(ਸਮਾਜ ਵੀਕਲੀ)
ਤੇਰੇ ਬਿਨਾਂ ਸਾਥੀ ਸਾਡੇ ਹੰਝੂ ਨਿਰਮੋਏ ਨੇ
ਯਾਦਾਂ ਦੇ ਸੈਲਾਬ ਸਾਡੇ ਦਿਲ਼ ਚ ਸਮੋਏ ਨੇ
ਅੱਖਾਂ ਦੇ ਸਮੁੰਦਰਾਂ ਚ ਦਿਲ਼ ਦੇ ਜੋ ਸੁਪਨੇ ਸੀ
ਇੱਕੋ ਸਾਹ ਚ ਇੱਕੋ ਵੇਲੇ ਇੱਕ ਮਿੱਕ ਹੋਏ ਨੇ
ਪਲਕਾਂ ਵਿਛਾ ਕੇ ਕਦੇ ਕਰਦੇ ਉਡੀਕ ਰਹੇ
ਸਾਉਣ ਦੀ ਝੜੀ ਚ ਤਾਂ ਚਾਅ ਵੀ ਲਕੋਏ ਨੇ
ਅੰਬਰ ਦਾ ਚੰਨ ਵੀ ਗਵਾਹੀ ਕਦੇ ਭਰਦਾ ਸੀ
ਚਾਨਣੀ ‘ਚ ਕੀਤੇ ਵਾਅਦੇ ਨੇਰ੍ਹੇ ਚ ਸਮੋਏ ਨੇ
ਜੰਗਲਾਂ ਦੀ ਅੱਗ ਜੋ ਰੂਹਾਂ ਤਾਈਂ ਲੂਸ ਦੇਵੇ
ਦੁੱਖੜੇ ਉਹ ਅਸੀਂ ਤੁਸੀਂ ਕਦੋਂ ਤਾਂ ਸੰਜੋਏ ਨੇ
ਰਾਹਾਂ ਵਿੱਚ ਫੁੱਲ ਤਾਂ ਵਿਛਾਏ ਸੀ ਗੁਲਾਬ ਦੇ
ਅੱਡੀਆਂ ‘ਚ ਦੱਸ ਕੰਡੇ ਕਿਸ ਨੇ ਪਰੋਏ ਨੇ
ਜੰਗਲ ਚ ਜੁਗਨੂੰ ਟਹਿਕਦੇ ਸੀ ਦਿਲ਼ ਸਾਡੇ
ਗਰੀਬੀ ਨੇ ਲਾਡ ਸਾਡੇ ਸਾਡੇ ਤੋਂ ਹੀ ਖੋਏ ਨੇ
ਮਿਹਨਤ ਮੁਸ਼ੱਕਤਾਂ ਤੇ ਸਿਦਕ ਨੂੰ ਸਲਾਮ ਹੋਵੇ
ਕਿਰਤੀ ਹੱਥਾਂ ‘ਚ ‘ਜੀਤ’ ਸੂਰਜ ਸਮੋਏ ਨੇ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly