(ਸਮਾਜ ਵੀਕਲੀ)
ਪਰਵਾਹ ਭਾਵੇਂ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਇਸ ਵਿੱਚ ਪੂਰੀ ਦੁਨੀਆਂ ਸਮੋਈ ਹੋਈ ਹੈ । ਜੋ ਦੂਜਿਆਂ ਦੀ ਪਰਵਾਹ ਕਰਦੇ ਹਨ ਉਹ ਜ਼ੁੰਮੇਵਾਰੀ ਨਾਲ ਭਰਪੂਰ ਹੁੰਦੇ ਹਨ । ਪਰਵਾਹ ਤੋਂ ਭਾਵ ਹੈ ਦੂਜਿਆਂ ਵਿਅਕਤੀਆਂ ਦਾ, ਵਸਤੂਆਂ ਦਾ, ਜਾਂ ਸਮੇਂ ਦਾ ਖਿਆਲ਼ ਰੱਖਣਾ । ਹਰ ਵਿਅਕਤੀ ਵਿੱਚ ਪਰਵਾਹ ਕਰਨ ਵਾਲਾ ਗੁਣ ਮੌਜ਼ੂਦ ਹੁੰਦਾ ਹੈ । ਕੋਈ ਸਿਰਫ਼ ਆਪਣੇ-ਆਪ ਦੀ ਪਰਵਾਹ ਕਰਦਾ ਹੈ, ਕੋਈ ਆਪਣਿਆਂ ਨੂੰ ਛੱਡ ਬੇਗਾਨਿਆਂ ਦੀ ਪਰਵਾਹ ਕਰਦਾ ਹੈ, ਕੋਈ ਸਮੇਂ ਅਤੇ ਮੌਕਿਆਂ ਦੀ ਪਰਵਾਹ ਕਰਦਾ ਹੈ, ਕੋਈ ਸਿਰਫ਼ ਅਰਾਮ ਦੀ ਹੀ ਪਰਵਾਹ ਕਰਦਾ ਹੈ, ਕੋਈ ਪਰਵਾਹ ਕਰਨ ਲੱਗਾ ਵੀ ਕਾਣੀ ਵੰਡ ਕਰਦਾ ਹੈ । ਇਸ ਤਰ੍ਹਾਂ ਪਰਵਾਹ ਇੱਕ ਸੁਭਾਵਿਕ ਗੁਣ ਹੈ ।
ਵਿਅਕਤੀ ਕਿੰਨਾ ਖੁਸ਼ਹਾਲ ਹੈ, ਅਮੀਰ ਹੈ, ਪ੍ਰਸਿੱਧ ਹੈ, ਕਾਮਯਾਬ ਹੈ ਜਾਂ ਬਦਹਾਲ ਹੈ, ਗਰੀਬ ਹੈ, ਗੁੰਮਨਾਮ ਹੈ, ਅਸਫ਼ਲ ਹੈ, ਇਹ ਸਭ ਵਿਅਕਤੀ ਵੱਲੋਂ ਕੀਤੀ ਪਰਵਾਹ ‘ਤੇ ਨਿਰਭਰ ਕਰਦਾ ਹੈ । ਬਚਪਨ ਤੋਂ ਲੈ ਕੇ ਜਵਾਨੀ ਤੱਕ ਇਸ ਗੁਣ ਦੇ ਵੱਧਣ-ਫੁੱਲਣ ਦਾ ਸਮਾਂ ਹੁੰਦਾ ਹੈ । ਉਸ ਤੋਂ ਬਾਅਦ ਇਹ ਆਪਣਾ ਅਸਰ ਨਤੀਜਿਆਂ ਦੇ ਰੂਪ ਵਿੱਚ ਪਰਗਟਾਉੰਦਾ ਹੈ । ਮਸਲਨ ਜਿਹੜੇ ਬੱਚੇ ਬਚਪਨ ਤੋਂ ਹੀ ਮਿਹਨਤੀ, ਸਿਰੜੀ, ਹਠੀਲੇ ਅਤੇ ਧੁਨ ਦੇ ਪੱਕੇ ਹੁੰਦੇ ਹਨ, ਉਹ ਸਦਾ ਕਾਮਯਾਬ ਅਤੇ ਖੁਸ਼ਹਾਲ ਹੁੰਦੇ ਹਨ ਅਤੇ ਜਿਹੜੇ ਅਵੇਸਲੇ, ਸੁਸਤ ਅਤੇ ਸੋਤੂ ਤਬੀਅਤ ਵਾਲੇ ਹੁੰਦੇ ਹਨ ; ਗਰੀਬੀ ਅਤੇ ਅਸਫ਼ਲਤਾ ਉਹਨਾਂ ਦੇ ਪੱਕੇ ਸਾਥੀ ਹੁੰਦੇ ਹਨ । ਕਾਰਨ ਲਾਪਰਵਾਹੀ ਅਤੇ ਬੇਪਰਵਾਹੀ ।
ਬਹੁਤ ਵਾਰੀ ਅਕਸਰ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਮਰਦ ਜਾਤ ਦਾ ਔਰਤ ਪ੍ਰਤੀ ਬਹੁਤ ਹੀ ਲਾਪਰਵਾਹੀ ਦਾ ਵਤੀਰਾ ਹੁੰਦਾ ਹੈ। ਉਹ ਅਕਸਰ ਹੀ ਔਰਤ ਦੀ ਤੁਲਨਾ ਸੰਪਤੀ ਨਾਲ ਕਰਦੇ ਹਨ । ਮਾਂ ਭੈਣ ਦੀ ਗਾਲ੍ਹ ਅਤੇ ਮੋਟੀ-ਮੱਤ ਵਾਲੀ ਵਰਗੇ ਵਿਸ਼ੇਸ਼ਣ ਮਰਦ ਵੱਲੋਂ ਔਰਤ ਪ੍ਰਤੀ ਉਸ ਦੇ ਪਰਵਾਹ ਨਾ ਕਰਨ ਦੇ ਵਤੀਰੇ ਨੂੰ ਉਜਾਗਰ ਕਰਦੇ ਹਨ । ਅੱਜ-ਕੱਲ ਕਮਾਊ ਔਰਤ ਦੀ ਵੀ ਪਤੀ ਵੱਲੋਂ ਤਾਂ ਹੀ ਪਰਵਾਹ ਕੀਤੀ ਜਾਂਦੀ ਹੈ ਜੇਕਰ ਉਹ ਆਪਣੀ ਸਾਰੀ ਕਮਾਈ ਆਪਣੇ ਪਤੀ ਨੂੰ ਦਿੰਦੀ ਹੈ, ਨਹੀਂ ਤਾਂ ਉਸਨੂੰ ਹੰਕਾਰੀ, ਘਰ-ਪਾੜੂ, ਬਦ-ਦਿਮਾਗ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਵਿਸ਼ੇਸ਼ਣਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਅਜਿਹਾ ਘਟੀਆ ਮਾਨਸਿਕਤਾ ਵਾਲੇ ਲੋਕ ਹੀ ਕਰਦੇ ਹਨ, ਜਿੰਨ੍ਹਾਂ ਦੀ ਪਰਵਰਿਸ਼ ਸਮੇਂ ਉਹਨਾਂ ਦੇ ਮਾਤਾ-ਪਿਤਾ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਉਹਨਾਂ ਦੀ ਲਾਪਰਵਾਹੀ ਦਾ ਆਉਣ ਵਾਲੀਆਂ ਨਸਲਾਂ ਨੂੰ ਭੁਗਤਾਨ ਕਰਨਾ ਪਵੇਗਾ ।
ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੇ ਸਮੇਂ ਇਸ ਗੱਲ ਦੀ ਪਰਵਾਹ ਕਰਦੇ ਹਨ ਕਿ ਉਹ ਕੇਵਲ ਖ਼ੂਨੀ ਸਾਂਝ ਕਰਕੇ ਹੀ ਉਨ੍ਹਾਂ ਦੇ ਮਾਪੇ ਨਹੀਂ ਹਨ, ਬਲਕਿ ਬੱਚਿਆਂ ਪ੍ਰਤੀ ਉਨ੍ਹਾਂ ਦੇ ਵੀ ਬਹੁਤ ਸਾਰੇ ਫਰਜ਼ ਹਨ ; ਅਕਸਰ ਹੀ ਸਹੀ ਅਰਥਾਂ ਵਿੱਚ ਮਾਤਾ-ਪਿਤਾ ਹੁੰਦੇ ਹਨ । ਅਜਿਹੇ ਮਾਪਿਆਂ ਦੀ ਔਲਾਦ ਹੀ ਆਪਣੇ ਮਨੁੱਖਾ ਜੀਵਨ ਦਾ ਪੂਰਾ ਲਾਹਾ ਲੈਂਦੀ ਹੈ। ਇਹ ਬੱਚੇ ਵੀ ਫਿਰ ਸਮਾਜ ਨੂੰ ਅਜਿਹਾ ਕੁਝ ਦੇ ਜਾਂਦੇ ਹਨ ਕਿ ਸਮਾਜ ਸਦਾ ਲਈ ਉਨ੍ਹਾਂ ਦਾ ਕਰਜਦਾਰ ਹੋ ਜਾਂਦਾ ਹੈ । ਅਜਿਹੇ ਮਾਪਿਆਂ ਦੀ ਨਰ ਸੰਤਾਨ ਕਦੀ ਵੀ ਔਰਤ ਲਈ ਘਟੀਆ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਦੀ ਅਤੇ ਮਾਦਾ ਸੰਤਾਨ ਵੀ ਸਮਾਜ ਨੂੰ ਉਸਾਰੂ ਸ਼ਖਸੀਅਤਾਂ ਪੈਦਾ ਕਰਕੇ ਦਿੰਦੀ ਹੈ ।
ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ, ਅਸੀਂ ਅਕਸਰ ਹੀ ਵੇਖਦੇ ਅਤੇ ਮਹਿਸੂਸ ਵੀ ਕਰਦੇ ਹਾਂ ਕਿ ਕਈ ਵਾਰੀ ਜਰੂਰਤ ਤੋਂ ਜਿਆਦਾ ਕੀਤੀ ਪਰਵਾਹ ਵੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੀ ਹੈ । ਜਿਸ ਤਰ੍ਹਾਂ ਮਾਂ-ਪਿਓ ਕਈ ਵਾਰੀ ਪੁੱਤਰ-ਮੋਹ ਕਾਰਨ ਜਾਂ ਜਿਆਦਾ ਧਨ-ਦੌਲਤ ਕਾਰਨ ਨਿਆਣਿਆਂ ਦੀ ਹਰ ਜਾਇਜ-ਨਜਾਇਜ ਮੰਗ ਪੂਰੀ ਕਰਨੀ ਸ਼ੁਰੂ ਕਰ ਦਿੰਦੇ ਹਨ । ਬਹੁਤ ਵਾਰੀ ਤਾਂ ਆਪਣੇ ਸਮਾਜਿਕ ਰੁਤਬੇ ਕਾਰਨ ਵੀ ਉਹ ਅਜਿਹਾ ਕਰਨ ਲੱਗ ਜਾਂਦੇ ਹਨ । ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਰੱਬ ਨਾ ਕਰੇ ਜੇ ਉਨ੍ਹਾਂ ਦੀ ਧਨ-ਦੌਲਤ ਅਤੇ ਸਮਾਜਿਕ ਰੁਤਬਾ ਖਤਮ ਹੋ ਜਾਵੇ ਤਾਂ ਇਸ ਦਾ ਖਮਿਆਜ਼ਾ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਖੁਦ ਭੁਗਤਣਾ ਪੈਂਦਾ ਹੈ ।
ਮੇਰਾ ਹੁਣ ਤੱਕ ਦਾ ਜਾਤੀ ਤਜਰਬਾ ਇਹ ਕਹਿੰਦਾ ਹੈ ਕਿ ਜਦੋਂ ਵਿਆਹ ਤੋਂ ਬਾਅਦ ਵਿਅਕਤੀ ਇੱਕ ਨਵੇਂ ਘਰ-ਪਰਿਵਾਰ ਵਿਚ ਕਦਮ ਰੱਖਦਿਆ ਜੇਕਰ ਇੱਕ ਮਰਦ ਸਭ ਤੋਂ ਪਹਿਲਾਂ ਪ੍ਰਣ ਕਰੇ ਕਿ ਉਹ ਆਪਣੇ ਜੀਵਨ-ਸਾਥੀ ਦਾ ਪੂਰਾ ਆਦਰ-ਮਾਣ ਕਰਦਿਆ ਉਸ ਨੂੰ ਕਦੇ ਵੀ ਮਾੜਾ ਲਫਜ਼ ਨਹੀਂ ਬੋਲੇਗਾ ਅਤੇ ਮਰਦ ਵੱਲੋਂ ਮਾਂ-ਭੈਣ ਦੀ ਗਾਲ੍ਹ ਦਾ ਤਕੀਆ ਕਲਾਮ ਨਹੀਂ ਵਰਤੇਗਾ, ਤਾਂ ਆਲੇ-ਦੁਆਲੇ ਦਾ ਵਾਤਾਵਰਨ ਆਪਣੇ-ਆਪ ਹੀ ਵਿਸ਼ੇਸ਼ ਹੋ ਜਾਵੇਗਾ । ਔਰਤ ਆਪਣੀ ਜ਼ਿੰਦਗੀ ਵਿੱਚ ਜੇਕਰ ਕਿਸੇ ਚੀਜ਼ ਦੀ ਪਰਵਾਹ ਅਤੇ ਚਾਹਤ ਕਰਦੀ ਹੈ ਤਾਂ ਉਹ ਹੈ ਕੇਵਲ ਤੇ ਕੇਵਲ ‘ ਸਤਿਕਾਰ ‘ । ਸਤਿਕਾਰ ਨਾਲ ਸਤਿਕਾਰੀ ਔਰਤ ਫਿਰ ਆਪਣਾ ਤਨ, ਮਨ ਤੇ ਧਨ ਨਿਛਾਵਰ ਕਰਨ ਲੱਗਿਆ ਕੋਈ ਪਰਵਾਹ ਨਹੀਂ ਕਰਦੀ । ਆਪਾ ਵਾਰਨਾ ਔਰਤ ਦਾ ਸੁਭਾਵਿਕ ਗੁਣ ਹੈ ।
ਜਿਹਨਾਂ ਘਰਾਂ ਵਿੱਚ ਇੱਕ ਦੂਜੇ ਦੀ ਭਾਵਨਾ, ਇੱਛਾ , ਜਰੂਰਤ ਅਤੇ ਮਾਣ-ਸਨਮਾਨ ਦੀ ਪਰਵਾਹ ਕੀਤੀ ਜਾਂਦੀ ਹੈ ਉਹਨਾਂ ਘਰਾਂ ਵਿੱਚੋਂ ਕਦੀ ਉੱਚੀ ਅਤੇ ਮਾੜੀ ਅਵਾਜ਼ ਸੁਣਾਈ ਨਹੀਂ ਦਿੰਦੀ , ਸਗੋਂ ਜੇਕਰ ਕੋਈ ਅਵਾਜ ਸੁਣਾਈ ਦਿੰਦੀ ਹੈ ਤਾਂ ਉਹ ਹੈ ਹਾਸੇ ਦੀ ਅਵਾਜ਼ । ਪਰਵਾਹ ਦੀ ਭਾਵਨਾ ਨਾਲ ਲਬਰੇਜ਼ ਵਿਅਕਤੀ ਹੀ ਆਪਣੇ ਕਦਮਾਂ ਦੇ ਨਿਸ਼ਾਨ ਛੱਡਦਾ ਹੈ । ਅਜਿਹੇ ਵਿਅਕਤੀ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ । ਅਜਿਹੇ ਵਿਅਕਤੀਆਂ ਦੀ ਸੰਤਾਨ ਹੀ ਫਿਰ ਸਦਾ ਮਾਨਵਤਾ ਦੀ ਪਰਵਾਹ ਕਰਦਿਆਂ ਕਦੀ ਕਿਸੇ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਕਰਦੀ।
ਆਉ ਆਪਣੇ-ਆਪਣੇ ਅੰਦਰ ਝਾਤ ਮਾਰੀਏ ਕਿ ਕਿਉਂ ਅਸੀਂ ਲਾਪਰਵਾਹ ਅਤੇ ਬੇਪਰਵਾਹ ਹੁੰਦੇ ਹਾਂ । ਸਾਡੀ ਲਾਪਰਵਾਹੀ ਅਤੇ ਬੇਪਰਵਾਹੀ ਕਿਤੇ ਕਿਸੇ ਦੇ ਮਾਣ-ਸਨਮਾਨ ਨੂੰ ਸੱਟ ਤਾਂ ਨਹੀਂ ਪਹੁੰਚਾ ਰਹੀ , ਕਿਸੇ ਦੇ ਅਰਮਾਨਾਂ ਦਾ ਗਲਾ ਤਾਂ ਨਹੀਂ ਘੁੱਟ ਰਹੀ , ਕਿਸੇ ਦੀਆਂ ਸੱਧਰਾਂ ਦਾ ਕਤਲ ਤਾਂ ਨਹੀਂ ਕਰ ਰਹੀ , ਕਿਸੇ ਦਾ ਜੀਣਾ ਦੁੱਭਰ ਤਾਂ ਨਹੀਂ ਕਰ ਰਹੀ । ਹਰ ਬੰਦੇ ਵੱਲੋਂ ਦੂਜੇ ਦੀ ਕੀਤੀ ਪਰਵਾਹ ਜੇਕਰ ਉਸਦੀ ਜ਼ਿੰਦਗੀ ਨੂੰ ਮਕਸਦ ਦਿੰਦੀ ਹੈ ਤਾਂ ਇਸ ਤੋਂ ਵੱਧ ਮਨੁੱਖਾ ਜੀਵਨ ਦਾ ਮੁੱਲ ਹੋਰ ਕੀ ਹੋ ਸਕਦਾ ।
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly