HOME ‌ ਮਾਂ ਨੂੰ ਯਾਦ ਕਰਦਿਆਂ – – -ਜਾਂ ਨੇਕ ਸੁਭਾਅ ਦੇ ਮਾਲਕ...

‌ ਮਾਂ ਨੂੰ ਯਾਦ ਕਰਦਿਆਂ – – -ਜਾਂ ਨੇਕ ਸੁਭਾਅ ਦੇ ਮਾਲਕ ਸਨ : ਜਸਵੀਰ ਕੌਰ

Oplus_131072

  19 ਨਵੰਬਰ ਲਈਬਰਸੀ ਤੇ ਵਿਸ਼ੇਸ਼

  (ਸਮਾਜ ਵੀਕਲੀ)  ਮਾਂ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ। ਜਿਸ ਦੀ ਸੰਗਿਆ ਮਮਤਾ ਹੈ। ਮਾਂ ਦੇ ਦੁਆਰਾ ਹੀ ਸੰਤਾਨ ਦੀ ਉਤਪਤੀ ਹੁੰਦੀ ਹੈ।  ਮਾਂ ਦੀ ਕੁਰਬਾਨੀ ਅਤੇ ਯੋਗਦਾਨ ਨੂੰ ਚੁਕਾਉਣ ਲਈ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਅਜਿਹਾ ਕਰਨਾ ਅਸੰਭਵ ਹੈ। ਮਾਂ ਬਿਨਾਂ ਕਿਸੇ ਸਵਾਰਥ ਜਾਂ ਇੱਛਾ ਦੇ ਆਪਣੇ ਬੱਚਿਆਂ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੰਦੀ ਹੈ । ਮਾਂ ਭਾਵੇਂ ਘਰ ਬਣਾਉਣ ਵਾਲੀ ਹੋਵੇ ਜਾਂ ਕੰਮ ਕਾਜੀ ਔਰਤ, ਉਸ ਨੂੰ ਹਮੇਸ਼ਾਂ ਆਪਣੇ ਬੱਚੇ ਦੀ ਚਿੰਤਾ ਰਹਿੰਦੀ ਹੈ । ਉਹ ਹਰ ਹਾਲਤ ਵਿੱਚ ਆਪਣੇ ਬੱਚੇ ਨੂੰ ਪਹਿਲ ਦਿੰਦੀ ਹੈ । ਮਾਂ ਆਪ ਗਿੱਲੀ ਥਾਂ ਤੇ ਪੈ ਸਕਦੀ ਹੈ, ਪਰ ਬੱਚਿਆਂ ਨੂੰ ਸੁੱਕੀ ਥਾਂ ਤੇ ਹੀ ਰੱਖਦੀ ਹੈ। ਮਾਂ ਆਪ ਭੁੱਖ ਬਰਦਾਸ਼ਤ ਕਰ ਸਕਦੀ ਹੈ, ਪਰ ਬੱਚਿਆਂ ਨੂੰ ਭੁੱਖੇ ਦੇਖ ਨਹੀਂ ਸਕਦੀ। ਮਾਂ ਆਪ ਖਾਣ-ਪੀਣ ਤੋਂ ਪਹਿਲਾਂ ਬੱਚਿਆਂ ਨੂੰ ਖੁਆਉਂਦੀ ਹੈ। ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਵੱਡੇ ਅਫ਼ਸਰ ਭਾਵ ਉੱਚੇ ਅਹੁਦੇ ਤੇ ਪਹੁੰਚਣ। ਮਾਂ ਕਿੰਨੀਆਂ ਮੁਸ਼ਕਲਾਂ ਵਿੱਚ ਆਪਣੇ ਬੱਚਿਆਂ ਨੂੰ ਪਾਲਦੀ-ਪੋਸ਼ਦੀ ਹੈ, ਇਹ ਸਿਰਫ਼ ਮਾਂ ਹੀ ਜਾਣਦੀ ਹੈ। ਮਾਂ ਦਾ ਕਰਜ਼ ਬੱਚੇ ਸਾਰੀ ਉਮਰ ਹੀ ਨਹੀਂ ਉਤਾਰ ਸਕਦੇ। ਇਹ ਵੀ ਕਿਹਾ ਜਾਂਦਾ ਹੈ ਕਿ ਸੱਤ ਜਨਮਾਂ ਤੱਕ ਮਾਂ ਦਾ ਕਰਜ਼ ਉਤਾਰਿਆ ਨਹੀਂ ਜਾ ਸਕਦਾ। ਪਰ ਮੇਰੇ ਵਿਚਾਰ ਅਨੁਸਾਰ ਮਾਂ ਦਾ ਕਰਜ਼ ਜਨਮਾਂ-ਜਨਮਾਂਤਰਾਂ ਤੱਕ ਵੀ ਨਹੀਂ ਉਤਾਰਿਆ ਜਾ ਸਕਦਾ।
                       ਮੇਰੇ ਮਾਤਾ ਜਸਵੀਰ ਕੌਰ ਦਾ ਜਨਮ 1 ਜੁਲਾਈ 1940 ਈ: ਨੂੰ ਪਿਤਾ ਸ੍ਰ: ਭਗਵੰਤ ਸਿੰਘ ਦੇ ਘਰ ਮਾਤਾ ਸਤਵੰਤ ਕੌਰ ਦੀ ਕੁੱਖੋਂ ਪਿੰਡ ਸੰਘੇੜਾ ਹੁਣ ਜ਼ਿਲ੍ਹਾ ਬਰਨਾਲਾ ਵਿਖੇ ਹੋਇਆ। ਉਹ ਵਿੱਦਿਅਕ ਯੋਗਤਾ ਪੱਖੋਂ ਬਹੁਤਾ ਪੜ੍ਹੇ ਨਹੀਂ ਸਨ ਪਰ ਜਿਸ ਤਰ੍ਹਾਂ ਉਹਨਾਂ ਘਰ ਗ੍ਰਹਿਣੀ ਦਾ ਫ਼ਰਜ਼ ਨਿਭਾਇਆ, ਉਹ ਅਕੱਥਨੀਯ ਹੈ। ਉਹਨਾਂ ਦਾ ਵਿਆਹ ਸ੍ਰ: ਨਾਨਕ ਸਿੰਘ ਦੇ ਸਪੁੱਤਰ ਸ੍ਰ: ਜੋਗਿੰਦਰ ਸਿੰਘ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਨਾਲ 1959 ਈ: ਵਿੱਚ ਪੂਰਨ ਗੁਰਮਰਯਾਦਾ ਅਨੁਸਾਰ ਹੋਇਆ। ਉਹਨਾਂ ਦੇ ਚਾਰ ਸਪੁੱਤਰ ਸੰਪੂਰਨ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਸੇਵਾ ਮੁਕਤ, ਕਰਨੈਲ ਸਿੰਘ ਐੱਮ.ਏ. ਲੁਧਿਆਣਾ ਸੇਵਾ ਮੁਕਤ, ਲੈਕਚਰਾਰ ਬਲਵਿੰਦਰ ਸਿੰਘ ਜੋਨਲ ਪ੍ਰੈਸ ਸਕੱਤਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਪ੍ਰੈਸ ਕਲੱਬ ਦੇ ਮੈਂਬਰ ਹਨ।
ਮਾਤਾ ਜਸਵੀਰ ਕੌਰ ਨੇ ਆਪਣੇ ਬੱਚਿਆਂ ਨੂੰ ਉਚੇਰੀ ਸਿੱਖਿਆ ਦਿਵਾਉਣ ਅਤੇ ਸਮਾਜ ਵਿੱਚ ਸਨਮਾਨਯੋਗ ਥਾਂ ਤੇ ਪਹੁੰਚਾਉਣ ’ਚ ਵੱਡਾ ਰੋਲ ਨਿਭਾਇਆ। ਮਾਂ ਨੇ ਜਿਸ ਤਰ੍ਹਾਂ ਹੱਥੀਂ ਮਿਹਨਤ ਕਰਕੇ ਘਰ ਨੂੰ ਸੰਭਾਲਿਆ, ਸੰਵਾਰਿਆ, ਉਹ ਅੱਜ ਤੱਕ ਮੈਨੂੰ ਯਾਦ ਹੈ। ਮੇਰੇ ਪਿਤਾ ਜੀ ਹੀ ਇਕੱਲੇ ਕਮਾਉਣ ਵਾਲੇ ਸਨ। ਅਸੀਂ ਚਾਰ ਭਰਾ ਪੜ੍ਹਾਈ ਕਰ ਰਹੇ ਸੀ। ਪੜ੍ਹਾਈ ਦੇ ਖ਼ਰਚੇ ਅਸਮਾਨ ਛੂਹ ਰਹੇ ਸਨ। ਇਸੇ ਕਰਕੇ ਹੀ ਮੇਰੇ ਮਾਤਾ ਜੀ ਨੇ ਚਰਖਾ ਚਲਾ ਕੇ, ਸੂਤ ਵੱਟ ਕੇ, ਕੱਪੜੇ ਸੀਅ ਕੇ ਸਾਨੂੰ ਸਾਰਿਆਂ ਨੂੰ ਪਾਲਿਆ-ਪੋਸਿਆ ਅਤੇ ਪੈਰਾਂ ਤੇ ਖੜ੍ਹਾ ਕੀਤਾ। ਉਹਨਾਂ ਹੱਥੀਂ ਬਹੁਤ ਮਿਹਨਤ ਬਹੁਤ ਕੀਤੀ। ਜਿੰਨੀ ਮਿਹਨਤ ਮੰਮੀ ਜੀ ਨੇ ਕੀਤੀ, ਉਹਨਾਂ ਬਾਰੇ ਜਿੰਨਾਂ ਲਿਖਾਂ, ਥੋੜ੍ਹਾ ਹੈ। ਉਹਨਾਂ ਵੱਲੋਂ ਕੀਤੇ ਕੰਮਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਅੱਜ ਤੋਂ  ਤੇਰਾਂ ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰੇ ਮਾਤਾ ਜੀ ਅਕਤੂਬਰ ਮਹੀਨੇ ’ਚ ਸਿਹਤ ਪੱਖੋਂ ਠੀਕ ਨਹੀਂ ਸਨ। ਇਸ ਕਰਕੇ ਮੈਂ ਹਰ ਵੀਰਵਾਰ ਜਾਂ ਸ਼ੁੱਕਰਵਾਰ ਸ਼ਾਮ ਨੂੰ ਲੁਧਿਆਣਾ ਤੋਂ ਕੋਟਕਪੂਰਾ ਚਲਾ ਜਾਂਦਾ ਸੀ। ਤਿੰਨ ਦਿਨ ਮੈਂ ਕੋਟਕਪੁੂਰਾ ਹਸਪਤਾਲ ਵਿੱਚ ਹੀ ਮਾਤਾ ਕੋਲ ਰਹਿੰਦਾ। ਮੇਰੇ ਮਾਤਾ ਜੀ ਤੰਦਰੁਸਤ ਹੋ ਜਾਂਦੇ, ਮੈਂ ਫਿਰ ਲੁਧਿਆਣਾ ਆ ਜਾਂਦਾ। ਮੇਰਾ ਵੱਡਾ ਵੀਰ ਪ੍ਰਿੰਸੀਪਲ ਗੁਰਬਚਨ ਸਿੰਘ ਅੰਮ੍ਰਿਤਸਰ ਰਹਿੰਦਾ ਹੈ, ਉਹ ਵੀ ਇਹਨਾਂ ਦਿਨਾਂ ’ਚ ਕੋਟਕਪੂਰਾ ਆ ਜਾਂਦੇ ਸਨ। ਮੈਂ ਹਰ ਰੋਜ਼ ਸਵੇਰੇ, ਦੁਪਹਿਰੇ ਤੇ ਸ਼ਾਮ ਨੂੰ ਫੋਨ ਕਰਕੇ ਮਾਤਾ ਜੀ ਦੀ ਸਿਹਤ ਦਾ ਹਾਲ-ਚਾਲ ਪਤਾ ਕਰਦਾ ਰਹਿੰਦਾ। ਕਈ ਵਾਰ ਮੇਰੀ ਵੱਡੀ ਭਰਜਾਈ ਤੇ ਹਸਪਤਾਲ ਦੇ ਡਾਕਟਰ ਕਹਿੰਦੇ ਕਿ ਜਦੋਂ ਤੁਸੀਂ ਦੋਨੋਂ ਭਰਾ ਅੰਮ੍ਰਿਤਸਰ ਤੇ ਲੁਧਿਆਣਾ ਵਾਲੇ ਆ ਜਾਂਦੇ ਹੋ ਤਾਂ ਮਾਤਾ ਜੀ ਠੀਕ ਹੋ ਜਾਂਦੇ ਹਨ। ਤੁਹਾਡੇ ਜਾਣ ਉਪਰੰਤ ਮਾਤਾ (ਮੰਮੀ) ਜੀ ਦੀ ਸਿਹਤ ਵਿਗੜ ਜਾਂਦੀ ਹੈ।
ਮੈਂ 18 ਨਵੰਬਰ 2013 ਨੂੰ ਹੀ ਸਵੇਰੇ 7 ਵਜੇ ਲੁਧਿਆਣਾ ਪਹੁੰਚਿਆ ਸੀ। ਫਿਰ ਸਵੇਰੇ 9 ਵਜੇ ਫੋਨ ਕਰਕੇ ਮਾਤਾ ਜੀ ਦੀ ਸਿਹਤ ਦਾ ਹਾਲ-ਚਾਲ ਪੁੱਛਿਆ। ਜਦੋਂ ਦੁਪਹਿਰੇ ਤੇ ਫਿਰ ਸ਼ਾਮ ਨੂੰ ਫੋਨ ਕੀਤਾ ਤਾਂ ਪਤਾ ਲੱਗਿਆ ਕਿ ਮਾਤਾ ਜੀ ਦੀ ਸਿਹਤ ਖ਼ਰਾਬ ਹੋ ਗਈ ਹੈ। ਅਸਲ ਵਿੱਚ ਮਾਤਾ ਜੀ ਦੇ ਫੇਫੜੇ ਦਾ ਸੱਜਾ ਪਾਸਾ ਰੁਕ (ਬੰਦ ਹੋ) ਗਿਆ ਸੀ, ਜਿਸ ਕਰਕੇ ਉਹਨਾਂ ਨੂੰ ਸਾਹ ਲੈਣ ਵਿੱਚ ਦਿੱਕਤ (ਮੁਸ਼ਕਲ) ਆ ਰਹੀ ਸੀ। ਉਹ ਸਰੀਰਕ ਪੱਖੋਂ ਵੀ ਬਹੁਤ ਕਮਜ਼ੋਰ ਸਨ। ਉਹਨਾਂ ਦੇ ਗੋਡਿਆਂ ਵਿੱਚ ਵੀ ਦਰਦ ਰਹਿੰਦਾ ਸੀ। ਮੇਰੇ ਭਰਾਵਾਂ, ਭਰਜਾਈਆਂ ਭਤੀਜੇ-ਭਤੀਜੀਆਂ ਨੇ ਲਗਾਤਾਰ ਦਿਨ-ਰਾਤ ਸੇਵਾ ਕੀਤੀ। ਜਿਸ ਸਮੇਂ ਮਾਤਾ ਜੀ ਨੂੰ ਹੋਸ਼ ਆਉਂਦੀ ਤਾਂ ਉਹ ਕਈ ਵਾਰ ਮੇਰੇ ਬਾਰੇ ਪੁੱਛਦੇ, ‘‘ਕਿ ਕਰਨੈਲ ਸਿੰਘ ਨੇ ਦੁੱਧ ਪੀਤਾ ਹੈ, ਰੋਟੀ ਖਾ ਲਈ ਹੈ। ਪ੍ਰਿੰਸੀਪਲ ਗੁਰਬਚਨ ਸਿੰਘ ਜੋ ਅੰਮ੍ਰਿਤਸਰ ਰਹਿੰਦੇ ਹਨ, ਉਸ ਬਾਰੇ ਵੀ ਬੜਾ ਪੁੱਛਦੇ।’’ ਪ੍ਰਿੰਸੀਪਲ ਗੁਰਬਚਨ ਸਿੰਘ ਤਕਰੀਬਨ ਦੋ ਮਹੀਨੇ ਪਹਿਲਾਂ ਨੌਕਰੀ ਤੋਂ ਸੇਵਾ ਮੁਕਤ ਹੋਏ ਸਨ। ਜੇਕਰ ਅੱਜ ਮਾਤਾ ਜੀ ਸਾਡੇ ਵਿਚਕਾਰ ਹੁੰਦੇ ਤਾਂ ਉਹ ਬੜੇ ਖ਼ੁਸ਼ ਹੁੰਦੇ । ਇਹ ਮੌਕਾ ਵਾਰ-ਵਾਰ ਨਹੀਂ ਆਉਂਦਾ, ਜ਼ਿੰਦਗੀ ਵਿੱਚ ਇੱਕ ਵਾਰ ਹੀ ਆਉਂਦਾ ਹੈ। ਪਰ ਮਾਤਾ ਜੀ ਆਪਣੇ ਪੁੱਤਰ ਨੂੰ ਨੌਕਰੀ ਤੋਂ ਸੇਵਾ ਮੁਕਤ ਹੁੰਦਿਆਂ ਦੇਖ ਨਹੀਂ ਸਕੇ।
ਮਾਂ, ਮਾਂ ਹੀ ਹੁੰਦੀ ਹੈ। ਹਸਪਤਾਲ ਵਿੱਚ ਬੈੱਡ (ਬਿਸਤਰੇ) ਤੇ ਪਈ ਹੋਈ ਵੀ ਮੇਰੇ ਮਾਤਾ ਜੀ ਸਾਡਾ ਖ਼ਿਆਲ ਰੱਖਦੇ ਰਹੇ। ਮੇਰੇ ਮਨ ਵਿੱਚ ਕਈ ਵਾਰ ਇਹ ਗੱਲ ਖਟਕਦੀ ਸੀ ਕਿ ਕਿਤੇ ਮਾਤਾ ਜੀ ਛੱਡ ਕੇ ਚਲੇ ਨਾ ਜਾਣ ਤੇ ਅਖੀਰ ਉਹੀ ਕੁਝ ਹੋਇਆ। 19 ਨਵੰਬਰ ਸੰਨ 2013 ਈ: ਨੂੰ ਮੇਰੇ ਮਾਤਾ (ਮੰਮੀ) ਜਸਵੀਰ ਕੌਰ 73 ਸਾਲ ਦੀ ਉਮਰ ਬਤੀਤ ਕਰਕੇ ਦੁਪਹਿਰ ਪੌਣੇ ਬਾਰਾਂ ਵਜੇ ਸਾਨੂੰ ਸਾਰੇ ਪਰਿਵਾਰ ਨੂੰ ਰੋਂਦਿਆਂ-ਵਿਲਕਦਿਆਂ ਛੱਡ ਕੇ ਸਦੀਵੀ ਵਿਛੋੜਾ ਦੇ ਗਏ।
ਮਾਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ। ਜੇਕਰ ਬੱਚਿਆਂ ਨੇ ਬਜ਼ੁਰਗ ਮਾਂ-ਬਾਪ ਦੀ ਸੇਵਾ ਕਰ ਲਈ ਤਾਂ ਉਹਨਾਂ ਨੂੰ ਕਿਸੇ ਵੀ ਧਰਮ ਅਸਥਾਨ ਤੇ ਯੱਗ ਜਾਂ ਪੁੰਨ ਕਰਨ ਦੀ ਲੋੜ ਨਹੀਂ ਪੈਂਦੀ। ਜੇਕਰ ਮਾਂ-ਬਾਪ ਦੀ ਸੇਵਾ ਨਹੀਂ ਕੀਤੀ ਤਾਂ ਤੁਸੀਂ ਜਿੰਨੇ ਮਰਜ਼ੀ ਦਾਨ-ਪੁੰਨ ਕਰ ਲਉ, ਭੰਡਾਰੇ ਲਾ ਲਉ, ਉਹ ਸਭ ਵਿਅਰਥ ਹਨ। ਉਹ ਸੇਵਾ ਪ੍ਰਵਾਨ ਨਹੀਂ ਹੁੰਦੀ। ਮਾਂ-ਬਾਪ ਦੀ ਸੇਵਾ ਤੋਂ ਉੱਪਰ ਕੋਈ ਧਰਮ ਨਹੀਂ ਤੇ ਨਾ ਹੀ ਕੋਈ ਸੇਵਾ। ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਇੱਕ ਗੀਤ ਵਿੱਚ ਵੀ ਕਿਹਾ ਹੈ।
‘ਮਾਂ ਦੀ ਪੂਜਾ ਰੱਬ ਦੀ ਪੂਰਾ
ਮਾਂ ਤਾਂ ਰੱਬ ਦਾ ਰੂਪ ਹੈ ਦੂਜਾ’
ਮਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਚਰਨਾਂ ’ਚ ਨਮਸਕਾਰ ਹੈ। ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦਾ ਨਿਵਾਸ ਬਖ਼ਸ਼ੀ ਰੱਖੇ ਅਤੇ ਪਿੱਛੇ ਪਰਿਵਾਰ ਵਿੱਚ ਏਕਤਾ, ਪਿਆਰ, ਬਣਿਆ ਰਹੇ।
                         
 
  ਕਰਨੈਲ ਸਿੰਘ ਐੱਮ.ਏ.ਲੁਧਿਆਣਾ
  # 1138/63-ਏ, ਗੁਰੂ ਤੇਗ਼ ਬਹਾਦਰ ਨਗਰ,ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ ।
  Email :- [email protected]
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਕੂਲ ਵਿੱਚ ਦੋ ਰੋਜ਼ਾ ਅਥਲੈਟਿਕ ਮੀਟ ਕਰਵਾਕੇ ਮਨਾਇਆ ਗਿਆ ਚਿਲਡਰਨ ਡੇ।
Next articleTHE HIDDEN NUISANCE OF MOUTH FRESHENERS