ਆਜ਼ਾਦੀ ਸੰਗਰਾਮੀਆਂ ਦੀ ਯਾਦ ‘ਚ ਚਿੰਤਨ ਮਿਲਣੀ ਚੇਤਨਾ ਦਾ ਚਾਨਣ ਵੰਡਣ ਦਾ ਦਿੱਤਾ ਪੈਗ਼ਾਮ

ਜਲੰਧਰ, ਅੱਪਰਾ (ਜੱਸੀ)- ਗ਼ਦਰ ਪਾਰਟੀ, ਬੱਬਰ ਅਕਾਲੀ ਲਹਿਰ, ਕੂਕਾ ਲਹਿਰ, ਵੱਲਾ ਪੁਲ (ਅੰਮ੍ਰਿਤਸਰ) ਕੇਸ, ਸ਼ਹੀਦ ਬੰਤਾ ਸਿੰਘ ਸੰਘਵਾਲ, ਬੂਟਾ ਸਿੰਘ ਅਕਾਲਗੜ੍ਹ, ਕਰਨੈਲ ਸਿੰਘ ਈਸੜੂ, ਮਦਨ ਲਾਲ ਢੀਂਗਰਾ, ਚਾਚਾ ਅਜੀਤ ਸਿੰਘ, ਈਸ਼ਰ ਸਿੰਘ ਮਰਹਾਣਾ, ਇਨਕਲਾਬੀ ਕਵੀ ਗ਼ਦਰ, ਕਮੇਟੀ ਮੈਂਬਰ ਜਾਗੀਰ ਸਿੰਘ ਜੋਗਾ, ਮਨਜੀਤ ਲਾਲੀ ਲੰਗੇਰੀ, ਪ੍ਰੀਤਮ ਸਿੰਘ ਦਰਦੀ ਮਹਿਲ ਕਲਾਂ ਅਤੇ ਗੁਰੂ ਕੇ ਬਾਗ਼ ਦੇ ਮੋਰਚੇ ਦਾ ਆਰੰਭ ਆਦਿ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਅਗਸਤ ਮਹੀਨੇ ਦੀਆਂ ਇਤਿਹਾਸਕ ਘਟਨਾਵਾਂ ਤੇ ਸ਼ਹਾਦਤਾਂ ਅਤੇ ਹੀਰੋਸ਼ੀਮਾ, ਨਾਗਾਸਾਕੀ ਵਿਖੇ ਪ੍ਰਮਾਣੂ ਬੰਬ ਧਮਾਕਿਆਂ ‘ਚ ਮਾਰੇ ਗਏ ਲੋਕਾਂ ਨੂੰ ਸਮਰਪਤ ਅੱਜ ‘ਚਿੰਤਨਸ਼ੀਲ ਮਿਲਣੀ ਸਮਾਗਮ’ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਕੀਤਾ ਗਿਆ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਯੋਜਿਤ ਸਮਾਗਮ ‘ਚ ਜੁੜੇ ਮਰਦਾਂ ਔਰਤਾਂ ਨੇ ਖੜ੍ਹੇ ਹੋ ਕੇ ਇਤਿਹਾਸਕ ਘਟਨਾਵਾਂ ਅਤੇ ਸ਼ਹੀਦਾਂ ਦੀ ਅਮਿੱਟ ਦੇਣ ਨੂੰ ਸਿਜਦਾ ਕਰਦਿਆਂ ਉਹਨਾਂ ਦੇ ਸੁਪਨਿਆਂ ਦੀ ਪੂਰਤੀ ਲਈ ਚਿੰਤਨ ਅਤੇ ਚੇਤਨਾ ਦਾ ਛੱਟਾ ਦੇਣ ਦਾ ਕਾਰਜ਼ ਜਾਰੀ ਰੱਖਣ ਦਾ ਅਹਿਦ ਲਿਆ।
ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਉਪਰੋਕਤ ਇਤਿਹਾਸਕ ਘਟਨਾਵਾਂ ਅਤੇ ਆਜ਼ਾਦੀ ਸੰਗਰਾਮੀਆਂ ਦੀ ਅਮਿਟ ਦੇਣ ਉਪਰ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸਾਨੂੰ ਆਪਣੀ ਅਮੁੱਲੀ ਇਤਿਹਾਸਕ ਵਿਰਾਸਤ ਤੋਂ ਰੌਸ਼ਨੀ ਲੈ ਕੇ ਸਾਡੇ ਸਮਿਆਂ ਅੰਦਰ ਫੈਲੇ ਕੂੜ ਹਨੇਰੇ ਨੂੰ ਮਿਟਾਉਣ ਲਈ ਆਪਣੀ ਭੂਮਿਕਾ ਅਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸਾਡਾ ਹਕੀਕੀ ਫ਼ਰਜ਼ ਇਹ ਬਣਦਾ ਹੈ ਕਿ ਅਸੀਂ ਆਪਣੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਨੂੰ ਮਹਿਜ਼ ਯਾਦ ਹੀ ਨਾ ਕਰੀਏ ਸਗੋਂ ਸਾਮਰਾਜੀ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜ਼ੋਰਦਾਰ ਲੋਕ ਆਵਾਜ਼ ਬੁਲੰਦ ਕਰੀਏ।
ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਸੁਰਿੰਦਰ ਕੁਮਾਰੀ ਕੋਛੜ, ਹਰਮੇਸ਼ ਮਾਲੜੀ, ਡਾ. ਸੈਲੇਸ਼ ਅਤੇ ਡਾ. ਤੇਜਿੰਦਰ ਵਿਰਲੀ ਨੇ ਆਪਣੇ ਜ਼ਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਇਤਿਹਾਸ, ਸਾਹਿਤ, ਕਲਾ ਅਤੇ ਸਭਿਆਚਾਰ ਨੂੰ ਵਿਚਾਰ-ਗੋਸ਼ਟੀਆਂ ਅਤੇ ਵੰਨ-ਸੁਵੰਨੀਆਂ ਕਲਾ ਵਿਧਾਵਾਂ ਰਾਹੀਂ ਨਿਰੰਤਰ ਉੱਦਮ ਜੁਟਾਉਣ ਦੀ ਲੋੜ ਹੈ।
ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਹਾਕਮ ਜਮਾਤਾਂ ਦੇ ਵੱਖ-ਵੱਖ ਧੜੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦਿਆਂ ਆਪਣੇ ਬੱਜ਼ਰ ਗੁਨਾਹਾਂ ਦਾ ਜਵਾਬ ਦੇਣ ਦੀ ਬਜਾਏ ਇੱਕ ਦੂਜੇ ਨੂੰ ਕਿਤੇ ਮਹਾਂ ਗੁਨਾਹਗਾਰ ਕਰਾਰ ਦੇਣ ਦੀ ਤੀਰ ਅੰਦਾਜ਼ੀ ਕਰ ਰਹੇ ਹਨ। ਉਹਨਾਂ ਕਿਹਾ ਕਿ ਆਏ ਦਿਨ ਬਦ ਤੋਂ ਬਦਤਰ ਹੋ ਰਹੇ ਹਾਲਾਤ ਇਹ ਅਲਾਰਮ ਕਰ ਰਹੇ ਹਨ ਕਿ ਫ਼ਿਰਕੂ ਅੱਗ ਦੇ ਭਾਬੜ ਬਾਲਣ ਅਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਵਾਲਿਆਂ ਖਿਲਾਫ਼ ਲੋਕ-ਤਾਕਤ ਖੜ੍ਹੀ ਕਰਨ ਦੀ ਲੋੜ ਹੈ।
ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸ਼ਾਲ ਜਨਤਕ ਸਰਗਰਮੀਆਂ ਜੋ ਲੋਕਾਂ ਦੇ ਹੱਕ ‘ਚ ਹੋ ਰਹੀਆਂ ਹਨ, ਉਹਨਾਂ ਨੂੰ ਸਲਾਮ ਹੈ ਪਰ ਸਾਡੀ ਕਮੇਟੀ ਦੇ ਜ਼ਿੰਮੇ ਪ੍ਰਮੁੱਖ ਕਾਰਜ਼ ਚਿੰਤਨਸ਼ੀਲ ਵਿਚਾਰਾਂ ਦਾ ਛੱਟਾ ਦੇਣਾ ਹੈ। ਲਾਇਬ੍ਰੇਰੀ, ਮਿਊਜ਼ੀਅਮ, ਹੋਮ ਥੀਏਟਰ ਆਦਿ ਰਾਹੀਂ ਵਿਸ਼ਾਲ ਲੋਕਾਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਨ ਲਈ ਹਰ ਮਹੀਨੇ ਚਿੰਤਨਸ਼ੀਲ ਮਿਲਣੀਆਂ ਹੋਇਆ ਕਰਨਗੀਆਂ।
ਸਮਾਗਮ ‘ਚ ਨਿਰਲੇਪ ਕੌਰ ਅਤੇ ਬਲਬੀਰ ਕੌਰ (ਆਂਗਨਵਾੜੀ ਵਰਕਰਜ਼ ਯੂਨੀਅਨ) ਅਤੇ ਤਲਵਿੰਦਰ ਕੌਰ (ਆਸ਼ਾ ਵਰਕਰਜ਼ ਯੂਨੀਅਨ) ਦੀ ਅਗਵਾਈ ‘ਚ ਔਰਤਾਂ ਦੀ ਵਿਸ਼ੇਸ਼ ਸ਼ਮੂਲੀਅਤ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਤਰਨਜੀਤ ਕੌਰ ਕੈਨੇਡਾ ਆਏ ਵਿਦਿਆਰਥੀਆਂ ਦਾ ਮੁਫ਼ਤ ਵਿੱਚ ਕਰ ਰਹੀ ਹੈ ਹੋਮਿਓਪੈਥਿਕ ਇਲਾਜ 
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ? ਪੰਜਾਬੀ ਸ਼ਬਦਾਂ ਦੇ ਅੰਤ ਵਿੱਚ ਊੜੇ (ੳ) ਅੱਖਰ ਦੀ ਸਥਿਤੀ: