ਪ ਸ ਸ ਫ ਕਪੂਰਥਲਾ ਦਾ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਸਮਾਪਤ

ਅਮਰੀਕ ਸਿੰਘ ਪ੍ਰਧਾਨ ਅਤੇ ਰਜੇਸ਼ ਮੈਂਗੀ ਜਨਰਲ ਸਕੱਤਰ ਚੁਣੇ ਗਏ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਕਪੂਰਥਲਾ ਦਾ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਸ੍ਰੀ ਗੁਰੂ ਰਵਿਦਾਸ ਭਵਨ ਮੁਹੱਲਾ ਸੱਥ ਰੰਗੜਾ ਸੁਲਤਾਨਪੁਰ ਲੋਧੀ ਵਿਖੇ ਹੋਇਆ। ਜਿਸ ਦੀ ਪ੍ਰਧਾਨਗੀ ਤੀਰਥ ਸਿੰਘ ਬਾਸੀ, ਪੁਸ਼ਪਿੰਦਰ ਸਿੰਘ ਵਿਰਦੀ, ਸੁਖਚੈਨ ਸਿੰਘ ਬੱਧਨ, ਅਮਰੀਕ ਸਿੰਘ ਸੇਖੋਂ,ਮਮਤਾ ਰਾਣੀ, ਸੁਖਦੇਵ ਸਿੰਘ ਅਤੇ ਬਲਦੇਵ ਸਿੰਘ ਨੇ ਕੀਤੀ। ਇਜਲਾਸ ਦਾ ਉਦਘਾਟਨ ਕਰਦਿਆਂ ਪ.ਸ.ਸ.ਫ.ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਰਮਾਏਦਾਰ ਜੁੰਡਲੀ ਦੇ ਦਬਾਅ ਸਦਕਾ ਕਿਸਾਨਾਂ,ਮਜ਼ਦੂਰਾਂ, ਮੁਲਾਜ਼ਮਾਂ,ਔਰਤਾਂ,ਨੌਜਵਾਨਾਂ, ਵਿਦਿਆਰਥੀਆਂ ਅਤੇ ਗ਼ੈਰ ਜਥੇਬੰਦਕ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ। ਆਰਥਿਕ ਸੁਧਾਰਾਂ ਅਤੇ ਵਿਸ਼ੇਸ਼ ਤੌਰ ਤੇ ਨਿੱਜੀਕਰਨ ਦੇ ਨਾਂ ਤੇ ਸਰਕਾਰੀ ਅਤੇ ਅਰਧ ਸਰਕਾਰੀ ਵਿਭਾਗਾਂ ਦਾ ਖਾਤਮਾ ਕੀਤਾ ਜਾ ਰਿਹਾ ਹੈ।

ਦਿਹਾੜੀਦਾਰ ਤੇ ਵਰਕਚਾਰਜ ਕਾਮਿਆਂ, ਡੇਲੀਵੇਜ ਕਾਮਿਆਂ ਨੂੰ ਰੈਗੂਲਰ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ।ਰੈਗੂਲਰ ਭਰਤੀ ਦੀ ਥਾਂ ਠੇਕੇ ਅਤੇ ਮਾਣ ਭੱਤੇ ਉੱਪਰ ਭਰਤੀ ਕੀਤੀ ਜਾ ਰਹੀ ਹੈ।ਸਿੱਖਿਆ, ਸਿਹਤ,ਸੁਰੱਖਿਆ ਅਤੇ ਲੋਕ ਭਲਾਈ ਦੇ ਮਹਿਕਮਿਆਂ ਅੰਦਰ ਮੁੱਢਲੀਆਂ ਸਹੂਲਤਾਂ ਦੇ ਨਾਂ ਦੇ ਕੇ ਹਰੇਕ ਮਹਿਕਮਿਆਂ ਅੰਦਰ ਹਜ਼ਾਰਾਂ ਪੋਸਟਾਂ ਭਰਨ ਅਤੇ ਤਰੱਕੀਆਂ ਕਰਨ ਨੂੰ ਆਨੇ ਬਹਾਨੇ ਟਾਲਿਆ ਜਾ ਰਿਹਾ ਹੈ। ਉਨ੍ਹਾਂ ਸਮੂਹ ਮੁਲਾਜ਼ਮਾਂ ਨੂੰ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਝੰਡੇ ਹੇਠ ਇਕੱਤਰ ਹੋਣ ਲਈ ਪ੍ਰੇਰਿਆ। ਜਥੇਬੰਦਕ ਰਿਪੋਰਟ ਸਾਥੀ ਸੁਖਚੈਨ ਸਿੰਘ ਬੱਧਨ ਨੇ ਪੇਸ਼ ਕੀਤੀ। ਇਜਲਾਸ ਦੌਰਾਨ ਪੇਸ਼ ਕੀਤੀ ਰਿਪੋਰਟ ਦੀ ਬਹਿਸ ਵਿੱਚ 12 ਸਾਥੀਆਂ ਨੇ ਭਾਗ ਲਿਆ। ਇਸ ਮੌਕੇ ਇਜਲਾਸ ਵਿਚ ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਵਾਉਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ,ਛੇਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸੋਧ ਕੇ ਮੁਲਾਜ਼ਮ ਹਿੱਤਾਂ ਵਿਚ ਲਾਗੂ ਕਰਵਾਉਣਾ,ਮਾਣ ਭੱਤਾ ਲੈ ਰਹੇ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣਾ,ਰੈਗੂਲਰ ਭਰਤੀ ਪ੍ਰਮੋਸ਼ਨਾ ਕਰਾਊਣ ਅਤੇ ਚੋਣਾਂ ਸਮੇਂ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣਾ ਅਤੇ ਅਤੇ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਮਨਵਾਉਣ ਲਈ ਪ.ਸ.ਸ.ਫ.ਵੱਲੋਂ ਤਿੱਖੇ ਸੰਘਰਸ਼ਾਂ ਦੀ ਲਾਮਬੰਦੀ ਕੀਤੀ ਜਾਵੇਗੀ।

ਇਜਲਾਸ ਦੇ ਅੰਤ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਅਮਰੀਕ ਸਿੰਘ ਪ੍ਰਧਾਨ, ਸੁਖਚੈਨ ਸਿੰਘ ਬੱਧ, ਸੁਖਦੇਵ ਸਿੰਘ ਮਮਤਾ ਰਾਣੀ ਸਾਰੇ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ , ਰਜੇਸ਼ ਮੈਂਗੀ ਜਨਰਲ ਸਕੱਤਰ, ਅਸ਼ਵਨੀ ਕੁਮਾਰ ਸਹਾਇਕ ਸਕੱਤਰ, ਤਰਲੋਚਨ ਸਿੰਘ ਕੈਸ਼ੀਅਰ, ਬਲਜੀਤ ਸਿੰਘ ਟਿੱਬਾ ਸਹਾਇਕ ਕੈਸ਼ੀਅਰ, ਜਗਮੋਹਨ ਸਿੰਘ,ਨਰੇਸ਼ ਕੁਮਾਰ ਸਹਾਇਕ ਪ੍ਰੈੱਸ ਸਕੱਤਰ, ਤਰਮਿੰਦਰ ਸਿੰਘ ਮੱਲ੍ਹੀ, ਕੁਲਦੀਪ ਕੌਰ, ਪ੍ਰਵੀਨ ਕੌਰ ਅਤੇ ਅਮਰੀਕ ਸਿੰਘ ਆਦਿ ਸ਼ਾਮਲ ਸਨ।ਇਸ ਮੌਕੇ ਕੁਲਦੀਪ ਵਾਲੀਆਂ,ਅਕਲਚੰਦ ਸਿੰਘ, ਗੁਰਚਰਨ ਦਾਸ, ਜੁਗਿੰਦਰ ਸਿੰਘ ਅਮਾਨੀਪੁਰ, ਬਲਬੀਰ ਸਿੰਘ ਕਾਲਰੂ, ਪਰਮਜੀਤ ਲਾਲ, ਕੰਵਰਦੀਪ ਸਿੰਘ ਕੇ.ਡੀ, ਹਰਜਿੰਦਰ ਹੈਰੀ, ਅਜੇ ਗੁਪਤਾ, ਰਕੇਸ਼ ਕੁਮਾਰ,ਰਾਜੂ ਬੂਲਪੁਰ, ਕੁਲਦੀਪ ਠਾਕੁਰ ਆਦਿ ਹਾਜ਼ਰ ਸਨ।

Previous article“ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਵਿਖੇ ਟੀਚਰਜ਼ ਫੈਸਟ ਦਾ ਆਯੋਜਨ”
Next articleਦੰਦੂਪੁਰ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੈਗ ਤੇ ਵਰਦੀਆਂ ਵੰਡੀਆਂ ਗਈਆਂ