਰਬਜੀਤ ਸਿੰਘ ਘੁੰਮਣ
ਬਰੈਂਮਟਨ ਕੈਨੇਡਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly