ਗੋਦਾਵਰੀ ਪਰੁਲੇਕਰ ਲੋਕ ਸੰਗਰਾਮਣ, ਵਾਰਲੀ ਵਿਦਰੋਹ ਦੀ ਹੀਰੋ ਨੂੰ ਯਾਦ ਕਰਦਿਆ 

ਰਾਜਿੰਦਰ ਕੌਰ ਚੋਹਕਾ

(ਸਮਾਜ ਵੀਕਲੀ)-ਭਾਰਤ ਦੀ ਅਜ਼ਾਦੀ ਦੇ ਸੰਗਰਾਮ ਅੰਦਰ ਹਜ਼ਾਰਾਂ ਲੱਖਾਂ ਦੇਸ਼ ਵਾਸੀਆਂ, ਨਰ-ਨਾਰੀ, ਨੌਜਵਾਨਾਂ, ਦੇਸ਼ ਭਗਤਾਂ, ਕਿਰਤੀਆਂ-ਕਿਸਾਨਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਅਤੇ ਮਾਣ ਭਰੀ ਅਜ਼ਾਦੀ ਪ੍ਰਾਪਤ ਕੀਤੀ ਸੀ! ਦੇਸ਼ ਵਾਸੀਆਂ ਦਾ ਇਕੋ-ਇਕ ਨਿਸ਼ਾਨ ਸੀ, ਕਿ ਅਸੀਂ ਅਜ਼ਾਦੀ ਪ੍ਰਾਪਤ ਕਰਕੇ ਬਰਾਬਰਤਾ ‘ਤੇ ਨਿਆਂ ਦੇ ਮੌਕਿਆਂ ਰਾਂਹੀ ਗਰੀਬੀ-ਗੁਰਬਤ ਤੋਂ ਛੁਟਕਾਰਾ ਪਾਵਾਂਗੇ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਮਾਜ ਦੇ ਹਰ ਵਰਗ ਨੇ ਕੁਰਬਾਨੀਆਂ ਕਰਨ ਤੋਂ ਕੋਈ ਕਸਰ ਨਹੀਂ ਛੱਡੀ ਸੀ। ਬਸਤੀਵਾਦੀ-ਸਾਮਰਾਜੀ  ਗੋਰੀ ਸਰਕਾਰ ਦੀਆਂ ਸਖ਼ਤਾਈਆਂ, ਕੁੱਟਾਮਾਰਾਂ, ਕੈਦਾਂ ਅਤੇ ਫਾਂਸੀਆਂ ਵੀ ਦੇਸ਼ ਭਗਤ ਮਰਜੀਵੜਿਆਂ ਨੂੰ ਝੁਕਾਅ ਨਹੀਂ ਸਕੀਆਂ। ਸ਼ਹੀਦ ਭਗਤ ਸਿੰਘ ਦੇ ਸਾਥੀਆਂ, ਇਨਕਲਾਬੀਆਂ ‘ਤੇ ਵੀਰਾਂਗਣਾਂ ਦੀਆਂ ਅਥਾਹ ਕੁਰਬਾਨੀਆਂ ਨਾਲ ਭਾਰਤ ਦੀ ਅਜ਼ਾਦੀ ਦਾ ਇਤਿਹਾਸ ਭਰਿਆ ਪਿਆ ਹੈ। ਹਜ਼ਾਰਾਂ ਭਾਰਤ ਦੀਆਂ ਵੀਰਾਂਗਣਾਂ, ਕਿਰਤੀਆਂ-ਕਿਸਾਨਾਂ, ਮਜ਼ਦੂਰਾਂ ਅਤੇ ਦੇਸ਼ ਭਗਤਾਂ ਨੇ ਇਸ ਅਜ਼ਾਦੀ ਦੀ ਲਹਿਰ ਵਿਚ ਬਣਦਾ ਯੋਗਦਾਨ ਪਾਇਆ ‘ਤੇ ਕੈਦਾਂ ਕੱਟੀਆਂ। ਪਰ ! ਉਹਨਾਂ ਦੇਸ਼ ਭਗਤਾਂ ਅਤੇ ਇਨਕਲਾਬੀਆਂ ਨੇ ਫਾਂਸੀ ਦੇ ਤਖਤੇ ‘ਤੇ ਲਟਕਣ ਵੇਲੇ ਇਹ ਕਦੇ ਸੋਚਿਆ ਵੀ ਨਹੀ ਸੀ, ‘ਕਿ ਇਸ ਦੇਸ਼ ਦੀ ਰਾਜਗੱਦੀ ਦੇ ਵਾਰਸ ਅਤਿ ਦੀ ਫਿਰਕਾਪ੍ਰਸਤ, ਕਾਰਪੋਰੇਟ ਪੱਖੀ ਅਤੇ ਤਾਨਾਸ਼ਾਹ ਪਾਰਟੀ ਆਰ.ਐਸ.ਐਸ. ਦੀ ਅਗਵਾਈ ਵਾਲੀ ਬੀ.ਜੇ.ਪੀ ਰਾਜਸਤਾ ‘ਤੇ ਕਾਬਜ਼ ਹੋਵੇਗੀ ? ਅਤੇ ਲੋਕਾਂ ਨੂੰ ਇਹ ਵੀ ਆਸ ਨਹੀ ਸੀ ਕਿ ਹਾਕਮ ਦੇਸ਼ ਦੀ ਕੌਮੀ ਸੰਪਤੀ ਨੂੰ ਵੇਚ ਕੇ, ਨਿੱਜੀਕਰਨ ਰਾਂਹੀ ਲੋਕਾਂ ਦੇ ਰੁਜ਼ਗਾਰ ਖੋਹ ਕੇ ਅਤੇ ਪੂੰਜੀਪਤੀਆਂ ਨੂੰ ਲੁਟ ਲਈ ਖੁਲ੍ਹੀਆਂ ਛੁੱਟੀਆਂ ਦੇ ਕੇ, ਦੇਸ਼ ਨੂੰ, ਲੋਕਾਂ ਨੂੰ ਅਤੇ ਕਿਰਤੀ ਜਮਾਤ ਨੂੰ ਤਬਾਹੀ ਵੱਲ ਧੱਕ ਦੇਵੇਗੀ ?

ਅਜ਼ਾਦੀ ਦੇ ਸੰਗਰਾਮ ਅੰਦਰ ਅਤੇ ਅਜ਼ਾਦੀ ਦੇ ਬਾਦ ਸਮਾਜਿਕ ਪ੍ਰੀਵਰਤਨ ਲਈ ਸੰਘਰਸ਼ ਕਰਨ ਵਾਲੀ ਮਹਾਨ ਵੀਰਾਂਗਣ ਗੋਦਾਵਰੀ ਪਰੁਲੇਕਰ ਜੋ ਇਕ ਅਜ਼ਾਦੀ ਘੁਲਾਟਣ ਸੀ ਜਿਸ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਜਿਹੜੀ ਸਮਾਜ ਸੇਵਕ ਕਿਸਾਨਾਂ-ਮਜ਼ਦੂਰਾਂ ਦੀ ਮੁਕਤੀ ਲਈ ਸੰਘਰਸ਼ ਕਰਨ ਵਾਲੀ ਅਤੇ ਪ੍ਰਸਿਧ ਲੇਖਿਕਾ ‘ਤੇ ਸੀ.ਪੀ.ਆਈ.(ਐਮ) ਦਾ ਲਾਲ ਝੰਡਾ ਚੁੱਕਣ ਵਾਲੀ ਲੋਕਾਂ ਦੀ ਦੀ ਨਿਡਰ ਨਾਇਕ ਸੀ। ਜੋ ਸਾਰੀ ਉਮਰ ਆਪਣੇ ਪਤੀ ਨਾਲ ਮਿਲ ਕੇ ਪਹਿਲਾਂ ਬਰਤਾਨਵੀ ਸਾਮਰਾਜ ਵਿਰੁੱਧ ਦੇਸ਼ ਦੀ ਅਜ਼ਾਦੀ ਲਈ ਅਤੇ ਬਾਦ ਸਰਵਹਾਰੇ ਦੀ ਮੁਕਤੀ ਲਈ ਸਾਰੀ ਉਮਰ ਉਹ ਲੜਦੀ ਰਹੀ। ਇਸ ਮਹਾਨ ਵੀਰਾਂਗਣ ਦਾ ਜਨਮ 14-ਅਗਸਤ 1907 ਨੂੰ ਪੂਨਾ (ਮਹਾਂਰਾਸ਼ਟਰ) ਵਿਖੇ ਇਕ ਖਾਂਦੇ-ਪੀਂਦੇ ‘ਤੇ ਸਰਦੇ-ਪੁੱਜਦੇ ਪ੍ਰੀਵਾਰ ਵਿਚ ਹੋਇਆ। ਮੁੱਢਲੀ ਵਿਦਿਆ ਸਥਾਨਕ ਸਕੂਲ ‘ਚ ਚੰਗੇ ਨੰਬਰ ਲੈਕੇ ਪ੍ਰਾਪਤ ਕੀਤੀ। ਪਹਿਲਾ ਫਰਗੂਸਨ ਕਾਲਿਜ ਤੋਂ ਡਿਗਰੀ ਅਤੇ ਫਿਰ ਐਲ.ਐਲ.ਬੀ. ਦੀ (ਕਾਨੂੰਨ ਦੀ) ਡਿਗਰੀ ਪ੍ਰਾਪਤ ਕਰਨ ਵਾਲੀ ਉਹ ਮਹਾਂਰਾਸ਼ਟਰ ਦੀ ਪਹਿਲੀ ਇਸਤਰੀ ਸੀ। ਕਾਲਿਜ ਦੀ ਪੜ੍ਹਾਈ ਦੌਰਾਨ ਹੀ ਉਹ ਦੇਸ਼ ਦੀ ਅਜ਼ਾਦੀ ਲਈ ਬਰਤਾਨਵੀ ਸਾਮਰਾਜੀ ਗੋਰੀ ਸਰਕਾਰ ਦੇ ਵਿਰੁੱਧ ਵਿਦਿਆਰਥੀ ਅੰਦੋਲਨ ‘ਚ ਸ਼ਾਮਲ ਹੋ ਗਈ ਸੀ। ਇਹ ਉਸ ਦੀ ਜ਼ਿੰਦਗੀ ਦਾ ਕਿਰਤੀ ਲੋਕਾਂ ਦੀ ਸੇਵਾ ਕਰਨ ਲਈ ਪਹਿਲਾ ਰਾਜਨੀਤਕ ਪੜਾਅ ਸੀ। ਇਸ ਤੋਂ ਬਾਦ ਉਸ ਨੇ ਆਪਣੇ ਆਪ ਨੂੰ ਲੋਕਾਂ ਦੀ ਮੁਕਤੀ ਲਈ ਪੂਰੀ ਤਰ੍ਹਾਂ ਅਰਪਨ ਕਰ ਦਿੱਤਾ। ਉਸ ਨੇ ਫਿਰ ਕਈ ਵਿਅਕਤੀਗਤ ਸਤਿਆਗ੍ਰਹਿਾਂ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਉਸ ਦਾ ਇਹ ਵਰਤਾਰਾ ਪ੍ਰੀਵਾਰ ਨੂੰ ਚੰਗਾਂ ਨਹੀ ਲੱਗਿਆ ਅਤੇ ਉਸਨੇ ਘਰ ਛੱਡ ਦਿੱਤਾ। ਫਿਰ ਉਹ ਬੰਬਈ (ਮੁਬੰਈ) ਚਲੀ ਗਈ ‘ਤੇ ਸਮਾਜ ਸੇਵੀ ਸੰਸਥਾਂ ਵਿਚ ਸ਼ਾਮਲ ਹੋ ਗਈ। ਪਹਿਲੀ ਵਾਰ ਗੋਦਾਵਾਰੀ ਨੂੰ 1932 ‘ਚ ਗੋਰੀ ਸਰਕਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿਚ ਡੱਕ ਦਿੱਤਾ।

ਰਿਹਾਈ ਬਾਦ ਉਹ ‘‘ਸਰਵੈਂਟ ਆਫ ਇੰਡੀਆ ਸੋਸਾਇਟੀ“ ਵਿਚ ਸ਼ਾਮਲ ਹੋ ਗਈ। 1937 ‘ਚ ਉਸ ਨੇ ਗਰੀਬ ਇਸਤਰੀਆਂ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪਰ ! ਉਹ ਇਕ ਬੌਧਿਕ ਪ੍ਰਤੀਭਾ ਵਾਲੀ ਕੁਝ ਕਰਨ ਵਾਲੀ ਇਸਤਰੀ ਸੀ। ਇਸ ਲਈ ਉਸ ਨੇ 1938-39 ਵਿਚ ਕਿਸਾਨਾਂ ਨੂੰ ਜੱਥੇਬੰਦ ਕਰਨ ਲਈ ਮਹਾਂਰਾਸ਼ਟਰ ਦੇ ਥਾਣੇ ਜ਼ਿਲੇ ਨੂੰ ਆਪਣਾ ਕੇਂਦਰ ਬਣਾ ਲਿਆ। ਇਥੇ ਹੀ ਉਸ ਦੀ ਮੁਲਾਕਾਤ ‘‘ਸਰਵਿਸ ਆਫ ਇੰਡੀਆਂ ਸੋਸਾਇਟੀ“ ਦੇ ਇਕ ਮੈਂਬਰ ਸ਼ਾਮਰਾਓ ਪਾਰੁਲੇਕਰ ਨਾਲ ਹੋਈ ਅਤੇ ਇਨ੍ਹਾਂ ਦੋਨਾਂ ਨੇ ਆਪਣੀ ਜ਼ਿੰਦਗੀ ‘ਚ ਇਕ ਦੂਸਰੇ ਦਾ ਸਾਥ ਦੇਣ ਲਈ 1938 ‘ਚ ਵਿਆਹ ਕਰਵਾ ਲਿਆ। ਭਾਵੇਂ ! ਗੋਦਾਵਰੀ ਅਤੇ ਸ਼ਾਮਰਾਓ ਦੀ ਵਿਚਾਰਧਾਰਾ ‘‘ਸਰਵੈਂਟ ਆਫ ਇੰਡੀਆਂ ਸੋਸਾਇਟੀ“ ਨਾਲ ਮੇਲ ਨਹੀਂ ਖਾਂਦੀ ਸੀ। ਪਰ ! ਉਨ੍ਹਾਂ ਨੇ ਸੋਸਾਇਟੀ ਛੱਡ ਦਿੱਤੀ ਅਤੇ ਦੂਸਰੇ ਸੰਸਾਰ ਯੁੱਧ ਦੌਰਾਨ ਅੰਗਰੇਜ਼ਾਂ ਦੇ ਰਵੱਈਏ ਦੀ ਭਾਰੀ ਵਿਰੋਧਤਾ ਕੀਤੀ।ਉਹ ਦੋਨੋ ਕਿਰਤੀਆਂ ਦੀ ਮੁਕਤੀ ਪ੍ਰਤੀ ਸੰਜੀਦਾ ਸਨ। ਇਸ ਲਈ ਉਨ੍ਹਾਂ ਦੋਨਾਂ ਨੇ ਸੀ.ਪੀ.ਆਈ. ਪਾਰਟੀ ‘ਚ ਸ਼ਾਮਲ ਹੋਣਾ ਤੈਅ ਕਰ ਲਿਆ ਅਤੇ 1939 ਵਿੱਚ ਉਨ੍ਹਾਂ ਨੇ ਪਾਰਟੀ ਜੋਇੰਨ ਕਰ ਲਈ। ਗੋਦਾਵਰੀ ਦਾ ਮੰਨਣਾ ਸੀ ਕਿ ਮਜ਼ਦੂਰ ਵਰਗ ਅਤੇ ਕਿਸਾਨਾਂ ਨੂੰ ਜਥੇਬੰਦ ਕਰਕੇ ਹੀ ਬਰਤਾਨਵੀ ਸਾਮਰਾਜ ਵਿਰੁੱਧ ਸੰਘਰਸ਼ਾਂ ਰਾਂਹੀ ਹੀ ਦੇਸ਼ ਨੂੰ ਅਜ਼ਾਦੀ ਮਿਲ ਸਕਦੀ ਹੈ। 1917 ਦੇ ਰੂਸੀ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦਾ ਸਾਰੀ ਦੁਨੀਆਂ ‘ਤੇ ਬਹੁਤ ਪ੍ਰਭਾਵ ਪਿਆ ਸੀ। ਇਹ ਦੋਨੋ ਬੌਧਿਕ ਪ੍ਰਤਿਭਾ ਵਾਲੇ ਨੌਜਵਾਨ ਸਨ। ਉਨ੍ਹਾਂ ਦਾ ਕਮਿਊਨਿਸਟ ਲਹਿਰ ਨਾਲ ਜੁੜਨਾ ਵੀ ਸੁਭਾਵਿਕ ਹੀ ਸੀ। ਉਸ ਵੇਲੇ ਭਾਰਤ ਦੇ ਬੌਧਿਕ ਖੇਤਰ ਅੰਦਰ ਨੌਜਵਾਨਾਂ ਦਾ ਝੁਕਾਅ ਕਮਿਊਨਿਸਟ ਵਿਚਾਰਧਾਰਾ ਵੱਲ ਵੱਧ ਰਿਹਾ ਸੀ। ਮੁੰਬਈ ਵਿਖੇ ਮਜ਼ਦੂਰਾਂ ਵਲੋਂ ਜੰਗ ਵਿਰੁੱਧ ਹੜਤਾਲ ਦਾ ਬਿਗੁਲ ਵਜਾ ਦਿੱਤਾ ਗਿਆ। ਇਹ ਗੋਰੀ ਸਰਕਾਰ ਵਿਰੁੱਧ ਬਹੁਤ ਵੱਡੀ ਕਿਰਤੀ ਹੜਤਾਲ ਸੀ। ਜਿਸ ਵਿੱਚ ਉਹ ਸ਼ਾਮਲ ਹੋ ਗਏ।

ਇਹ ਉਹ ਸਮਾਂ ਸੀ ਜਦੋਂ ਦੇਸ਼ ਅੰਦਰ ਅੰਗ੍ਰੇਜ਼ੀ ਹਾਕਮਾਂ ਵਿਰੁੱਧ ਲੋਕ ਸੰਘਰਸ਼ ਅੱਗੇ ਵੱਧ ਰਿਹਾ ਸੀ। ਸਰਕਾਰ ਨੇ ਬਹੁਤ ਸਾਰੇ ਆਗੂਆਂ ਨੂੰ ਜੇਲ੍ਹਾਂ ‘ਚ ਬੰਦ ਕਰ ਦਿੱਤਾ। ਗੋਦਾਵਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਹ 1940 ਤੋਂ 42 ਤੱਕ ਜੇਲ੍ਹ ‘ਚ ਬੰਦ ਰਹੀ। ਰਿਹਾਈ ਤੋਂ ਬਾਦ ਉਸ ਨੇ ਫਿਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕਰਨਾ ਜਾਰੀ ਰੱਖਿਆ। ਫਿਰ ਪਰੁਲੇਕਰ ਜੋੜੀ ਨੇ ਨਿੱਠ ਕੇ ‘‘ਵਾਰਲੀ“ ਆਦਿਵਾਸੀ ਖੇਤਰ ਦੇ ਆਦਿਵਾਸੀ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਥਾਨੇ ਦੇ ਇਸ ਖੇਤਰ ਦੇ ਆਦਿਵਾਸੀ ਲੋਕਾਂ ਦਾ ਜਗੀਰਦਾਰਾਂ ਵਲੋਂ ਜ਼ੁਲਮ ‘ਤੇ ਸ਼ੋਸ਼ਣ ਕੀਤਾ ਜਾਂਦਾ ਸੀ, ਉਨ੍ਹਾਂ ਨੂੰ ਨਾ ਤਾਂ ਮਜ਼ਦੂਰੀ ਦਿੱਤੀ ਜਾਂਦੀ ਸੀ ‘ਤੇ ਬੰਧੂਆਂ ਮਜ਼ਦੂਰਾਂ ਵਾਂਗ ਉਨ੍ਹਾਂ ਤੋਂ ਕੰਮ ਲਿਆ ਜਾਂਦਾ ਸੀ। ਇਸ ਸ਼ੋਸ਼ਣ ਵਿਰੁੱਧ ਇਸ ਜੋੜੀ ਨੇ 1945-47 ਤੱਕ ਇਸ ਖੇਤਰ ਵਿਚ ਸ਼ੋਸ਼ਣ ਵਿਰੁੱਧ ਹੱਕਾ ਲਈ ਉਠੋ ‘‘ਵਿਦਰੋਹ“ ਦੀ ਅਗਵਾਈ ਕੀਤੀ। ਦ੍ਰਿੜ ਇਰਾਦੇ ਅਤੇ ਲੋਕਾਂ ਦੀ ਏਕਤਾ ਨਾਲ ਆਦਿਵਾਸੀ ਲੋਕਾਂ ਦੀ ਜਿੱਤ ਹੋਈ। ਪਰੁਲੇਕਰ ਜੋੜੀ ਵਲੋਂ ‘‘ਵਾਰਲੀ“ ਆਦਿਵਾਸੀ ਵਿਦਰੋਹ ਸਬੰਧੀ ਬਹੁਤ ਹੀ ਇਤਿਹਾਸਕ ਇਨਕਲਾਬੀ ‘ਤੇ ਆਦਿਵਾਸੀ ਲੋਕਾਂ ਦੇ ਸੰਘਰਸ਼ ਸਬੰਧੀ ਇਕ ਕਿਤਾਬ ‘‘ਜੇਵਹਾ ਮਾਨੁਸ ਜਗਾ ਹੋਵੇ“ ਮਰਹੱਟੀ ਬੋਲੀ ‘ਚ ਲਿੱਖ ਕੇ ਲੋਕਾਂ ਨੂੰ  ਦਿੱਤੀ ‘ਤੇ ਉਨ੍ਹਾਂ ਨੂੰ ਜਾਗਰੂਕ ਕੀਤਾ। ਇਸ ਕਿਤਾਬ ਨੂੰ ਬਾਦ ਵਿਚ ਸਾਹਿਤ ਅਕੈਡਮੀ ਪੁਰਸਕਾਰ ਵੀ ਮਿਲਿਆ ਸੀ।

1964 ‘ਚ ਸੀ.ਪੀ.ਆਈ. ਅੰਦਰ ਵਿਚਾਰਧਾਰਕ ਮੱਤ-ਭੇਦ ਪੈਦਾ ਹੋਣ ਕਾਰਨ ਹੋਂਦ ਵਿਚ ਆਈ ਸੀ.ਪੀ.ਆਈ.(ਐਮ) ਦੇ ਉਹ ਦੋਨੋ ਮੈਂਬਰ ਬਣ ਗਏ ਅਤੇ ਸਾਰੀ ਉਮਰ ਉਹ ਇਸ ਪਾਰਟੀ ਦੇ ਮੈਂਬਰ ਰਹੇ। ਅਜ਼ਾਦੀ ਤੋਂ ਬਾਦ ਗੋਦਾਵਰੀ ਨੇ ‘‘ਵਾਰਲੀ“ ਤੇ ਆਦਿਵਾਸੀ ਲੋਕਾਂ ਦੇ ਅਧਿਕਾਰਾਂ ਲਈ ਲੜਦਿਆਂ ਜ਼ਿੰਦਗੀ ਲਾ ਦਿੱਤੀ। ਇਨਕਲਾਬੀ ਜੋੜੀ ਨੇ 1961 ਵਿਚ ਆਦਿਵਾਸੀ ਲੋਕਾਂ ਦੇ ਅਧਿਕਾਰਾਂ ਲਈ ਇਕ ‘‘ਆਦਿਵਾਸੀ ਪ੍ਰਗਤੀ ਮੰਡਲ“ ਦੀ ਸਥਾਪਨਾ ਵੀ ਕੀਤੀ। ਸਾਲ 1965 ਵਿਚ ਗੋਦਾਵਰੀ ਦੇ ਜੀਵਨ ਸਾਥੀ ਸ਼ਾਮਰਾਓ ਸਦੀਵੀਂ ਵਿਛੋੜਾ ਦੇ ਗਏ। ਫਿਰ ਵੀ ਗੋਦਾਵਰੀ ਨੇ ਕੁੱਲ-ਹਿੰਦ-ਕਿਸਾਨ-ਸਭਾ ਦੇ ਨਾਲ ਆਪਣਾ ਨਾਤਾ ਜੋੜੀ ਰੱਖਿਆ ਅਤੇ ਮਹਾਂਰਾਸ਼ਟਰ ਵਿਚ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। 1986 ‘ਚ ਗੋਦਾਵਰੀ ਨੂੰ ਕੁੱਲ-ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਜੁੰਮੇਵਾਰੀ ਸੌਂਪੀ ਗਈ। ਸਿਹਤ ਠੀਕ ਨਾ ਹੋਣ ਦੇ ਬਾਵਜੂਦ ਵੀ ਉਹ ਕਿਸਾਨਾਂ-ਮਜ਼ਦੂਰਾਂ ਨੂੰ ਲਾਮਬੰਦ ਕਰਨ ਵਿਚ ਸਾਰੀ ਜ਼ਿੰਦਗੀ ਸੰਘਰਸ਼ ਕਰਦੀ ਰਹੀ। ਗੋਦਾਵਰੀ ਪਰੁਲੇਕਰ ਇਨਕਲਾਬੀ ਸੰਘਰਸ਼ ਕਰਨ ਵਾਲੀ ਵੀਰਾਂਗਣ ਹੀ ਨਹੀਂ ਸੀ ਸਗੋਂ ਉਹ ਇਕ ਵੱਧੀਆ ਲੇਖਿਕਾ ਵੀ ਸੀ। ਉਸ ਨੇ ਆਪਣੀ ਜੀਵਨੀ ਲਿੱਖੀ, ਜਿਵਹਾ ਮਾਨੁਸ ਜਗਾ ਹੋਵੇ, ਆਦਿਵਾਸੀ ਵਿਦਰੋਹ  ਜੋ ‘ਵਾਰਲੀ` ਕਿਸਾਨਾਂ ਦੇ ਇਨਕਲਾਬੀ ਸੰਘਰਸ਼ ਦੀ ਕਹਾਣੀ, ਬਾਂਦੀ ਵਾਸਚੀ ਆਠ ਵਰਸ਼ (ਜੇਲ੍ਹ ਅੰਦਰ 8-ਸਾਲ) ਜੀਵਨੀ ‘ਤੇ ਹੋਰ ਬਹੁਤ ਸਾਰਾ ਸਾਹਿਤ ਰੱਚਿਆ।

ਮਹਾਨ ਵੀਰਾਂਗਣ ਗੋਦਾਵਰੀ ਦੇ ਭਾਰਤ ਵਿਚ ਹਾਸ਼ੀਏ ‘ਤੇ ਰਹਿਣ ਵਾਲੇ ਦਲਿਤ ਭਾਈਚਾਰੇ ਨੂੰ, ਉਨ੍ਹਾਂ ਦੇ ਉਠਾਨ ਲਈ ਕੀਤੀ ਸੇਵਾ ਭਾਵਨਾ ਲਈ ‘‘ਲੋਕ ਮਾਨਿਆ ਤਿਲਕ ਪੁਰਸਕਾਰ“ ਅਤੇ ‘‘ਸਾਵਿਤਰੀ ਬਾਈ ਫੂਲੇ ਪੁਰਸਕਾਰ“ ਨਾਲ  ਸਨਮਾਨਿਤ ਕੀਤਾ ਗਿਆ ਸੀ। ਇਹ ਮਹਾਨ ਦੇਸ਼ ਭਗਤ, ਮਾਰਕਸਵਾਦੀ ਆਗੂ ‘ਤੇ ਚਿੰਤਕ, ਲੇਖਕ ਅਤੇ ਕਿਸਾਨਾ-ਮਜ਼ਦੂਰਾਂ ਦੀ ਚਹੇਤੀ 8-ਅਕਤੂਬਰ 1996 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਕੇ ਕਿਰਤੀਆਂ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਇਨਕਲਾਬੀ ਸੁਨੇਹਾ ਦੇ ਗਈ। ਗੋਦਾਵਰੀ ਸੀ.ਪੀ.ਆਈ.(ਐਮ) ਦੀ ਮਹਾਂਦਰਾਸ਼ਟਰ ‘ਤੇ ਦੇਸ਼ ਦੀ ਇਕ ਮਹਾਨ ਕਮਿਊਨਿਸਟ ਆਗੂ ਵੀ ਸੀ। ਜਿਸ ਨੇ ਆਪਣਾ ਘਰ-ਬਾਰ ਛੱਡ ਕੇ ਅਵਾਮ ਦੀ ਮੁਕਤੀ ਲਈ ਆਪਣਾ ਸਾਰਾ ਜੀਵਨ ਕੁਰਬਾਨ ਕਰ ਦਿੱਤਾ। ਅਪ੍ਰੈਲ 1995 ਨੂੰ ਸੀ.ਪੀ.ਆਈ.(ਐਮ) ਦੀ 15-ਵੀਂ ਪਾਰਟੀ ਕਾਂਗਰਸ ਜੋ ਚੰਡੀਗੜ੍ਹ ਹੋ ਰਹੀ ਸੀ, ਬੀਮਾਰੀ ਦੀ ਹਾਲਤ ਕਰਨ ਇਸ ਕਾਂਗਰਸ ਵਿੱਚ ਸ਼ਾਮਲ ਤਾਂ ਨਹੀ ਹੋ ਸਕੀ ਸੀ, ਪਰ ! ਪਰ ਉਸ ਨੇ ਸਾਥੀਆਂ ਨੂੰ ਇਕ ਬਹੁਤ ਹੀ ਇਨਕਲਾਬੀ ਪਰ ! ਜਾਨ ਪਾਉਣ ਵਾਲਾ ਇਕ ਸੁਨੇਹਾ ਦਿੱਤਾ, ‘‘ਸਾਥਿਓ ! ਮੈਂ ਆਪਣੇ ਜੀਵਨ ਦੇ ਆਖਰੀ ਪੜਾਓ ‘ਤੇ ਖੜੀ ਹਾਂ। ਪਰ! ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਅਤੇ ਮਾਣ ਵੀ ਕਰਦੀ ਹਾਂ ਕਿ ਮੈਂ ਆਪਣੇ ਜੀਵਨ ਦੇ 50 ਸਾਲ ਕਮਿਊਨਿਸਟ ਪਾਰਟੀ, ਕਿਸਾਨਾਂ-ਮਜ਼ਦੂਰਾਂ ‘ਤੇ ਸਰਵਹਾਰੇ ਦੀ ਮੁਕਤੀ ਲਈ ‘ਵਿਦੇਸ਼ੀ ਅਤੇ ਦੇਸੀ ਸ਼ੋਸ਼ਣ ਕਰਨ ਵਾਲੀਆਂ ਸ਼ਕਤੀਆਂ ਵਿਰੁਧ ਚਲ ਰਹੇ ਅੰਦੋਲਨਾਂ ‘ਚ ਹਿੱਸਾ ਪਾਇਆ ਹੈ ! ਮੈਂ ਇਸ ਲਈ ਸੰਤੁਸ਼ਟ ਹਾਂ, ਕਿ ਮੈਂ ਸੀ.ਪੀ.ਆਈ.(ਐਮ) ਜਿਸ ਦੀ ਮੈੈਂ ਮੈਂਬਰ ਹਾਂ, ਜਿਹੜੀ ਮਾਰਕਸਵਾਦ: ਲੈਨਿਨਵਾਦ ‘ਚ ਮਜ਼ਬੂਤੀ ਨਾਲ ਵਿਸ਼ਵਾਸ਼ ਰੱਖਦੀ ਹੈ ‘ਤੇ ਜਿਹੜੀ ਭਾਰਤ ਅੰਦਰ ਕਰੋੜਾਂ ਕਿਰਤੀਆਂ ਦੀ ਮੁਕਤੀ ਲਈ ਸਮਾਜਿਕ ਪ੍ਰੀਵਰਤਨ ਚਾਹੁੰਦੀ ਹੈ ‘ਤੇ ਸੰਘਰਸ਼ਸ਼ੀਲ ਹੈ ! ਮੇਰੀ ਉਸ ਪਾਰਟੀ ਨੂੰ ਇਨਕਲਾਬੀ ਸ਼ੁਭ-ਇਤਾਵਾਂ।“

ਗੋਦਾਵਰੀ ਪਰੁਲੇਕਰ ਇਕ ਪਰਪੱਕ ਕਮਿਊਨਿਸਟ ਸੀ, ਜੋ ! ਸਾਡੇ ਲਈ ਆਪਣੇ ਜੀਵਨ ਦੀਆਂ ਇਤਿਹਾਸਕ ਪ੍ਰਾਪਤੀਆਂ ਅਤੇ ਯਾਦਗਾਰੀ ਦਸਤਾਵੇਜ਼ ਛੱਡ ਗਈ ਹੈ। ਜੋ ਸਾਡੇ ਸਭ ਲਈ ਇਕ ਚਾਨਣ-ਮੁਨਾਰਾ ਹਨ ! 8-ਅਕਤੂਬਰ ਨੂੰ ਜਦੋਂ ਉਹ ਦੁਨੀਆਂ ਤੋਂ ਰੁਖਸਤ ਹੋਈ ਤਾਂ ! ਉਸ ਦਿਨ ‘‘ਥਾਣੇ“ ਦੇ ਸ਼ਹੀਦ ਹੋਏ ‘‘10“ ਅਤੇ ਜ਼ਖ਼ਮੀ ਹੋਏ ਸੌ ਤੋਂ ਵੱਧ ਆਦਿਵਾਸੀ ਲੋਕਾਂ ਦੀ 51-ਵੀਂ ਸਲਾਨਾ ਸ਼ਹੀਦੀ ਬਰਸੀ ਸੀ। ਗੋਦਾਵਰੀ ਪਰੁਲੇਕਰ ਨੂੰ ‘‘ਤਾਲਾਸਰੀ“ ਦੇ ਉਸ ਸਥਾਨ ‘ਤੇ ਹੀ ਉਸ ਦਾ ਸੰਸਕਾਰ ਕੀਤਾ ਗਿਆ ਸੀ।10,000 (ਦਸ ਹਜ਼ਾਰ) ਤੋਂ ਵੱਧ ਲੋਕਾਂ ਨੇ ਲਾਲ ਝੰਡੇ ਲੈ ਕੇ ਉਸ ਨੂੰ ਹੰਝੂਆਂ ਭਰੀ ਵਿਦਾਇਗੀ ਦਿੱਤੀ ਸੀ। ਉਨ੍ਹਾਂ ਦੇ ਸੰਸਕਾਰ ਸਮੇਂ ਸੀ.ਪੀ.ਆਈ.(ਐਮ) ਦੇ ਕੁੱਲ-ਹਿੰਦ ਆਗੂ, ਕਿਸਾਨਾਂ ਮਜ਼ਦੂਰਾਂ ਦੇ ਆਗੂ ਅਤੇ ਮਹਾਂਰਾਸ਼ਟਰ ਸੂਬੇ ਦੀ ਪਾਰਟੀ ਆਗੂ ਅਤੇ ਦੂਸਰੀਆਂ ਪਾਰਟੀ ਦੇ ਆਗੂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਏ ਹੋਏ ਸਨ। ਸੀ.ਪੀ.ਆਈ.(ਐਮ) ਦੀ ਪੋਲਿਟ ਬੀਰਿਊ  ਨੇ ਗੋਦਾਵਰੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਸ ਨੂੰ ਪਾਰਟੀ ਦਾ ਇਕ ਸਿਧਾਂਤਕ ਇਨਕਲਾਬੀ ਚਾਨਣ-ਮਿਨਾਰਾ ਦੱਸਿਆ ਜੋ ਸਾਰਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਖ਼ਸ਼ੀਅਤ ਸੀ, ਕਿਹਾ ! ਕੁੱਲ-ਹਿੰਦ ਕਿਸਾਨ ਸਭਾ ਵਲੋਂ ਵੀ ਅਜਿਹੀ ਹੀ ਸ਼ਰਧਾਂਜਲੀ ਭੇਂਟ ਕੀਤੀ ਗਈ, ਜਿਹੜੀ ਦੱਬੇ-ਕੁਚਲੇ ਆਵਾਮ, ਕਿਸਾਨਾਂ-ਮਜ਼ਦੂਰਾਂ ਅਤੇ ਕਿਰਤੀਆਂ ਲਈ ਜਿਊਂਦੀ ਰਹੀ। ਉਹ ਜ਼ਿੰਦਗੀ ਭਰ ਸੰਘਰਸ਼ੀਲ ਰਹੀ ਅਤੇ ਲੋਕਾਂ ਨੂੰ ਜੱਥੇਬੰਦ ਕਰਨ ਲਈ ਆਖਰੀ ਪਲਾਂ ਤਕ ਉਹ ਲੜਦੀ ਰਹੀ।

ਗੋਦਾਵਰੀ ਪਰੁਲੇਕਰ ਨੇ ਆਪਣੀ ‘‘ਵਸੀਅਤ“ ਜੋ ਆਪਣੇ ਮਰਨ ਤੋਂ ਤਿੰਨ ਸਾਲ ਪਹਿਲਾਂ ਲਿੱਖੀ ਗਈ ਸੀ ਰਾਹੀਂ ਉਸ ਨੇ ਆਪਣੇ ਜੀਵਨ ਦਾ ਨਿਚੋੜ ਪੇਸ਼ ਕਰਦੇ ਹੋਏ ਸਾਨੂੰ ਅੱਗੇ ਵੱਧਣ ਲਈ ਹੱਲਾਸ਼ੇਰੀ ਦਿੰਦਿਆ ਕਿਹਾ, ‘‘ਕਿ ਮੇਰੇ ਮਰਹੂਮ ਪਤੀ ਸ਼ਾਮਰਾਓ ਪਰੁਲੇਕਰ ਅਤੇ ਮੈਂ ਇਕਠਿਆਂ ਨੇ ਮਿਲ ਕੇ ਕਿਰਤੀਆਂ-ਕਿਸਾਨਾਂ, ਆਦਿਵਾਸੀ, ਇਸਤਰੀਆਂ ਅਤੇ ਸਾਰੇ ਸ਼ੋਸ਼ਿਤ ਵਰਗ ਦੀਆਂ ਜੱਥੇਬੰਦੀਆਂ ਰਾਂਹੀ, ਉਨ੍ਹਾਂ ਦੀ ਬਿਹਤਰੀ ਲਈ ਹੀ ਸੰਘਰਸ਼ ਕੀਤਾ ਹੈ। ਇਸ ਤਰ੍ਹਾਂ ਅਸੀਂ ਦੋਨੋ ਹੀ ਪੂਰੀ ਤਰ੍ਹਾਂ ਸੀ.ਪੀ.ਆਈ.(ਐਮ) ਪ੍ਰਤੀ ਸਮਰਪਤ ਰਹੇ ਹਾਂ ! ਕੁਦਰਤੀ ‘‘ਸਾਡੀ  ਪਾਰਟੀ ਦੇ ਵਿਚਾਰ ਅਤੇ ਅਸੀਂ ਪਾਰਟੀ ਦੇ ਵਿਚਾਰਾਂ ਨਾਲ ਇਕ-ਮਿਕ ਰਹੇ ਹਾਂ। ਇਸ ਤੋਂ ਬਿਨ੍ਹਾਂ ਨਾ ਤਾਂ ਸਾਡਾ ਕੋਈ ਹੋਰ ਇਰਾਦਾ ਸੀ ਅਤੇ ਨਾ ਹੀ ਕੋਈ ਹੋਰ ਦਿਲਚਸਪੀ ਸੀ। ਸਭ ਕੁਝ ਸੀ.ਪੀ.ਆਈ.(ਐਮ) ਦੇ ਫੈਸਲਿਆਂ ਦੇ ਅਨੁਸਾਰ ਹੀ ਕੀਤਾ। ਇਸ ਸੋਚ ‘ਤੇ ਚਲਦਿਆਂ ਮੈਂ ਆਪਣੀ ਸਾਰੀ ਹੀ ਸੰਪਤੀ ਚੱਲ ਤੇ ਅਚਲ ਸੀ.ਪੀ.ਆਈ.(ਐਮ) ਨੂੰ ਸੌਂਪਦੀ ਹਾਂ।“

ਇਹ ਸੀ ! ਇਸ ਮਹਾਨ ਵੀਰਾਂਗਣ, ਕਮਿਊਨਿਸਟ ਆਗੂ, ਕਿਰਤੀਆਂ-ਕਿਸਾਨਾਂ, ਆਦਿਵਾਸੀਆਂ ਅਤੇ ਇਸਤਰੀਆਂ ਦੀ ਚਹੇਤੀ ਲੋਕ ਨਾਇਕ ਦੀ ਵਸੀਅਤ ! ਇਹ ਸੀ ! ਗੋਦਾਵਰੀ ਪਰੁਲੇਕਰ ਅਤੇ ਸ਼ਾਮਰਾਓ ਪਰੁਲੇਕਰ ਜੋੜੀ ਦਾ ਮਿਸਾਲੀ ਜੀਵਨ ਜੋ  ਆਉਣ ਵਾਲੀ ਅਗਲੀ ਕਮਿਊਨਿਸਟ ਪੀੜ੍ਹੀ ਲਈ ਇਕ ਇਨਕਲਾਬੀ ਰਾਹ ਸੀ।ਜੋ ਸਾਡੇ ਸਾਰਿਆਂ ਦੀ ਰਹਿਨੁਮਾਈ ਲਈ ਆਪਣਾ ਇਨਕਲਾਬੀ ਵਿਰਸਾ ਛੱਡ ਗਏ। ਆਉ ! ਦੇਸ਼ ਅੰਦਰ ਵੱਧ ਰਹੀ ਫਿਰਕਾਪ੍ਰਸਤੀ, ਏਕਾ-ਅਧਿਕਾਰਵਾਦੀ ਅਤੇ ਤਾਨਾਸ਼ਾਹੀ ਵਲ ਵਧ ਰਹੀ ਫਿਰਕੂ ਬੀ.ਜੇ.ਪੀ. ਨੂੰ ਪਸਤ ਕਰਨ ਲਈ ਦੇਸ਼ ਅੰਦਰ ਸਾਰੀਆਂ ਜਮਹੂਰੀ ਅਤੇ ਲੋਕਪੱਖੀ ਸ਼ਕਤੀਆਂ ਨੂੰ ਇੱਕਮੁੱਠ ਕਰਨ ‘ਚ ਯੋਗਦਾਨ ਪਾਈਏ ਅਤੇ ਆਜ਼ਾਦੀ ਘੁਲਾਟੀਆਂ ਦੀਆ ਕੁਰਬਾਨੀਆਂ ਨੂੰ ਯਾਦ ਕਰੀਏ।

ਰਾਜਿੰਦਰ ਕੌਰ ਚੋਹਕਾ 

91-98725-44738                                                        

001-403-285-4208                                                   

EMail: [email protected] 

Harsh Ohri

New Arya Commercial College

Kotwali Bazar

Hoshiarpur – 146001 (Punjab)

  1. 9417347447    

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਆਮ ਆਦਮੀ ਪਾਰਟੀ ਨੇ ਵਨ ਨੈਸ਼ਨ,ਵਨ ਇਲੈਕਸ਼ਨ ਦੇ ਪ੍ਰਸਤਾਵ ਦਾ ਕੀਤਾ ਵਿਰੋਧ
Next articleASI seeks eight more weeks to complete Gyanvapi mosque survey