(ਸਮਾਜ ਵੀਕਲੀ) ਕਿਤਾਬਾਂ ਮਨੁੱਖ ਦੀਆਂ ਸਭ ਤੋਂ ਚੰਗੀਆਂ ਦੋਸਤ ਹੁੰਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਮਨੁੱਖ ਦੇ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਉਸ ਦੀ ਬੁੱਧੀ ਦਾ ਵਿਕਾਸ ਹੁੰਦਾ ਹੈ। ਕਿਤਾਬਾਂ ਸਾਡੇ ਵਿਚਾਰ ਬਦਲ ਦਿੰਦੀਆਂ ਹਨ । ਵਧੀਆ ਕਿਤਾਬਾਂ ਪੜ੍ਹਨ ਨਾਲ ਬੰਦੇ ਦੇ ਵਿਚਾਰ ਵੀ ਵਧੀਆ ਹੋ ਜਾਂਦੇ ਹਨ।ਕਿਤਾਬਾਂ ਚੰਗੀ ਅਧਿਆਪਕ ਦੀ ਤਰ੍ਹਾਂ ਹੁੰਦੀਆਂ ਹਨ ।ਕਿਤਾਬਾਂ ਪੜ੍ਹਨ ਨਾਲ ਸਾਨੂੰ ਜ਼ਿੰਦਗੀ ਜਿਉਣ ਲਈ ਸੇਧ ਮਿਲਦੀ ਹੈ ।ਚੰਗੀਆਂ ਕਿਤਾਬਾਂ ਸਾਨੂੰ ਤਰੋ ਤਾਜ਼ਾ ਕਰ ਦਿੰਦੀਆਂ ਹਨ ।ਕਿਤਾਬਾਂ ਦੇ ਸ਼ੌਕੀਨ ਜਾਂ ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਨੂੰ ਕਿਤਾਬੀ ਕੀੜਾ ਕਿਹਾ ਜਾਂਦਾ ਹੈ ।ਹਰ ਚੰਗੀ ਕਿਤਾਬ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ।ਕਿਤਾਬਾਂ ਪੜ੍ਹਨ ਵਾਲਾ ਬੰਦਾ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਜਦੋਂ ਕਦੇ ਇਕੱਲਾ ਮਹਿਸੂਸ ਕਰ ਰਹੇ ਹੁੰਦੇ ਹਨ, ਤਾਂ ਵਧੀਆ ਲੇਖਕ ਦੀ ਕੋਈ ਵੀ ਕਿਤਾਬ ਚੁੱਕ ਲਉ ।ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹੋ। ਫਿਰ ਬੰਦਾ ਕਦੇ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਅੱਜ ਕੱਲ ਤਾਂ ਲੋਕਾਂ ਨੇ ਮੋਬਾਇਲ ਨੂੰ ਵੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਹੈ। ਜੇ ਕੁਝ ਲੱਭਣਾ ਵੀ ਹੁੰਦਾ ਹੈ, ਤਾਂ ਕਿਤਾਬਾਂ ਦੀ ਬਜਾਏ ਮੋਬਾਇਲ ਤੇ ਹੀ ਖੋਜ ਕਰਨੀ ਸ਼ੁਰੂ ਕਰ ਦਿੰਦੇ ਹਨ।
ਜਦੋਂ ਕਰੋਨਾ ਮਹਾਂਮਾਰੀ ਦਾ ਸਮਾਂ ਸੀ, ਬੱਚਿਆਂ ਦੀ ਪੜਾਈ ਮੋਬਾਇਲਾਂ ਤੇ ਹੀ ਹੋਈ ਸੀ। ਭਾਵ ਓਨਲਾਈਨ ਬੱਚਿਆਂ ਨੇ ਪੜ੍ਹਾਈ ਕਰਕੇ ਜਮਾਤਾਂ ਨੂੰ ਪਾਸ ਕੀਤਾ। ਜਦੋਂ ਅਸੀਂ ਕੋਈ ਵੀ ਲੇਖਕ ਦੀ ਕਿਤਾਬ ਪੜ ਰਹੇ ਹੁੰਦੇ ਹਨ ਤਾਂ ਉਸ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।ਉਹ ਘਰ ਬੈਠਿਆਂ ਹੀ ਕਿਤਾਬਾਂ ਰਾਹੀਂ ਵਿਦੇਸ਼ਾਂ ਦੀ ਸੈਰ ਕਰ ਲੈਂਦਾ ਹੈ ।ਕਿਤਾਬਾਂ ਪੜ੍ਹਨ ਨਾਲ ਤੁਸੀਂ ਇੱਕ ਵਧੀਆ ਲੇਖਕ ਵੀ ਬਣ ਜਾਂਦੇ ਹੋ ।ਵਧੀਆ ਵਿਚਾਰ ਦਿਮਾਗ ਵਿੱਚ ਆਉਣ ਨਾਲ ਤੁਸੀਂ ਵਧੀਆ ਲੇਖ ਵੀ ਲਿਖ ਸਕਦੇ ਹੋ ।ਅੱਜ ਕੱਲ੍ਹ ਤਾਂ ਕਿਤਾਬਾਂ ਪੜ੍ਹਨ ਦੀ ਆਦਤ ਖਤਮ ਹੋ ਚੁੱਕੀ ਹੈ।ਵਿਦਿਆਰਥੀ ਅੱਜ ਕੱਲ੍ਹ ਵਟਸਐਪ ,ਫੇਸਬੁੱਕ ਜਾਂ ਹੋਰ ਸਾਈਟਸ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ ।
ਅੱਜ ਇੰਨੇ ਸਾਧਨ ਹੋਣ ਦੇ ਬਾਵਜੂਦ ਵੀ ਕਿਤਾਬਾਂ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ ।ਜਿਸ ਤਰ੍ਹਾਂ ਆਮ ਕਿਹਾ ਵੀ ਜਾਂਦਾ ਹੈ ਕਿ ਚੋਰ ਚਾਹੇ ਜੋ ਮਰਜ਼ੀ ਚੋਰੀ ਕਰਕੇ ਲੈ ਜਾਵੇ ,ਪਰ ਜੋ ਇਹ ਕਿਤਾਬੀ ਗਿਆਨ ਹੈ ਇਸ ਨੂੰ ਚੋਰੀ ਨਹੀਂ ਕਰ ਸਕਦਾ। ਜੇ ਮਾਂ ਬਾਪ ਘਰ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾ ਦੇਖੀ ਵਿੱਚ ਬੱਚਿਆਂ ਵਿੱਚ ਆਪਣੇ ਆਪ ਦਿਲਚਸਪੀ ਪੈਦਾ ਹੋਵੇਗੀ। ਜੇ ਮਾਂ ਬਾਪ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਣਗੇ, ਤਾਂ ਬੱਚਿਆਂ ਵਿੱਚ ਇਹ ਦਿਲਚਸਪੀ ਦਿਨ ਪ੍ਰਤੀ ਦਿਨ ਆਪ ਹੀ ਵਧੇਗੀ ।ਅਕਸਰ ਆਮ ਪਰਿਵਾਰਾਂ ਵਿੱਚ ਦੇਖਿਆ ਜਾਂਦਾ ਹੈ ਕਿ ਘਰ ਵਿੱਚ ਬਹੁਤ ਚੀਜ਼ਾਂ ਹੁੰਦੀਆਂ ਹਨ ,ਪਰ ਘਰ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਤੱਕ ਨਹੀਂ ਹੁੰਦੀ।ਲਾਕਡਾਊਨ ਦੌਰਾਨ ਬੱਚਿਆਂ ਕੋਲ ਬਹੁਤ ਸਮਾਂ ਸੀ ।ਜੇ ਉਹ ਇਹ ਸਮਾਂ ਚੰਗੀਆਂ ਕਿਤਾਬਾਂ ਪੜ੍ਹਨ ਵਿੱਚ ਗੁਜ਼ਾਰਦੇ , ਤਾਂ ਉਨ੍ਹਾਂ ਨੂੰ ਇਕੱਲਾਪਣ ਮਹਿਸੂਸ ਨਾ ਹੁੰਦਾ ।ਸੁਣਨ ਵਿੱਚ ਵੀ ਆਇਆ ਹੈ ਕਿ ਕਈ ਬੱਚਿਆਂ ਨੇ ਕੋਸ਼ਿਸ਼ ਵੀ ਕੀਤੀ ਹੈ ਜੇ ਉਹ ਕੋਸ਼ਿਸ਼ ਕਰਨਗੇ ਤਾਂ ਆਪਣੇ ਆਪ ਉਨ੍ਹਾਂ ਦਾ ਕਿਤਾਬਾਂ ਵੱਲ ਦਿਲਚਸਪੀ ਜ਼ਿਆਦਾ ਵਧੇਗੀ। ਜਿੱਥੇ ਵੀ ਪੁਸਤਕ ਮੇਲਾ ਲੱਗਦਾ ਹੈ ਉਸ ਪੁਸਤਕ ਮੇਲੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਜਾਣ ।ਜਿਹੜੀ ਵੀ ਉੱਥੇ ਪੁਸਤਕ ਪਸੰਦ ਆਉਂਦੀ ਹੈ ਉਸ ਨੂੰ ਘਰ ਲੈ ਕੇ ਆਉਣ ।ਦੇਖਣ ਵਿੱਚ ਆਉਂਦਾ ਹੈ ਕਿ ਜੋ ਬੱਚਿਆਂ ਦੇ ਸਿਲੇਬਸ ਵਿੱਚ ਹੁੰਦਾ ਹੈ ,ਬੱਚੇ ਉਹੀ ਕਿਤਾਬਾਂ ਪੜ੍ਹਦੇ ਹਨ ।ਲਾਇਬ੍ਰੇਰੀਆਂ ਵਿੱਚ ਤਾਂ ਬੱਚੇ ਬਿਲਕੁਲ ਵੀ ਨਹੀਂ ਜਾਂਦੇ ।ਲਾਇਬ੍ਰੇਰੀਆਂ ਵਿੱਚ ਕਈ ਕਿਤਾਬਾਂ ਇੰਝ ਹੀ ਪਈਆਂ ਰਹਿੰਦੀਆਂ ਹਨ। ਜੋ ਵਿਦਿਆਰਥੀ ਕਿਤਾਬਾਂ ਬਿਲਕੁਲ ਵੀ ਨਹੀਂ ਪੜ੍ਹਦੇ, ਜੇ ਕਿਤੇ ਮੌਕਾ ਉਨ੍ਹਾਂ ਨੂੰ ਮਿਲ ਜਾਵੇ ਕਿ ਤੁਸੀਂ ਪੰਜ ਮਿੰਟ ਬੋਲਣਾ ਹੈ ਤਾਂ ,ਉਹ ਬੋਲ ਨਹੀਂ ਸਕਦੇ। ਅਜਿਹੇ ਵਿਦਿਆਰਥੀ ਫਿਰ ਮੁਕਾਬਲੇ ਦੀ ਪ੍ਰੀਖਿਆਵਾਂ ਨੂੰ ਵੀ ਪਾਸ ਨਹੀਂ ਕਰ ਸਕਦੇ ।ਆਮ ਲਾਇਬ੍ਰੇਰੀਆਂ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਦੱਖਣ ਭਾਰਤ ਦੇ ਵਿਦਿਆਰਥੀ ਬਹੁਤ ਸਮਾਂ ਕਿਤਾਬਾਂ ਪੜ੍ਹਨ ਨੂੰ ਦਿੰਦੇ ਹਨ ।ਸਾਡੇ ਪੂਰੇ ਭਾਰਤ ਵਿੱਚ ਦੱਖਣ ਭਾਰਤ ਦੇ ਵਿਦਿਆਰਥੀ ਜ਼ਿਆਦਾ ਮਿਹਨਤੀ ਮੰਨੇ ਜਾਂਦੇ ਹਨ ।ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਤਕਰੀਬਨ ਟਾਪਰ ਦੱਖਣ ਭਾਰਤ ਦੇ ਵਿਦਿਆਰਥੀ ਹੀ ਹੁੰਦੇ ਹਨ । ਦੱਖਣ ਭਾਰਤ ਦੇ ਵਿਦਿਆਰਥੀ ਇੱਕ ਵਿਸ਼ੇ ਦੀ ਕਿਤਾਬ ਦੇ ਵੱਖ ਵੱਖ ਲੇਖਕਾਂ ਰਾਹੀਂ ਲਿਖੀ ਗਈ ਕਿਤਾਬਾਂ ਪੜਨ ਨੂੰ ਤਰਜੀਹ ਦਿੰਦੇ ਹਨ। ਹਰ ਪੰਚਾਇਤ ਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਪਿੰਡ ਵਿੱਚ ਇੱਕ ਲਾਇਬਰੇਰੀ ਜ਼ਰੂਰ ਸਾਬਿਤ ਹੋਵੇ। ਜੇ ਸ਼ਹਿਰਾਂ ਵਿਚ ਜਿਥੇ ਵਧੀਆ ਲਾਇਬ੍ਰੇਰੀਆਂ ਹਨ, ਤਾਂ ਉੱਥੇ ਵਧੀਆ ਵਧੀਆ ਕਿਤਾਬਾਂ ਵਧੀਆ ਲੇਖਕਾਂ ਦੀਆਂ ਲਿਖਤਾਂ ਸ਼ਾਮਿਲ ਹੋਣੀਆਂ ਚਾਹੀਦੀਆਂ ਹਨ।ਸਾਨੂੰ ਅਜਿਹੇ ਵਿਦਿਆਰਥੀਆਂ ਤੋਂ ਸੇਧ ਲੈਣੀ ਚਾਹੀਦੀ ਹੈ ,ਤਾਂ ਜੋ ਸਾਡੇ ਵਿਦਿਆਰਥੀਆਂ ਦੀ ਦਿਲਚਸਪੀ ਕਿਤਾਬਾਂ ਵੱਲ ਜ਼ਿਆਦਾ ਹੋਵੇ ।ਪੰਜਾਬੀਆਂ ਲਈ ਇਹ ਬਹੁਤ ਹੀ ਚਿੰਤਾ ਵਾਲੀ ਗੱਲ ਹੈ, ਸੋ ਅਸੀਂ ਕਿਤਾਬਾਂ ਪੜਨ ਨੂੰ ਜ਼ਿਆਦਾ ਤਰਜੀਹ ਦੇਈਏ ।