ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਸਰਹੱਦ ’ਤੇ ਅਮਨ ਦੀ ਬਹਾਲੀ ਤੇ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਦੇ ਪਿੱਛੇ ਹਟਣ ਬਿਨਾਂ ਗੁਆਂਢੀ ਮੁਲਕ ਚੀਨ ਨਾਲ ਰਿਸ਼ਤੇ ਅੱਗੇ ਨਹੀਂ ਵਧ ਸਕਦੇ। ਉਨ੍ਹਾਂ ਪੂਰਬੀ ਲੱਦਾਖ ਵਿੱਚ ਸਰਹੱਦੀ ਹਾਲਾਤ ਦੇ ਹਵਾਲੇ ਨਾਲ ਕਿਹਾ ਕਿ ਫੌਜਾਂ ਦੀਆਂ ‘ਮੂਹਰਲੀਆਂ ਚੌਕੀਆਂ ’ਤੇ ਤਾਇਨਾਤੀ’ ਮੁੱਖ ਸਮੱਸਿਆ ਹੈ। ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਭਾਰਤ ਗੁਆਂਢੀ ਮੁਲਕ ਚੀਨ ਨਾਲ ਰਿਸ਼ਤਿਆਂ ਵਿੱਚ ਸੁਧਾਰ ਚਾਹੁੰਦਾ ਹੈ, ਪਰ ਇਹ ਤਾਂ ਹੀ ਸੰਭਵ ਹੈ ਜਦੋਂ ਸਰਹੱਦੀ ਇਲਾਕਿਆਂ ਵਿੱਚ ਅਮਨ ਤੇ ਸ਼ਾਂਤੀ ਹੋਵੇੇ। ਉਨ੍ਹਾਂ ਉੱਤਰੀ ਸਰਹੱਦ ’ਤੇ ਮੌਜੂਦਾ ਹਾਲਾਤ ਨੂੰ ਲੈ ਕੇ ਨਵੀਂ ਦਿੱਲੀ ਦੀ ਪਹੁੰਚ ਅਤੇ ਚੀਨ ਦੀ ਬੈਲਟ ਤੇ ਰੋਡ (ਪੱਟੀ ਤੇ ਸੜਕ) ਪਹਿਲਕਦਮੀ ਦੇ ਆਪਣੇ ਵਿਰੋਧ ਦੇ ਹਵਾਲੇ ਨਾਲ ਕਿਹਾ ਕਿ ਭਾਰਤ ਕਦੇ ਵੀ ਜ਼ੋਰ-ਜ਼ਬਰਦਸਤੀ, ਅਨੁਮਾਨਾਂ ਤੇ ਝੂਠੇ ਬਿਰਤਾਂਤਾਂ ਦਾ ਪ੍ਰਭਾਵ ਨਹੀਂ ਕਬੂਲਦਾ।
ਜੈਸ਼ੰਕਰ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਪੂਰਬੀ ਲੱਦਾਖ ਵਿੱਚ ਟਕਰਾਅ ਵਾਲੇ ਖੇਤਰਾਂ ’ਚੋਂ ਫੌਜਾਂ ਨੂੰ ਪਿੱਛੇ ਹਟਾਉਣ ਬਾਰੇ ਢੰਗ ਤਰੀਕੇ ਤਲਾਸ਼ਣੇ ਹੋਣਗੇ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਬਣਿਆ ਮੌਜੂਦਾ ਜਮੂਦ ਚੀਨ ਦੇ ਵੀ ਹਿੱਤ ਵਿੱਚ ਨਹੀਂ ਹੈ। ਪੱਤਰਕਾਰਾਂ ਵੱਲੋਂ ਲਾਈ ਸਵਾਲਾਂ ਦੀ ਝੜੀ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਨੇ ਕਿਹਾ, ‘‘ਗੱਲ ਇਹ ਹੈ ਕਿ ਸਬੰਧਾਂ ’ਤੇ ਅਸਰ ਪੈ ਰਿਹੈ ਤੇ ਅੱਗੋਂ ਵੀ ਰਿਸ਼ਤੇ ਅਸਰਅੰਦਾਜ਼ ਹੁੰਦੇ ਰਹਿਣਗੇ…ਜੇਕਰ ਅਜਿਹੀ ਕੋਈ ਉਮੀਦ ਲਾਈ ਜਾਂਦੀ ਹੈ ਕਿ ਸਰਹੱਦ ’ਤੇ ਅਮਨ ਤੇ ਸ਼ਾਂਤੀ ਦੀ ਬਹਾਲੀ ਬਿਨਾਂ ਅਸੀਂ ਰਿਸ਼ਤੇ ਆਮ ਵਾਂਗ ਕਰ ਲਵਾਂਗੇ ਤਾਂ ਇਸ ਵਿੱਚ ਕੋਈ ਦਮ ਨਹੀਂ ਹੈ।’’ ਚੀਨ ਵੱਲੋਂ ਭਾਰਤੀ ਖੇਤਰ ’ਤੇ ਕਬਜ਼ੇ ਬਾਰੇ ਸਥਿਤੀ ਸਪਸ਼ਟ ਕਰਨ ਨੂੰ ਲੈ ਕੇ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਕਿਹਾ, ‘‘ਅਸਲ ਸਮੱਸਿਆ ਮੂਹਰਲੀਆਂ ਚੌਕੀਆਂ ’ਤੇ ਸੁਰੱਖਿਆ ਬਲਾਂ ਦੀ ਤਾਇਨਾਤੀ ਨੂੰ ਲੈ ਕੇ ਹੈ।
ਚੀਨ ਨਾਲ ਸੰਵਾਦ ਦਾ ਦੌਰ ਨਹੀਂ ਟੁੱਟਿਆ। ਗੱਲ ਇਹ ਹੈ ਕਿ ਗਲਵਾਨ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਹੋਏ ਟਕਰਾਅ ਤੋਂ ਪਹਿਲਾਂ ਹੀ ਅਸੀਂ ਕੁਝ ਇਲਾਕਿਆਂ ’ਚ ਚੀਨੀ ਫੌਜਾਂ ਦੀ ਆਮਦੋਰਫ਼ਤ ਬਾਰੇ ਸਵਾਲ ਉਠਾਇਆ ਸੀ, ਜੋ ਸਾਡੀਆਂ ਨਜ਼ਰਾਂ ’ਚ ਦੋਵਾਂ ਧਿਰਾਂ ਵਿਚਾਲੇ ਬਣੀ ਸਮਝ ਦੀ ਉਲੰਘਣਾ ਸੀ। ਗਲਵਾਨ ਘਟਨਾ ਤੋਂ ਅਗਲੀ ਸਵੇਰ ਮੈਂ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਕੀਤੀ ਸੀ।’’ ਉਨ੍ਹਾਂ ਕਿਹਾ ਕਿ ਹੁਣ ਤੱਕ ਦੋਵਾਂ ਧਿਰਾਂ ਵਿਚਾਲੇ ਕੂਟਨੀਤਕ ਤੇ ਫੌਜੀ ਪੱਧਰ ’ਤੇ ਸੰਵਾਦ ਦਾ ਅਮਲ ਜਾਰੀ ਹੈ।’’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly