ਰਿਸ਼ਤੇ

"ਨੀਲਮ ਕੁਮਾਰੀ

(ਸਮਾਜ ਵੀਕਲੀ)

“ਰਿਸ਼ਤਿਆਂ ਦਾ ਨਾ ਹੋਣਾ ਏਨੀ ਤਕਲੀਫ਼ ਨਹੀਂ ਦਿੰਦਾ,
ਜਿਨਾ ਰਿਸ਼ਤਿਆਂ ਵਿੱਚ ਅਹਿਸਾਸ ਦਾ ਨਾ ਹੋਣਾ ਤਕਲੀਫ ਦਿੰਦਾ ਹੈ।”

ਰਿਸ਼ਤਿਆਂ ਦੀ ਆਪਣੀ ਹੀ ਇਕ ਦੁਨੀਆਂ ਹੁੰਦੀ ਹੈ, ਜਿਸ ਨਾਲ ਅਸੀਂ ਹਮੇਸ਼ਾ ਜੁੜੇ ਰਹਿੰਦੇ ਹਾਂ। ਸਾਡੀ ਜਿੰਦਗੀ ਦਾ ਤਾਣਾ-ਬਾਣਾ ਅਜਿਹਾ ਹੈ ਕਿ ਰਿਸ਼ਤੇ ਜੀਵਨ ‘ਚ ਉਸਰਦੇ ਅਤੇ ਢਹਿੰਦੇ ਰਹਿੰਦੇ ਹਨ। ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਸਾਡੇ ਉੱਪਰ ਜਬਰੀ ਥੋਪੇ ਹੁੰਦੇ ਹਨ। ਕੁਝ ਰਿਸ਼ਤੇ ਅਜਿਹੇ ਚੰਬੜ ਜਾਂਦੇ ਹਨ ਜਿਨ੍ਹਾਂ ਤੋਂ ਅਸੀਂ ਚਾਹੁੰਦੇ ਹੋਏ ਵੀ ਆਪਣਾ ਪਿੱਛਾ ਨਹੀਂ ਛੁਡਾ ਸਕਦੇ। ਉਹ ਤਾਂ ਸਾਰੀ ਉਮਰ ਗਲ ਨਾਲ ਲਮਕਾਉਣੇ ਪੈਂਦੇ ਹਨ।

ਖੂਨ ਦੇ ਰਿਸ਼ਤਿਆਂ ਦੀ ਜ਼ਿੰਦਗੀ ਵਿੱਚ ਆਪਣੀ ਹੀ ਅਹਿਮੀਅਤ ਹੈ ਪਰ ਸਮੇਂ ਨਾਲ ਇਹਨਾਂ ਰਿਸ਼ਤਿਆ ‘ਚ ਵੀ ਫਰਕ ਆ ਗਿਆ ਹੈ। ਅੱਜ ਕੱਲ ਰਿਸ਼ਤਿਆਂ ਦਾ ਪੈਮਾਨਾ ਸਿਰਫ ਤੇ ਸਿਰਫ ਆਰਥਿਕਤਾ ਬਣਦਾ ਜਾ ਰਿਹਾ ਹੈ। ਟੈਲੀਵੀਜ਼ਨ ਕਲਚਰ ਨੇ ਲੋਕਾਂ ਦੀ ਮਾਨਸਿਕਤਾ ਨੂੰ ਇਸ ਹੱਦ ਤੱਕ ਬਦਲ ਦਿੱਤਾ ਹੈ ਕਿ ਉਨ੍ਹਾਂ ਕੋਲ ਸੋਚਣ ਦਾ ਸਮਾਂ ਹੀ ਨਹੀਂ ਹੈ। ਪੈਸੇ ਦੀ ਦੌੜ ਨੇ ਰਿਸ਼ਤਿਆਂ ਦੀ ਤਾਣੀ ਨੂੰ ਇਸ ਕਦਰ ਉਲਝਾ ਦਿੱਤਾ ਹੈ ਕਿ ਇਹ ਰਿਸ਼ਤੇ,ਰਿਸ਼ਤੇ ਨਾ ਰਹਿ ਕੇ ਇਕ ਬੋਝ ਬਣ ਗਏ ਹਨ।

“ਪਹਿਲਾਂ ਖੂਨ ਦੇ ਰਿਸ਼ਤੇ ਹੁੰਦੇ ਸੀ,
ਅੱਜਕਲ ਰਿਸ਼ਤਿਆਂ ਦਾ ਖੂਨ ਹੁੰਦਾ ਹੈ।”

ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਖ਼ੂਨ ਦਾ ਸਬੰਧ ਨਹੀਂ ਹੁੰਦਾ ਪਰ ਉਹ ਵੱਖਰੀ ਕਿਸਮ ਦੇ ਹੁੰਦੇ ਹਨ। ਇਹ ਰਿਸ਼ਤੇ ਨਿਰ-ਸੁਆਰਥ ਅਤੇ ਸਿਰਫ ਭਾਵਨਾਵਾਂ ਵਾਲੇ ਰਿਸ਼ਤੇ ਹੁੰਦੇ ਹਨ ।ਇਹ ਰਿਸ਼ਤੇ ਜਾਤ, ਧਰਮ, ਰੰਗ, ਰੂਪ ਤੋਂ ਉਪਰ ਅਤੇ ਚਿਰ- ਸਥਾਈ ਹੁੰਦੇ ਹਨ। ਇਹ ਰਿਸ਼ਤੇ ਦਿਲੋਂ ਮੰਗੀਆਂ ਦੁਆਵਾਂ ਵਰਗੇ ਹੁੰਦੇ ਹਨ। ਇਨ੍ਹਾਂ ਰਿਸ਼ਤਿਆਂ ਵਿੱਚ ਅਪਣੱਤ ਹੁੰਦੀ ਹੈ, ਨਿੱਘ ਹੁੰਦਾ ਹੈ ,ਖਿੱਚ ਹੁੰਦੀ ਹੈ। ਪਰ ਅਜਿਹੇ ਰਿਸ਼ਤੇ ਹੁੰਦੇ ਬਹੁਤ ਘੱਟ ਹਨ।

ਰਿਸ਼ਤਿਆਂ ਨਾਲ ਜਿੰਦਗੀ ਹਸੀਨ ਬਣਦੀ ਹੈ। ਇਹ ਸਾਨੂੰ ਜੀਉਣਾ ਸਿਖਾਉਂਦੇ ਹਨ। ਜੀਵਨ ਜਾਂਚ ਦਿੰਦੇ ਹਨ। ਰਿਸ਼ਤੇ ਢਹਿੰਦਿਆਂ ਲਈ ਸਹਾਰਾ, ਸਹਿਮਿਆਂ ਲਈ ਹੌਂਸਲਾ ਅਤੇ ਕਮਜ਼ੋਰਾਂ ਲਈ ਮਜ਼ਬੂਤੀ ਬਣਦੇ ਹਨ। ਇਹ ਰੱਬੀ ਦਾਤ ਹੁੰਦੇ ਹਨ। ਜਿਸ ਕੋਲ ਕੋਈ ਖੂਬਸੂਰਤ ਰਿਸ਼ਤਾ ਹੈ ਉਸ ਨਾਲੋਂ ਵੱਧ ਅਮੀਰ ਇਸ ਦੁਨੀਆਂ ਤੇ ਕੋਈ ਨਹੀਂ ਹੈ। ਇਹ ਵਿਸ਼ਵਾਸ ਦੀ ਡੋਰੀ ਵਿਚ ਗੰਢੇ ਜਾਂਦੇ ਹਨ। ਰਿਸ਼ਤੇ ਪਿਆਰ,ਮੁਹੱਬਤ ਤੇ ਸਾਂਝ ਨਾਲ ਵਿਕਸਤ ਹੁੰਦੇ ਹਨ। ਰਿਸ਼ਤਿਆਂ ਵਿੱਚ ਉਮਰਾ ਦੀ ਕੋਈ ਹੱਦ ਨਹੀਂ ਹੁੰਦੀ। ਰਿਸ਼ਤਿਆਂ ਵਿੱਚ ਵਿਵਾਦ ਲਈ ਕੋਈ ਜਗ੍ਹਾ ਨਹੀਂ ਹੁੰਦੀ। ਜਿਸ ਤਰ੍ਹਾਂ

“ਜੇ ਸਵਾਦ ਛੱਡ ਦੇਈਏ ਤਾਂ ਸਿਹਤ ਨੂੰ ਫਾਇਦਾ,
ਜੇ ਵਿਵਾਦ ਛੱਡ ਦੇਈਏ ਤਾਂ ਰਿਸ਼ਤਿਆਂ ਨੂੰ ਫਾਇਦਾ।”

ਨੀਲਮ ਕੁਮਾਰੀ

ਪੰਜਾਬੀ ਮਿਸਟ੍ਰੈਸ

ਸਰਕਾਰੀ ਹਾਈ ਸਕੂਲ ਸਮਾਓ (97797-88365)

 

Previous articleਦੋਗਲਾ
Next articleਕਵਿਤਾ