ਯਾਦ ਰੱਖਦਾ ਵਿਸਾਖੀ

ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ)-ਅੱਜ ਬੜੇ ਦਿਨਾਂ ਬਾਅਦ ਸ਼ਾਮ ਦੀ ਸੈਰ ਕਰਨ ਦਾ ਵਕਤ ਨਿਕਲਿਆ।  ਨਹਿਰ ਵਿੱਚ ਪਾਣੀ ਛੱਡਿਆ ਜਾ ਚੁੱਕਿਆ ਤੇ ਸਰੋਂ ਦੇ ਫੁੱਲ ਪੂਰੇ ਜੋਬਨ ਤੇ ਨੇ। ਕਣਕਾਂ ਤੇ ਸਿੱਟੇ ਪੈ ਗਏ ਨੇ। ਸਰੋਂ ਦੇ  ਖੇਤਾਂ ਕੋਲੋਂ ਲੰਘਦਿਆਂ ਇੱਕ ਮਿੱਠੀ ਜਿਹੀ ਮਹਿਕ ਨਸ਼ਿਆ ਗਈ।ਬਚਪਨ ਵਿੱਚ ਗੁੜ ਦੀ ਪੱਤ ਨਿਕਲਦਿਆਂ ਕੋਲੋਂ ਆਉਦੀ ਮਹਿਕ ਚੇਤੇ ਆਈ। ਅਸੀਂ ਬੱਚਿਆਂ ਨੇ ਆਲੇ ਦੁਆਲੇ ਬੈਠੇ ਰਹਿਣਾ। ਜਦੋਂ ਪੱਤ ਕੜਾਹੇ ਵਿੱਚੋਂ ਕੱਢ ਲਈ ਜਾਣੀ ਤੇ ਕੜਾਹੇ ਨਾਲ ਲੱਗੇ ਗੁੜ ਵਿੱਚ ਤਿਲ਼ ਸੁੱਟ ਦਿੱਤੇ ਜਾਣੇ। ਜੋ ਸਵਾਦ ਤੇ ਸੁਗੰਧ ਬਚਪਨ ਵਿੱਚ ਮਾਣੀ ਸੀ ਉਹ ਕਿਸੇ ਵੀ ਹੱਟ ਬਜ਼ਾਰ ਵਿੱਚੋ ਮਿਲਣੀ ਮੁਮਕਿਨ ਨਹੀਂ। ਪਿਛਲੇ ਸਾਲ ਇਹਨਾਂ ਦਿਨਾਂ ਵਿੱਚ ਇੱਕ ਕੁਲੀਗ ਦੇ ਘਰ  ਸ਼ਹਿਰੋਂ ਆਈ ਲੜਕੀ ਦੀ ਯਾਦ ਆ ਗਈ। ਸਕੂਲ  ਦੇ ਕਿਚਨ ਗਾਰਡਨ ਵਿੱਚ ਲੱਗੀਆਂ ਮੂਲੀਆਂ ਤੇ ਫੁੱਲ ਪਏ ਸਨ ਤੇ ਮੂੰਗਰੇ ਲੱਗ ਰਹੇ ਸਨ। ਉਹਨੂੰ ਜਦੋਂ ਪਤਾ ਲੱਗਾ ਕਿ ਮੂੰਗਰੇ ਮੂਲੀਆਂ ਦੇ ਹੁੰਦੇ ਨੇ ਤਾਂ ਬੜੀ ਹੈਰਾਨ ਹੋਈ। ਪਰ ਸ਼ਹਿਰਾਂ ਵਾਲੇ ਹੀ ਕਿਉ ਹੁਣ ਤਾਂ ਪਿੰਡਾਂ ਦੇ ਬੱਚੇ ਵੀ ਕੁਦਰਤ ਤੋਂ ਬਹੁਤ ਦੂਰ ਹੋ ਗਏ ਨੇ। ਪਿਛਲੀ ਵਾਰ ਜਦੋਂ ਕਣਕ ਚੱੱਕੀ ਤੇ ਸੁੱਟਣ ਤੋਂ ਪਹਿਲਾਂ ਧੁੱਪੇ ਪਾਈ ਹੋਈ ਸੀ ਤਾਂ ਮੇਰੇ ਦਿਓਰ ਦੇ ਬੇਟੇ ਨੇ ਅਚਾਨਕ ਅਨੇਕਾਂ ਸਵਾਲਾਂ ਦੀ ਝੜੀ ਲਾਈ। ਕਣਕ ਕਦੋਂ ਹੁੰਦੀ,ਦਾਲ ਕਦੋਂ ਹੁੰਦੀ, ਆਲੂ ਕਦੋਂ ਹੁੰਦੇ ਮੈ ਹੱਸਦਿਆਂ ਕਿਹਾ ਬੱਲੇ ! ਜੱਟਾਂ ਦੀ ਮੋਡਰਨ ਪੀੜ੍ਹੀ ਕਦੇ ਪੈਲੀਆਂ ਵੱਲ ਜਾਓਗੇ ਤਾਂ ਪਤਾ ਲੱਗੂ ਏਦਾਂ ਕਰ ਤੂੰ ਬੀਜ ਕੇ ਵੇਖ, ਕਿਦਾਂ ਉੱਗਦੀ, ਕਦੋਂ ਪੱਕਦੀ। ਵਿਹੜੇ ਵਿੱਚ ਇੱਕ ਥਾਂ ਹੋਈ ਖਾਲੀ ਥਾਂ ਵਿੱਚ ਥਾਂ ਗੋਡ ਕੇ ਕਣਕ ਦੇ ਦਾਣੇ ਬੀਜੇ ਤੇ ਆਲੂ ਵੀ। ਹੁਣ ਪ੍ਰਯੋਗ ਦੁਆਰਾ ਸਿੱਧ ਕਰੇਗਾ। ਸਮੇਂ ਦੇ ਵਹਿਣ‌ ਵਿੱਚ ਬਹੁਤ ਤੇਜ਼ੀ ਨਾਲ ਬਹੁਤ ਕੁੱਝ ਵਹਿ ਰਿਹਾ। ਪ੍ਰੰਪਰਾਗਤ ਖੇਤੀ ਦੀ ਥਾਂ ਮਸ਼ੀਨੀ ਖੇਤੀ ਨੇ ਲੈ ਲਈ ਏ। ਲੋਕ ਕੁੱਝ ਸੁੱਖ ਰਹਿਣੇ ਵੀ ਹੋ ਗਏ।ਹੱਥੀ ਕਿਰਤ ਨੂੰ ਨਫਰਤ ਕਰਨ ਲੱਗ ਪਏ। ਇੱਕ ਦੂਜੇ ਦੇ ਦੇਖਾ ਦੇਖੀ ਅੱਡੀਆਂ ਚੁੱਕ ਚੁੱਕ ਫਾਹਾ ਲੈਣਾ ਸ਼ੁਰੂ ਕਰ ਦਿੱਤਾ। ਇਹਨਾਂ ਦਿਨਾਂ ਵਿੱਚ ਛੋਲੀਆਂ ਭੁੰਜਦਾ ਸੀ ਤੇ ਉਹਦਾ ਸਵਾਦ ਵੱਖਰਾ ਹੀ ਹੁੰਦਾ ਸੀ। ਸਰਕਾਰਾਂ  ਦੀ ਅਣਗਹਿਲੀ ਤੇ ਮੰਡੀਕਰਨ ਦੇ ਠੀਕ ਪ੍ਰਬੰਧ ਨਾ ਹੋਣ ਕਰਕੇ ਹੁਣ ਦਾਲਾਂ ਦਾ ਤਾਂ ਉੱਕਾ ਹੀ ਨਾ ਖਤਮ ਹੋ ਰਿਹਾ। ਮਾਂਹ,ਮਸਰ ਬਹੁਤ ਥੋੜੇ ਬੀਜੇ ਜਾ ਰਹੇ ਨੇ। ਮਸ਼ੀਨੀਕਰਨ ਤੇ ਵਪਾਰੀਕਰਨ ਨੇ ਸਾਥੋਂ ਬਹੁਤ ਕੁੱਝ ਖੋਹ ਲਿਆ। ਕਿਰਤ ਨੂੰ ਨਫ਼ਰਤ ਨੇ ਕੁਦਰਤ ਤੋਂ ਦੂਰੀ ਨੇ ਅਨੇਕਾਂ ਅਣਕਿਆਸੀਆਂ ਬਿਮਾਰੀਆਂ ਤੇ ਅਲਾਮਤਾਂ  ਨਾਲ ਭਰ ਦਿੱਤਾ ਹੈ। ਬੱਚਿਆਂ ਨੂੰ ਘੁੰਮਣ ਲਈ  ਪਹਾੜਾਂ ਤੇ ਲਿਜਾਓ,ਮਾੱਲ ਵਿੱਚ ਲਿਜਾਓ, ਫਿਲਮਾਂ ਦਿਖਾਓ।ਪਰ ਕਦੇ ਕਦੇ ਆਪਣੇ ਆਸੇ ਪਾਸੇ ਕਾਦਰ ਦੀ ਰਚੀ ਕੁਦਰਤ  ਸੰਗ ਬੈਠਣ ਲਈ ਵੀ ਪ੍ਰੇਰਿਤ ਕਰੋ। ਤਾਂ ਜੋ ਕਣਕਾਂ ਦੇ ਪੱਕਣ ਦਾ ਜੋ ਵਿਸਾਖੀ ਨਾਲ ਸਬੰਧ ਏ ਆਉਣ ਵਾਲੀਆਂ ਪੀੜ੍ਹੀਆਂ ਦੇ ਚੇਤਿਆਂ ਵਿੱਚ ਵੱਸਿਆ ਰਹੇ।
ਸਤਨਾਮ ਕੌਰ ਤੁਗਲਵਾਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੱਚੋ-ਸੱਚ / ਆਪਣੀ ਮਿੱਤਰਤਾ ਦਾ ਦਾਇਰਾ ਵਿਸ਼ਾਲ ਰੱਖੋ 
Next articleਮੁਹੱਬਤ