(ਸਮਾਜ ਵੀਕਲੀ)
ਪੁੱਛਿਆ ਉਸ ਨੇ
ਆਪਣੇ ਖ਼ਤ ਵਿੱਚ
ਕਿ ਕਦ ਮਿਲਾਂਗੇ ਆਪਾਂ?
ਲਿਖਿਆ ਮੈਂ ਜੁਆਬੀ ਖ਼ਤ!
ਜਦ ਹਰੀਆਂ ਚੂੜੀਆਂ ਦੇਖ
ਇੱਕ ਸਹਿਮੀ ਹੋਈ
ਨਿੱਕੀ ਕਰੂੰਬਲ ਦੀਆਂ
ਅੱਖਾਂ ਵਿੱਚ ਆ ਜਾਵੇਗੀ ਚਮਕ
ਜਦ ਇਕ ਅੱਲ੍ਹੜ ਮੁਟਿਆਰ
ਸ਼ਹਿਰ ਦੀਆਂ ਗਲੀਆਂ ਵਿੱਚ
ਹੱਸੇਗੀ ਬੇਖੌਫ਼ ਤੇ
ਚੁੰਮੇਗੀ ਹਵਾਵਾਂ ਨੂੰ
ਜਦ ਇੱਕ ਕਿਸਾਨ ਲਿਆ ਉਗਾਵੇਗਾ
ਕਰਜੇ ਦੀ ਥਾਂ
ਆਪਣੀ ਅਰਧਾਗਨੀ ਦੇ ਹੱਥਾਂ ਉੱਤੇ
ਖੁਸ਼ੀਆਂ ਤੇ ਹਾਸੇ
ਜਦ ਇੱਕ ਭੱਠੇ ਉੱਤੇ ਕੰਮ ਕਰਦੀ
ਮਜ਼ਦੂਰ ਔਰਤ ਨੂੰ
ਨਹੀਂ ਕੱਜਣਾ ਪਵੇਗਾ
ਉਸ ਲੀਰੋ ਲੀਰ ਹੋਈ ਚੁੰਨੀ
ਹੇਠ ਆਪਣਾ ਨਗਨ
ਜਦ ਮੈਂ ਹੀਰ ਤੋਂ ਉਧਾਰੇ ਲਏ ਪੈਰਾਂ ਵਿੱਚ
ਪਹਿਲੀ ਵਾਰ ਪਾਵਾਂਗੀ
ਤੇਰੇ ਨਾਮ ਦੀਆਂ ਝਾਂਜਰਾਂ
ਜਿਸ ਦੀ ਛਣਕਾਰ
ਸਿਰਫ਼ ਅਤੇ ਸਿਰਫ਼
ਸੁਣਾਈ ਦੇਵੇਗੀ ਤੈਨੂੰ ਹੀ
ਫਿਰ ਮੈਂ ਲਿਖਾਂਗੀ
ਤੈਨੂੰ ਆਖ਼ਰੀ ਖ਼ਤ
ਜਿਸ ਵਿੱਚ ਮਿਲਣ ਦੀ ਤਾਰੀਖ਼
ਤੇ ਦਿਨ ਹੋਵੇਗਾ ਮੁਕਰਰ।
ਵਿਰਕ ਪੁਸ਼ਪਿੰਦਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly