
ਇਸ ਪਰੇਡ ਵਿੱਚ ਪੂਰੇ ਗਰੁੱਪ ਦੇ ਚੁਣੇ ਹੋਏ ਜਵਾਨ ਹੁੰਦੇ ਹਨ। ਮੈਨੂੰ ਇਸ ਪਰੇਡ ਨੂੰ ਕਰਨ ਦਾ ਮੌਕਾ 2005 ਵਿੱਚ ਮਿਲਿਆ ਸੀ। ਮੇਰੀ ਉਮਰ ਕਰੀਬ 20 ਜਾਂ 21 ਸਾਲ ਸੀ। ਮੈਂ 18 ਸਾਲ ਦੀ ਉਮਰ ਵਿੱਚ ਭਰਤੀ ਹੋ ਗਿਆ ਸੀ।ਜਨਵਰੀ ਵਿੱਚ ਹੋਣ ਵਾਲੀ ਪਰੇਡ ਦੀ ਤਿਆਰੀ ਅਸੀਂ ਜੁਲਾਈ – ਅਗਸਤ 2004 ਵਿੱਚ ਸ਼ੁਰੂ ਕਰ ਦਿੱਤੀ ਸੀ।ਤੜਕੇ 5 ਵਜੇ ਤੋਂ ਲੈਕੇ ਸ਼ਾਮ ਦੇਰ ਤੱਕ ਪ੍ਰੇਕਟਿਸ ਹੁੰਦੀ ਸੀ। ਅੱਲਗ ਅਲੱਗ ਯੂਨਿਟਾਂ ਤੋਂ ਚੁਣੇ ਹੋਏ ਅਸੀਂ ਕਰੀਬ 160-170 ਦੇ ਕਰੀਬ ਜਵਾਨ ਜਾਟ ਟਰੇਨਿੰਗ ਸੈਂਟਰ ਬਰੇਲੀ ਇਕੱਠੇ ਹੋਏ। ਪਰੇਡ ਵਿੱਚ ਕੁੱਲ 144 ਜਵਾਨ 12 x12 ਦੀਆਂ ਲਾਈਨਾਂ ਵਿਚ ਚੱਲਦੇ ਹਨ। ਪਰੇਡ ਦੀ ਤਿਆਰੀ ਲਈ ਜਾਟ ਸੈਂਟਰ ਵਿਚ ਇਕ ਬਹੁਤ ਵੱਡਾ ਬਜਰੀ ਤੇ ਲੁੱਕ ਦੀ ਸੜਕ ਵਾਂਗ ਬਣਿਆ ਗਰਾਉਂਡ ਸੀ, ਕਈ ਕਿੱਲਿਆਂ ਦਾ, ਜਿਸ ਨੂੰ ਬਲੈਕ ਟੌਪ ਵੀ ਕਿਹਾ ਜਾਂਦਾ ਸੀ।
ਅਸੀਂ ਬਾ ਵਰਦੀ ਤੜਕਸਾਰ 5 ਵਜੇ ਦੇ ਕਰੀਬ ਉਥੇ ਪਹੁੰਚ ਜਾਂਦੇ ਸੀ। ਪਹੁੰਚਣ ਤੋਂ ਪਹਿਲਾਂ ਹਥਿਆਰ ਘਰ ਤੋਂ ਹਥਿਆਰ ਲੈਣੇ ਪੈਂਦੇ ਸੀ ਜਿਸ ਵਿੱਚ ਕਾਫ਼ੀ ਸਮਾਂ ਲੱਗਦਾ ਸੀ। ਤਾਲਮੇਲ ਨਾਲ ਦਿੱਲੀ ਵਿੱਚ ਉਸ ਸਮੇਂ 14 ਕਿਲੋਮੀਟਰ ਦਾ ਰੂਟ ਹੁੰਦਾ ਸੀ ਪੂਰੇ ਦੇਸ਼ ਅੱਗੇ ਚੱਲਣ ਦਾ ਜੋ ਕਿ ਬਾਅਦ ਵਿੱਚ ਘਟਾ ਕੇ ਅੱਜਕਲ੍ਹ 10 ਦੇ ਕਰੀਬ ਰਹਿ ਗਿਆ ਹੈ। ਇਹਨਾ 14 ਕਿਲੋਮੀਟਰ ਲਈ ਅਸੀਂ ਸ਼ਾਇਦ ਕਈ ਹਜਾਰ ਕਿਲੋਮੀਟਰ ਦਾ ਅਭਿਆਸ ਕੀਤਾ ਸੀ। ਬੰਦੂਕ ਨਾਲ ਜੋ ਸਲਾਮੀ ਦੇਣੀ ਪੈਂਦੀ ਹੈ ਦੋ ਵਾਰ, ਉਹਦੇ ਲਈ ਸਾਨੂੰ ਕਈ ਲੱਖ ਸਲਾਮੀਆਂ ਲਗਵਾ ਕੇ ਤਿਆਰ ਕੀਤਾ ਗਿਆ ਸੀ। ਮਾਰਚ ਕਰਦੇ ਵੇਲੇ ਸਾਰੇ ਜਵਾਨਾਂ ਦੇ ਹੱਥ ਇਕੱਠੇ, ਤੇ ਇੱਕੋ ਉਚਾਈ ਵਿੱਚ ਅੱਗੇ ਪਿੱਛੇ ਜਾਣ, ਇਸ ਵਾਸਤੇ ਰੱਸੀਆਂ ਬੰਨ ਕੇ ਹੱਥ ਵਿੱਚ ਅੱਧੀ ਇੱਟ ਫੜ੍ਹ ਕੇ ਹਰ ਰੋਜ਼ ਬਾਂਹ ਹਿਲਾਉਣ ਦਾ ਅਭਿਆਸ ਕਰਵਾਇਆ ਜਾਂਦਾ ਸੀ।ਬਾਂਹ ਨੂੰ ਹਿੱਲਾ ਹਿੱਲਾ ਕੇ ਕੱਛਾਂ ਛਿੱਲ ਹੋ ਜਾਂਦੀਆਂ ਸਨ।
ਜਦੋਂ ਤਾਲਮੇਲ ਵਧੀਆ ਜਾਂ ਪਰੇਡ ਉਸਤਾਦਾਂ ਦੀ ਆਸ਼ਾ ਮੁਤਾਬਿਕ ਨਾ ਹੋਣਾ ਤਾਂ ਵੱਖ ਵੱਖ ਤਰਾਂ ਦੀ ਸਜ਼ਾ ਦਿੱਤੀ ਜਾਂਦੀ ਸੀ। ਜਿਵੇਂ ਬੱਜਰੀ ਵਾਲੀ ਸੜਕ ਤੇ ਗੋਡੇ ਨੰਗੇ ਕਰਕੇ ਗੋਡਿਆਂ ਭਾਰ ਚੱਲਣਾ, ਫਰੰਟ ਰੋਲ ਜਾਂ ਬਾਜੀਆਂ ਪਾਉਣਾ, ਪਾਣੀ ਪੀਣ ਦੀ ਬ੍ਰੇਕ ਨਾ ਦੇਣਾ, ਡੰਡੇ ਨਾਲ ਕੁੱਟ ਆਦਿ। ਅਗਰ ਰਾਈਫ਼ਲ ਤੇ ਜ਼ੋਰ ਨਾਲ ਹੱਥ ਮਾਰ ਇੱਕ ਜਿਹੀ ਆਵਾਜ਼ ਨਾ ਆਵੇ ਤਾਂ, ਸਰਦੀਆਂ ਦੀ ਠੰਡ ਵਿੱਚ ਬਜ਼ਰੀ ਵਾਲੀ ਸੜਕ ਤੇ ਹੱਥ ਮਰਵਾਏ ਜਾਂਦੇ। ਹੱਥ ਸਜਾ ਵਜੋਂ ਥੱਲੇ ਜ਼ਮੀਨ ਤੇ ਮਾਰਨ ਕਾਰਨ ਲਗਾਤਾਰ ਬੰਦੂਕ ਤੇ ਮਾਰਨ ਨਾਲ ਛਿੱਲੇ ਜਾਣਾ, ਤੇ ਨੀਲ ਪੈ ਜਾਣਾ ਆਮ ਗੱਲ ਸੀ। ਲਗਾਤਾਰ ਪੱਕੀ ਸੜਕ ਤੇ ਬੂਟਾਂ ਹੇਠਾਂ ਘੋੜੇ ਵਾਲੀਆਂ ਨਾਲਾਂ ਲਗਾ ਕੇ ਪ੍ਰੇਕਟਿਸ ਕਰਨ ਨਾਲ ਜਵਾਨਾਂ ਦੀਆਂ ਲੱਤਾਂ ਸੁੱਜ ਜਾਂਦੀਆਂ ਸਨ ਤੇ ਇੱਕ ਦੋ ਜਣਿਆਂ ਦੇ ਫ੍ਰੈਕਚਰ ਵੀ ਹੋ ਗਿਆ ਸੀ ।
ਰਾਸ਼ਟਰਪਤੀ ਤੇ VIP ਦੇ ਸੰਬੋਧਨ ਸਮੇਂ ਸੈਨਾ ਟੁਕੜੀ ਨੂੰ ਕਰੀਬ ਇੱਕ ਡੇਢ ਘੰਟਾ ਸਿੱਧੇ ਬਿਨਾਂ ਹਿੱਲੇ ਜੁੱਲੇ , ਬਿਨ੍ਹਾਂ ਅੱਖਾਂ ਦੀ ਪੁਤਲੀ ਹਿਲਾਏ ਖੜਾ ਰਹਿਣਾ ਪੈਂਦਾ ਹੈ। ਇਸ ਇੱਕ ਘੰਟੇ ਨੂੰ ਨਿਭਾਉਣ ਲਈ ਕਈ ਸੈਂਕੜੇ ਘੰਟੇ ਸਿਰ ਤੇ ਤੰਗ ਪੱਗੜੀ ਬੰਨ੍ਹ ਕੇ ਖੜ੍ਹਾ ਰਹਿ ਦਾ ਅਭਿਆਸ ਕਰਣਾ ਪੈਂਦਾ ਹੈ। ਇਸ ਸਭ ਤੋਂ ਇਲਾਵਾ ਆਪਣੀਆਂ ਰਹਿਣ ਵਾਲੀਆਂ ਬੈਰਕਾਂ ਦੀ ਸਾਫ਼ ਸਫ਼ਾਈ, ਖਾਣਾ ਬਣਾਉਣਾ, ਵਰਦੀਆਂ ਤਿਆਰ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਪੈਂਦੇ ਹਨ।
ਫ਼ੌਜ ਦੇ ਬਿਤਾਏ ਸਾਲ ਜਿੰਦਗੀ ਦੇ ਬਹੁਤ ਅੱਛੇ ਸਾਲ ਸੀ। ਨੌਕਰੀ ਛੱਡੀ ਨੂੰ ਕਰੀਬ 16 – 17 ਸਾਲ ਹੋ ਗਏ, ਹਾਲੇ ਵੀ ਸੈਂਕੜੇ ਸਾਥੀਆਂ ਨਾਲ ਦੋਸਤੀ ਹੈ। ਜਦੋਂ ਵੀ ਸਮਾਂ ਮਿਲਦਾ ਬਹੁਤ ਸਾਰੇ ਦੋਸਤਾਂ ਨੂੰ ਅੱਲਗ ਅਲੱਗ ਸਟੇਟਾਂ ਵਿੱਚ ਉਹਨਾਂ ਦੇ ਘਰ ਜਾਂ ਆਪਣੀ ਬਟਾਲੀਅਨ ਜਾ ਕੇ ਮਿਲ਼ ਕੇ ਆਉਂਦਾ। ਇਹਨਾ ਪੰਜ ਸਾਲਾਂ ਵਿੱਚ ਜੋ ਵੀ ਸਿੱਖਿਆ ਤੇ ਖੱਟਿਆ ਉਹ ਅੱਜ ਤੱਕ ਨਾਲ ਹੈ ਤੇ ਕੰਮ ਆਉਂਦਾ ਹੈ।
ਅਸ਼ਲੇਸ਼ ਕੁਮਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj