ਤੇਰੀਆਂ ਅੱਖ਼ੀਆਂ ਦੇ ਵਿਚ ਲਾਲੀ, ਕੋਈ ਕਹਾਣੀ ਦੱਸਦੀ ਆ ! ਸਵੈ-ਜੀਵਨੀ *ਜਦੋਂ ਸੂਰਜ ਠੰਡਾ ਹੋਇਆ* ਦਾ ਇੱਕ ਵਰਕਾ (ਜਸਪਾਲ ਜੱਸੀ)

ਜਸਪਾਲ ਜੱਸੀ
(ਸਮਾਜ ਵੀਕਲੀ)
ਰਾਤਾਂ ਜਾਗਣ ਤੇ ਝਾਗਣ ਦੀ ਆਦਤ ਬਹੁਤ ਪੁਰਾਣੀ ਸੀ। ਬਚਪਨ ਵਿਚ ਦੀਵਿਆਂ, ਲਾਲਟੇਨ ਅਤੇ ਮੋਮਬੱਤੀਆਂ ਜਗਾ ਕੇ ਪੜ੍ਹਨਾ,ਸਾਡੇ ਸਾਰੇ ਭੈਣ ਭਰਾਵਾਂ ਦੇ ਹਿੱਸੇ ਆਇਆ ਸੀ। ਇਸ ਦਾ ਮਤਲਬ ਇਹ ਵੀ ਨਹੀਂ ਕਿ ਉਸ ਸਮੇਂ ਘਰ ਬਿਜਲੀ ਨਹੀਂ ਲੱਗੀ ਸੀ, ਸਾਡੇ ਘਰ ਮੇਰੀ ਸੁਰਤ ਵਿਚ ਬਿਜਲੀ ਸੀ ਪਰ ਬਹੁਤ ਘੱਟ ਸਮੇਂ ਲਈ ਆਉਂਦੀ ਸੀ। ਦਾਦਾ ਜੀ ਦੇ ਘਰ ਵੀ ਬਿਜਲੀ ਸੀ ਪਰ ਮੈਨੂੰ ਯਾਦ ਹੈ ਦਾਦਾ ਜੀ ਵਾਲੇ ਪਾਸੇ ਵਿਹੜੇ ਵਿਚ ਇੱਕ ਹੀ ਬਲਬ ਲੱਗਿਆ ਹੋਇਆ ਸੀ। ਮੈਂ ਆਪਣੇ ਦਾਦਾ ਜੀ ਨੂੰ ਆਪਣੀ ਸੁਰਤ ਵਿਚ ਇਹ ਕਹਿੰਦੇ ਕਦੇ ਨਹੀਂ ਸੀ ਸੁਣਿਆ ਕਿ,” ਬਿਜਲੀ ਦਾ ਬੱਲਬ ਜਗਾ ਦਿਓ !” ਉਹਨਾਂ ਹਮੇਸ਼ਾ ਕਹਿਣਾ,” ਦੀਵਾ ਜਗਾ ਦਿਓ!” ਉਹ ਬਿਜਲੀ ਦੇ ਬੱਲਬ ਨੂੰ ਵੀ ਦੀਵਾ ਹੀ ਕਹਿੰਦੇ ਸਨ ਤੇ ਕਈ ਹੋਰ ਘਰ ਦੇ ਲਾਟੂ।
ਜਿੱਥੋਂ ਤੱਕ ਮੈਨੂੰ ਯਾਦ ਹੈ ਘਰ ਦੇ ਵਿਹੜੇ ਵਿਚ ਲੱਗਿਆ ਵੀ ਇੱਕੋ ਹੀ ਬਲਬ ਹੁੰਦਾ ਸੀ ਜਿਸ ਦੀ ਪੀਲੀ ਪੀਲੀ ਮੱਧਮ ਜਿਹੀ ਰੌਸ਼ਨੀ  ਆਨੰਦਿਤ ਕਰਦੀ ਸੀ।
ਰਾਤ ਨੂੰ ਪੜ੍ਹਨ ਦੀ ਬਿਮਾਰੀ ਨੇ ਹੁਣ ਤੱਕ ਪਿੱਛਾ ਨਹੀਂ ਛੱਡਿਆ‌ ਸੀ। ਸਕੂਲ ਸਮੇਂ ਵਿਚ ਦਿਨੇਂ ਖੇਡਦੇ ਰਹਿਣਾ,ਆਂਢੀਆਂ ਗਵਾਂਢੀਆਂ ਦੀਆਂ ਕੰਧਾਂ ਕੱਛਣੀਆਂ ਤੇ ਕਾਲਜ ਸਮੇਂ ਵਿਹਲੇ ਸੜਕਾਂ ਮਿਣਦੇ ਰਹਿਣਾ ਤੇ ਸਾਰੀ ਰਾਤ ਪੜ੍ਹਾਈ ਕਰਨ ਵਿਚ ਮੰਡੇ਼ ਰਹਿਣਾ।
ਪਟਿਆਲੇ ਯੂਨੀਵਰਸਿਟੀ ਵਿਚ ਰਹਿੰਦਿਆਂ ਤਾਂ ਪੜ੍ਹਨ ਦਾ ਰਿਵਾਜ਼ ਹੀ ਵੱਖਰਾ ਸੀ। ਜਿਨਾਂ ਲੋਕਾਂ ਨੇ ਸਾਡੇ ਕੋਲ ਕਮਰੇ ਵਿਚ ਆ ਕੇ ਗੱਲਬਾਤ ਕਰਨੀ ਹੁੰਦੀ ਸੀ,ਉਹ ਵੱਧ ਤੋਂ ਵੱਧ ਗਿਆਰਾਂ,ਸਾਢੇ ਗਿਆਰਾਂ ਵਜੇ ਤੱਕ ਸਾਡੇ ਕੋਲ ਹੁੰਦੇ ਤੇ ਜਿਹੜਿਆਂ ਨੇ ਦਾਰੂ ਪੀ ਕੇ ਬੋਲਣਾ ਤੇ ਲਲਕਰੇ ਮਾਰਨੇ ਹੁੰਦੇ ਤੇ ਦਾਰੂ ਖਰੀ ਕਰਨੀ ਹੁੰਦੀ ਉਹ ਵੀ ਰਾਤ ਨੂੰ 12 ਵਜੇ ਲਲਕਰੇ ਮਾਰ ਕੇ ਸ਼ਾਂਤ ਹੋ ਜਾਂਦੇ ਸਨ।
ਅਸੀਂ ਸਾਰੇ ਦੋਸਤ ਰਾਤ ਨੂੰ 12 ਵਜੇ ਪੜ੍ਹਨਾ ਸ਼ੁਰੂ ਕਰਦੇ ਅਤੇ ਸਵੇਰ ਦੇ ਚਾਰ ਕੁ ਵਜੇ ਤੱਕ ਸਾਰੇ ਦਿਨ ਦਾ ਪੜ੍ਹਨ,ਲਿਖਣ ਦਾ ਕੰਮ ਨਿਬੇੜ ਲੈਂਦੇ। ਜਦੋਂ ਲੋਕ ਸਵੇਰੇ ਯੂਨੀਵਰਸਿਟੀ ਕਲਾਸ ਵਿਚ ਜਾਣ ਲਈ ਉੱਠਣ ਦੀ ਤਿਆਰੀ ਕਰ ਰਹੇ ਹੁੰਦੇ ਅਸੀਂ ਆਪਣੀ ਸੌਣ ਦੀ ਤਿਆਰੀ ਕਰ ਰਹੇ ਹੁੰਦੇ।
ਪੜ੍ਹਨ,ਲਿਖਣ ਦਾ ਇਹ ਸਿਲਸਿਲਾ ਬਾ ਦਸਤੂਰ ਹੁਣ ਤੱਕ ਜਾਰੀ ਹੈ।
ਅੱਜ ਆਪਣੀ ਫ਼ੋਟੋ ਦੇਖਦਿਆਂ ਅੱਖ਼ਾਂ ਦੇ ਖੂੰਜੇ ਵਿਚ ਬਣੇ ਕਾਲੇ ਧੱਬੇ ਦੇ ਬਣੇ ਨਿਸ਼ਾਨ ਉੱਪਰ ਨਜ਼ਰ ਗਈ। ਇੱਕ ਨਹੀਂ ਆਪਣੀਆਂ ਕਈ ਫ਼ੋਟੋਆਂ ਨਜਦੀਕ ਲਿਆ ਕੇ close circuit ਵਿਚ ਦੇਖੀਆਂ।
ਸੱਚ ਮੁੱਚ ਦੋਵਾਂ ਅੱਖ਼ਾਂ ਦੇ ਖੂੰਜਿਆਂ ਵਿਚ ਕਾਲੇ ਅਤੇ ਡੂੰਘੇ ਧੱਬਿਆਂ ਦੇ ਨਿਸ਼ਾਨ ਸਨ। ਮੈਨੂੰ ਕੋਈ ਜ਼ਿਆਦਾ ਹੈਰਾਨੀ ਨਹੀਂ ਸੀ। ਕਿਉਂਕਿ ਇਹ ਕਾਲੇ ਧੱਬੇ ਰਾਤਾਂ ਜਾਗ ਕੇ,ਪੜ੍ਹ ਲਿਖ ਕੇ ਬਣਾਏ ਸਨ।
                           ਫ਼ੋਟੋ ਦੇਖਦਿਆਂ ਹੀ ਮੈਨੂੰ ਅੱਜ ਤੋਂ ਇੱਕ 30 ਕੁ ਸਾਲ ਪੁਰਾਣੀ ਘਟਨਾ ਯਾਦ ਆ ਗਈ।
ਪਤਨੀ ਨਵੀਂ ਨਵੀਂ ਅਧਿਆਪਕਾ ਲੱਗੀ ਸੀ। ਉਸ ਦੇ ਇੱਕ ਅਧਿਆਪਕ ਸਾਥੀ ਨੇ ਜਦੋਂ ਮੈਨੂੰ ਦੇਖਿਆ ਤਾਂ ਪਤਨੀ ਨੂੰ ਪੁੱਛਿਆ ,” ਮੈਡਮ ! ਆਪ ਜੀ ਦੇ ਪਤੀ “ਜੱਸੀ ਸਾਹਿਬ” ਕੋਈ ਨਸ਼ਾ ਕਰਦੇ ਹਨ ?”
ਪਤਨੀ ਨੇ ਉਹਨਾਂ ਨੂੰ ਦੱਸਿਆ ਕਿ ਉਹ ਕੋਈ ਨਸ਼ਾ ਨਹੀਂ ਕਰਦੇ। ਉਹਨਾਂ ਨੇ ਫ਼ਿਰ ਕਿਹਾ,” ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂਕਿ ਇਹਨਾਂ ਦੀਆਂ ਅੱਖ਼ਾਂ ਚੜ੍ਹੀਆਂ ਚੜ੍ਹੀਆਂ ਰਹਿੰਦੀਆਂ ਹਨ।”
ਪਤਨੀ ਨੇ ਹੱਸ ਕੇ ਉਸ ਅਧਿਆਪਕ ਨੂੰ ਕਿਹਾ,” ਹਾਂ ! ਇੱਕ ਵੈਲ ਤਾਂ ਇਹਨਾਂ ਨੂੰ ਬਹੁਤ ਵੱਡਾ ਹੈ। ਉਹ ਵੈਲ ਤਾਂ ਰੱਬ ਕਿਸੇ ਨੂੰ ਨਾ ਲਾਵੇ। ਜਿਸ ਦਾ ਨਸ਼ਾ ਸਾਰਾ ਦਿਨ ਹੀ ਚੜ੍ਹਿਆ ਰਹਿੰਦਾ ਹੋਵੇ।
“ਕੀ ਕਰਦੇ ਨੇ ਜੀ, ਜੱਸੀ ਸਾਹਿਬ ਨਸ਼ਾ ?”
*ਅੱਧੀ ਤਨਖ਼ਾਹ ਕਿਤਾਬਾਂ ਖਰੀਦਣ ਵਿਚ,ਅੱਧਾ ਦਿਨ ਤੇ ਅੱਧੀ ਰਾਤ ਇਹਨਾਂ ਨੂੰ ਪੜ੍ਹਨ ਤੇ ਫ਼ਿਰ ਲਿਖਣ ਵਿਚ।*
ਜਦੋਂ ਮੈਨੂੰ ਪਤਨੀ ਨੇ ਇਹ ਗੱਲ ਦੱਸੀ ਤਾਂ ਮੈਂ ਹੱਸ ਪਿਆ।
ਪਤਨੀ ਨੂੰ ਸ਼ੱਕ ਪੈ ਗਿਆ ਕਿਤੇ ਮੈਂ ਸੱਚ ਮੁੱਚ ਹੀ ਕੋਈ ਨਸ਼ਾ ਤਾਂ ਨਹੀਂ ਕਰਦਾ। ਜਿਸ ਦਾ ਮੈਨੂੰ ਵੀ ਨਾ ਪਤਾ ਲੱਗਦਾ ਹੋਵੇ। ਪਤਨੀ ਨੇ ਮੈਨੂੰ ਬਾਰ ਬਾਰ ਪੁੱਛਿਆ ਕੀ ਤੁਸੀਂ ਕੋਈ ਨਸ਼ਾ ਤਾਂ ਨਹੀਂ ਕਰਦੇ ? ਕਿਉਂਕਿ ਜਿਸ ਅਧਿਆਪਕ ਨੇ ਮੈਨੂੰ ਤੁਹਾਡੀਆਂ ਅੱਖ਼ਾਂ ਬਾਰੇ ਦੱਸਿਆ ਹੈ ਉਹ ਕਹਿ ਰਿਹਾ ਸੀ ਕਿ ਇਸ ਤਰ੍ਹਾਂ ਦੀਆਂ ਅੱਖ਼ਾਂ,ਅੱਖ਼ਾਂ ਅੰਦਰ ਲਾਲੀ,ਕਿਸੇ ਖ਼ਾਸ ਨਸ਼ਾ ਕਰਨ ਕਰ ਕੇ ਹੀ ਆਉਂਦੀ ਹੈ।
ਮੈਂ ਹੱਸ ਪਿਆ ਤੇ ਗੱਲ ਆਈ ਗਈ ਹੋ ਗਈ।
                     ਇੱਕ ਦਿਨ ਮੇਰੇ ਨਾਲ ਵਾਲੇ ਅਧਿਆਪਕ ਸਾਥੀ ਜਸਵੰਤ ਸਿੰਘ ਡੀਈਪੀ ਜੋ ਕਿ ਅਫ਼ੀਮ ਖਾਣ ਦਾ ਆਦੀ ਸੀ ਨੂੰ ਅਫ਼ੀਮ ਦੀ ਜ਼ਰੂਰਤ ਸੀ। ਉਸ ਨੇ ਮੈਨੂੰ ਕਿਹਾ,” ਜੱਸੀ ਸਾਹਿਬ ! ਜੇ ਹੋ ਸਕੇ ਤਾਂ ਕਿਸੇ ਮਿੱਤਰ ਤੋਂ ਮੈਨੂੰ ਅੱਜ ਦੀ ਖ਼ੁਰਾਕ ਲਈ ਥੋੜ੍ਹੀ ਅਫ਼ੀਮ ਹੀ ਮੰਗਵਾ ਦਿਓ !  ਕੁਦਰਤੀ ਹੀ ਇੱਕ ਮਿੱਤਰ ਜੋ ਕਿ ਸੁਨਿਆਰੇ ਦਾ ਕੰਮ ਕਰਦਾ ਸੀ ਤੇ ਨਜ਼ਦੀਕ ਪਿੰਡੋਂ ਆਉਂਦਾ ਸੀ ਮੈਨੂੰ ਕਹਿਣ ਲੱਗਿਆ,” ਜੱਸੀ ਸਾਹਿਬ! ਮੇਰੇ ਕੋਲੇ ਬਹੁਤ ਹੀ ਅੱਛੀ ਕੁਆਲਿਟੀ ਦੀ (ਨਿਰਾ ਦੁੱਧ) ਅਫ਼ੀਮ ਆਈ ਹੋਈ ਹੈ ਜੇ ਜ਼ਰੂਰਤ ਹੈ ਥੋੜ੍ਹੀ ਜਿਹੀ ਤੁਹਾਨੂੰ ਦੇ ਸਕਦਾ ਹਾਂ ਕਿਉਂਕਿ ਇਹ ਔਸ਼ਧੀ ਦਾ ਕੰਮ ਕਰਦੀ ਹੈ,ਘਰ ਵਿਚ ਜ਼ਰੂਰ ਰੱਖਣੀ ਚਾਹੀਦੀ ਹੈ। ਮੈਂ ਉਸ ਨੂੰ ਹਾਂ ਕਰ ਦਿੱਤੀ।  ਜਸਵੰਤ ਸਿੰਘ ਡੀਪੀਈ  ਲਈ ਵੀ ਇੱਕ ਖ਼ੁਰਾਕ ਮੰਗਵਾ ਲਈ।  ਦੂਜੀ ਖ਼ੁਰਾਕ ਉਸ ਨੇ ਚਾਂਦੀ ਦਾ ਸਿੱਕਾ ਪਾਉਣ ਵਾਲੀ ਡੱਬੀ ਵਿਚ ਪਾ ਕੇ ਮੈਨੂੰ ਲਿਆ ਦਿੱਤੀ। ਮੈਂ ਉਸ ਨੂੰ ਪਤਨੀ ਤੋਂ ਚੋਰੀਓਂ,ਘਰ ਲਿਜਾ ਕੇ ਇੱਕ ਸਟੀਲ ਦੀ ਡੱਬੀ ਵਿਚ ਸੰਭਾਲ ਕੇ ਰੱਖ ਦਿੱਤਾ।
ਇੱਕ ਦਿਨ ਸਫ਼ਾਈ ਕਰਦਿਆਂ ਪਤਨੀ ਦੀ ਨਜ਼ਰ ਉਸ ਸਿੱਕੇ ਵਾਲੀ ਡੱਬੀ ‘ਤੇ ਪਈ। ਉਸ ਨੇ ਜਦੋਂ ਉਸ ਡੱਬੀ ਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਮੈਨੂੰ ਪੁੱਛਣ ਲੱਗੀ ਇਸ ਡੱਬੀ ਵਿੱਚ ਇਹ ਕਾਲਾ ਕਾਲਾ ਕੀ ਹੈ ?
ਮੈਂ ਉਸ ਨੂੰ ਕਿਹਾ,” ਇਹ ਨਿਰਾ ਦੁੱਧ ਹੈ, ਸਿਰੇ ਦੀ ਅਫ਼ੀਮ।  ਬਿਨਾਂ ਕਿਸੇ ਮਿਲਾਵਟ ਤੋਂ ਇਸ ਦੀ ਚਮਕ ਤੇ ਲਿਸ਼ਕੋਰ ਦੇਖ।” ਪਤਨੀ ਨੇ ਬੜੇ ਬਹੁ ਨਾਲ ਉਸ ਅਫ਼ੀਮ ਵੱਲ ਦੇਖਿਆ ਤੇ ਨਾਲ ਦੇ ਨਾਲ ਮੇਰੀਆਂ ਅੱਖ਼ਾਂ ਵੱਲ। ਉਸ ਨੂੰ ਨਾਲ ਵਾਲੇ ਸਾਥੀ ਦੀ ਕਹੀ ਗੱਲ, “ਜੱਸੀ ਸਾਹਿਬ,ਕੋਈ ਨਾ ਕੋਈ ਨਸ਼ਾ ਜਰੂਰ ਕਰਦੇ ਹਨ ਦੇਖ ਲੈਣਾ।” ਯਾਦ ਆਈ ਹੋਣੀ ਐਂ । ਮੈਂ ਉਸ ਨੂੰ ਆਪਣੇ ਵੱਲ ਅੱਖ਼ਾਂ ਕੱਢਦੇ ਹੋਏ,ਦੇਖ ਕੇ ਹੱਸ ਪਿਆ। “ਕੀ ਦੇਖ ਰਹੀ ਹੈਂ !”
ਮੈਨੂੰ ਇਸ ਤਰ੍ਹਾਂ ਲੱਗਿਆ ਕਿ ਉਹ ਬਿਨਾਂ ਬੋਲੇ ਵੀ ਇਹ ਕਹਿ ਰਹੀ ਸੀ ਕਿ ਮੇਰਾ ਸ਼ੱਕ ਪੁਖ਼ਤਾ ਹੋ ਗਿਆ। ਮੈਂ ਉਸਦੇ ਸਿਰ ‘ਤੇ ਸਹੁੰ ਖਾਣ ਲਈ,ਹੱਥ ਰੱਖ ਕੇ ਕਿਹਾ,” ਬੰਦੇ ‘ਤੇ ਵਿਸ਼ਵਾਸ ਕਰਨਾ ਚਾਹੀਦਾ। ਮੈਂ ਪਿਛਲੇ ਪੰਜ ਸੱਤ ਸਾਲਾਂ ਤੋਂ ਅਫ਼ੀਮ ਨੂੰ ਹੱਥ ਲਾ ਕੇ ਨਹੀਂ ਦੇਖਿਆ। ਉਸ ਤੋਂ ਪਹਿਲਾਂ ਕਦੇ ਕਦੇ ਸ਼ੌਂਕ ਵਜੋਂ ਕੀ ਕਹਿਣੇ ਹਨ, ਕਦੇ ਕੋਈ ਬਾਜ਼ਰੇ ਦੇ ਦਾਣੇ ਜਿੰਨੀ ਜੀਭ ਤੇ ਧਰ ਲਈ ਹੋਵੇ।
ਸੱਚ ਮੁੱਚ ਹੀ ਉਸ ਨੂੰ ਮੇਰੇ ‘ਤੇ ਵਿਸ਼ਵਾਸ ਸੀ । ਸ਼ਰਾਬ,ਦਾਰੂ ਨੂੰ ਸਾਡੇ ਖ਼ਾਨਦਾਨ ਵਿਚ ਕੋਈ ਹੱਥ ਵੀ ਨਹੀਂ ਲਗਾਉਂਦਾ।
ਪਤਾ ਨਹੀਂ ਕਿਉਂ ਉਹ ਇੱਕ ਦੋ ਵਾਰ‌ ਬਾਜ਼ਰੇ ਦੇ ਦਾਣੇ ਜਿੰਨੀ ਖਾਧੀ ਹੀ ਅੱਖਾਂ ‘ਚ ਬੋਲਦੀ ਰਹੀ। ਉਂਝ ਚੜ੍ਹੀ ਅੱਖ਼ ਜਿੱਥੇ ਖ਼ੁਦ ਨੂੰ ਸਕੂਨ ਬਖਸ਼ਦੀ ਹੈ ਉੱਥੇ ਅੱਖ਼ਾਂ ਵਿਚ ਅੱਖ਼ਾਂ ਪਾ ਕੇ ਦੇਖਣ ਵਾਲੇ ਮੁਹੱਬਤੀ ਲੋਕਾਂ ਲਈ ਅੱਖ਼, ਸਮੁੰਦਰ ਦੀਆਂ ਗਹਿਰਾਈਆਂ ‘ਚ ਤੈਰ ਕੇ ਆਨੰਦਿਤ ਹੋਣ ਤੋਂ ਘੱਟ ਨਹੀਂ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੁੱਲ ਦੀ ਮੁਸੀਬਤ
Next articleਸਾਡੇ ਮਾਪਿਆਂ ਨੇ ਸਾਡੇ ਲਈ ਕੀ ਕੀਤਾ ?