ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਚੇਤੇ ਕਰਦਿਆਂ
ਸਮਾਜ ਵੀਕਲੀ ਯੂ ਕੇ,
Dr. Ramjilal, Social Scientist, Former Principal, Dyal Singh College, Karnal (Haryana- India)
e-mail id: [email protected]
ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਦਾ ਜਨਮ 11 ਅਕਤੂਬਰ 1902 ਨੂੰ ਬਿਹਾਰ ਦੇ ਇਕ ਪਿੰਡ ਸਿਤਾਬ ਦਿਆਰਾ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਹਰਸੂਦਿਆਲ ਅਤੇ ਮਾਤਾ ਦਾ ਨਾਂ ਫੂਲ ਰਾਣੀ ਸੀ। ਜੈਪ੍ਰਕਾਸ਼ ਨਾਰਾਇਣ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿਚ ਪ੍ਰਾਪਤ ਕੀਤੀ ਅਤੇ ਮੈਟ੍ਰਿਕ ਤੇ ਇੰਟਰਮੀਡੀਏਟ ਦੀ ਪੜ੍ਹਾਈ ਪਟਨਾ ਵਿਚ ਕੀਤੀ। ਮਹਾਤਮਾ ਗਾਂਧੀ ਦੇ ਪ੍ਰਭਾਵ ਕਾਰਨ ਹਜ਼ਾਰਾਂ ਨੌਜਵਾਨ ਮਰਦ-ਔਰਤਾਂ ਨਾਮਿਲਵਰਤਨ ਅੰਦੋਲਨ ਵਿਚ ਕੁੱਦ ਪਏ। ਜੈਪ੍ਰਕਾਸ਼ ਨਾਰਾਇਣ ਵੀ ਪੜ੍ਹਾਈ ਛੱਡ ਕੇ ਇਸ ਅੰਦੋਲਨ ਦਾ ਹਿੱਸਾ ਬਣ ਗਏ। ਸੰਨ 1922 ਤੋਂ 1929 ਤੱਕ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਵਿਚ ਉੱਚ ਸਿੱਖਿਆ ਪ੍ਰਾਪਤ ਕੀਤੀ। ਉੱਥੇ ਆਪਣੇ ਪਰਵਾਸ ਸਮੇਂ ਦੌਰਾਨ ਉਨ੍ਹਾਂ ਨੂੰ ਜੀਵਨ ਗੁਜ਼ਾਰਨ ਅਤੇ ਅਧਿਐਨ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਹ ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੇ।
ਇੰਜ ਉਨ੍ਹਾਂ ਨੇ ਜੀਵਨ ’ਚ ਕਿਰਤ ਦੀ ਮਹੱਤਤਾ ਨੂੰ ਸਮਝਿਆ। ਅਮਰੀਕਾ ਵਿਚ ਰਹਿੰਦਿਆਂ ਉਨ੍ਹਾਂ ਨੇ ਕਾਰਲ ਮਾਰਕਸ ਤੇ ਲੈਨਿਨ ਬਾਰੇ ਪੜ੍ਹਿਆ ਅਤੇ ਭਾਰਤ ਦੇ ਪ੍ਰਸਿੱਧ ਕਮਿਊਨਿਸਟ ਚਿੰਤਕ ਐੱਮਐੱਨ ਰਾਏ ਦੇ ਵਿਚਾਰਾਂ ਦਾ ਡੂੰਘਾ ਅਧਿਐਨ ਕੀਤਾ। ਇੰਜ ਉਹ ਕਮਿਊਨਿਸਟ ਬਣ ਗਏ। ਜਵਾਹਰਲਾਲ ਨਹਿਰੂ ਦੇ 1929 ਵਿਚ ਅਮਰੀਕਾ ਤੋਂ ਭਾਰਤ ਪਰਤਣ ਤੋਂ ਬਾਅਦ ਇਲਾਹਾਬਾਦ ਦੇ ਕਾਂਗਰਸ ਪ੍ਰਧਾਨ ਦੇ ਸੱਦੇ ‘ਤੇ ਉਹ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਹੈੱਡਕੁਆਰਟਰ ਵਿਖੇ ਪਾਰਟੀ ਦੀਆਂ ਮਜ਼ਦੂਰ ਸਰਗਰਮੀਆਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਸੰਨ 1930 ਵਿਚ ਸਿਵਲ ਨਾਫ਼ਰਮਾਨੀ ਅੰਦੋਲਨ (1930-1934) ਮਹਾਤਮਾ ਗਾਂਧੀ ਦੀ ਅਗਵਾਈ ਵਿਚ ਚਲਾਇਆ ਗਿਆ ਸੀ। ਜੈਪ੍ਰਕਾਸ਼ ਨਾਰਾਇਣ ਨੇ ਇਸ ਅੰਦੋਲਨ ਵਿਚ ਹਿੱਸਾ ਲਿਆ। ਨਤੀਜੇ ਵਜੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਅਤੇ ਨਾਸਿਕ ਜੇਲ੍ਹ ਵਿਚ ਕੈਦ ਕੀਤਾ ਗਿਆ। ਨਾਸਿਕ ਜੇਲ੍ਹ ਵਿਚ ਉਹ ਉਸ ਸਮੇਂ ਦੇ ਨੌਜਵਾਨ ਸਮਾਜਵਾਦੀ ਅਚਯੁਤ ਪਟਵਰਧਨ, ਅਸ਼ੋਕ ਮਹਿਤਾ, ਮੀਨੂੰ ਮਸਾਨੀ ਆਦਿ ਨੂੰ ਮਿਲਿਆ। ਆਪਣੀ ਰਿਹਾਈ ਤੋਂ ਬਾਅਦ ਜੈਪ੍ਰਕਾਸ਼ ਨਾਰਾਇਣ ਨੇ ਕਾਂਗਰਸ ਸੋਸ਼ਲਿਸਟ ਪਾਰਟੀ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਇਸ ਪਾਰਟੀ ਦਾ ਸੰਸਥਾਪਕ ਜਨਰਲ ਸਕੱਤਰ ਬਣਾਇਆ ਗਿਆ। ਕਾਂਗਰਸ ਸੋਸ਼ਲਿਸਟ ਪਾਰਟੀ ਦਾ ਟੀਚਾ ਸ਼ੋਸ਼ਣ ਮੁਕਤ ਸਮਾਜ ਦੀ ਸਥਾਪਨਾ ਕਰਨਾ ਸੀ। ਦੂਜੇ ਸ਼ਬਦਾਂ ਵਿਚ, ਉਦੇਸ਼ ਇਕ ਅਜਿਹੇ ਸਮਾਜ ਦੀ ਸਥਾਪਨਾ ਕਰਨਾ ਸੀ ਜਿੱਥੇ ਮਨੁੱਖਾਂ ਦੁਆਰਾ ਮਨੁੱਖਾਂ ਦਾ ਸ਼ੋਸ਼ਣ ਨਾ ਹੋਵੇ। ਇਕ ਸਮਾਜਵਾਦੀ ਚਿੰਤਕ ਅਤੇ ਸਿਆਸਤਦਾਨ ਵਜੋਂ ਉਨ੍ਹਾਂ ਨੇ ਆਰਥਿਕ-ਸਮਾਜਿਕ ਪੁਨਰ ਨਿਰਮਾਣ ਲਈ ਕੰਮ ਕੀਤਾ। ਪੂੰਜੀਵਾਦ, ਉਦਾਰਵਾਦ ਤੇ ਸਾਮਰਾਜਵਾਦ ਦਾ ਵਿਰੋਧ ਕੀਤਾ। ਜੇਕਰ ਇਕ ਪਾਸੇ ਉਹ ਉਤਪਾਦਨ, ਵੰਡ ਅਤੇ ਵਟਾਂਦਰੇ ਦੇ ਸਾਧਨਾਂ ਉੱਤੇ ਰਾਜ ਦਾ ਕੰਟਰੋਲ ਵਰਤਦੇ ਹਨ, ਦੂਜੇ ਪਾਸੇ ਮਜ਼ਦੂਰ ਜਮਾਤ(ਕਮਿਊਨਿਸਟ ਪਾਰਟੀ) ਦੀ ਤਾਨਾਸ਼ਾਹੀ ਦਾ ਵਿਰੋਧ ਵੀ ਕੀਤਾ।
ਭਾਰਤ ਛੱਡੋ ਅੰਦੋਲਨ (1942) ਦੌਰਾਨ ਜੈਪ੍ਰਕਾਸ਼ ਨਾਰਾਇਣ ਆਪਣੇ 5 ਸਾਥੀਆਂ ਸਮੇਤ ਹਜ਼ਾਰੀਬਾਗ ਜੇਲ੍ਹ ’ਚੋਂ ਫਰਾਰ ਹੋਣ ਵਿਚ ਸਫਲ ਹੋ ਗਏ। ਬ੍ਰਿਟਿਸ਼ ਸਾਮਰਾਜੀ ਹਕੂਮਤ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੇ ‘ਅੰਡਰਗਰਾਊਂਡ ਗੁਰੀਲਾ ਮੂਵਮੈਂਟ’ ਚਲਾਉਣ ਲਈ ‘ਆਜ਼ਾਦ ਦਸਤੇ’ ਦੀ ਸਥਾਪਨਾ ਕੀਤੀ। ਭਾਰਤ ਸਰਕਾਰ ਨੇ ਜੈਪ੍ਰਕਾਸ਼ ਨਾਰਾਇਣ ਨੂੰ ਜ਼ਿੰਦਾ ਫੜਨ ਜਾਂ ਫੜਾਉਣ ਵਿਚ ਮਦਦ ਕਰਨ ਵਾਲੇ ਵਿਅਕਤੀ ਨੂੰ ਇਨਾਮ ਵਜੋਂ 5,000 ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ। ਬਾਅਦ ਵਿਚ ਇਹ ਰਕਮ ਵਧਾ ਕੇ 10000 ਰੁਪਏ ਕਰ ਦਿੱਤੀ ਗਈ। ਜੈਪ੍ਰਕਾਸ਼ ਨਾਰਾਇਣ ਨੂੰ 18 ਸਤੰਬਰ 1943 ਨੂੰ ਲਾਹੌਰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਕੇ ਸੈਂਟਰਲ ਭੇਜ ਦਿੱਤਾ ਗਿਆ। ਲਾਹੌਰ ਜੇਲ੍ਹ ਵਿਚ 50 ਦਿਨਾਂ ਤੱਕ ਅਣਮਨੁੱਖੀ ਤਸ਼ੱਦਦ ਸਹਿ ਕੇ ਅਦੁੱਤੀ ਦਲੇਰੀ, ਬੇਅੰਤ ਦੇਸ਼ ਭਗਤੀ, ਵਿਚਾਰਧਾਰਾ ਪ੍ਰਤੀ ਮਜ਼ਬੂਤ ਵਚਨਬੱਧਤਾ ਦੀ ਕ੍ਰਾਂਤੀਕਾਰੀ ਪਰੰਪਰਾ ਦਾ ਪਾਲਣ ਕੀਤਾ ਅਤੇ ਆਪਣੇ ਵਚਨ ’ਤੇ ਅੜੇ ਰਹੇ। ਪਹਿਲਾਂ ਅਪ੍ਰੈਲ 1946 ਵਿਚ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਜੈਪ੍ਰਕਾਸ਼ ਨਾਰਾਇਣ ਨੇ ‘ਲੋਕ ਕ੍ਰਾਂਤੀ’ ਸਿਧਾਂਤ ਦਾ ਪ੍ਰਚਾਰ ਕੀਤਾ। ਉਹ ਬਲੀਦਾਨ ਦੀ ਮੂਰਤ ਸਨ। ਉਨ੍ਹਾਂ ਨੇ ਆਜ਼ਾਦ ਭਾਰਤ ਵਿਚ ਕੋਈ ਸਰਕਾਰੀ ਅਹੁਦਾ ਸਵੀਕਾਰ ਨਹੀਂ ਕੀਤਾ। ਮੌਜੂਦਾ ਸਿਆਸਤਦਾਨਾਂ ਨੂੰ ਜੈਪ੍ਰਕਾਸ਼ ਨਾਰਾਇਣ ਤੋਂ ਸਿੱਖਣਾ ਚਾਹੀਦਾ ਹੈ।
–ਡਾ. ਰਾਮਜੀ ਲਾਲ, ਕਰਨਾਲ।
-ਮੋਬਾਈਲ : 81688-10760