ਆਰਬੀਆਈ ਦਾ ਨੀਤੀਗਤ ਵਿਆਜ ਦਰਾਂ ’ਚ ਫੇਰਬਦਲ ਤੋਂ ਇਨਕਾਰ

 

  • ਰੈਪੋ ਦਰ 4 ਫੀਸਦ ’ਤੇ ਬਰਕਰਾਰ ਰੱਖੀ
  • ਵਿੱਤੀ ਸਾਲ ’ਚ ਪ੍ਰਚੂਨ ਮਹਿੰਗਾਈ 5 ਫੀਸਦ ਰਹਿਣ ਦੀ ਪੇਸ਼ੀਨਗੋਈ

ਮੁੰਬਈ (ਸਮਾਜ ਵੀਕਲੀ): ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਅੱਜ ਲਗਾਤਾਰ ਨੌਵੀਂ ਵਾਰ ਨੀਤੀਗਤ ਵਿਆਜ ਦਰਾਂ ਵਿੱਚ ਫੇਰਬਦਲ ਤੋਂ ਇਨਕਾਰ ਕੀਤਾ ਹੈ। ਕੇਂਦਰੀ ਬੈਂਕ ਨੇ ਨੀਤੀਗਤ ਦਰ ‘ਰੈਪੋ’ ਨੂੰ ਚਾਰ ਫ਼ੀਸਦ ’ਤੇ ਬਰਕਰਾਰ ਰੱਖਿਆ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਵਿਕਾਸ ਦਰ ਨੂੰ ਲੀਹ ’ਤੇ ਲਿਆਉਣ ਤੇ ਉਸ ਨੂੰ ਹੋਰ ਮਜ਼ਬੂਤ ਆਧਾਰ ਦੇਣ ਲਈ ਉਦਾਰ ਰੁਖ਼ ਅਪਣਾਉਂਦਾ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤੀ ਆਰਥਿਕਤਾ ਢਹਿੰਦੀ ਕਲਾਂ ਤੋਂ ਉਭਰ ਚੁੱਕੀ ਹੈ ਤੇ ਦੇਸ਼ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਬੈਂਕ ਨੇ 2021-22 ਵਿੱਚ ਜੀਡੀਪੀ ਵਿਕਾਸ ਦਰ ਦਾ ਟੀਚਾ 9.5 ਫ਼ੀਸਦ ਰੱਖਿਆ ਹੈ। ਦਾਸ ਨੇ ਕਿਹਾ ਕਿ ਨੀਤੀਗਤ ਦਰਾਂ ਵਿੱਚ ਫੇਰਬਦਲ ਨਾ ਕਰਨ ਦਾ ਫੈਸਲਾ 5-1 ਦੇ ਬਹੁਮਤ ਨਾਲ ਲਿਆ ਗਿਆ ਹੈ।

ਆਰਬੀਆਈ ਨੇ ਕਿਹਾ ਕਿ ਸਪਲਾਈ ਵਿੱਚ ਸੁਧਾਰ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ, ਈਂਧਣ ਦੀਆਂ ਕੀਮਤਾਂ ਵਿੱਚ ਨਰਮੀ ਦੇ ਨਾਲ ਖੇਤੀ ਉਤਪਾਦਨ ਚੰਗਾ ਹੋਣ ਦੀਆਂ ਸੰਭਾਵਨਾਵਾਂ ਦਰਮਿਆਨ ਪ੍ਰਚੂਨ ਮਹਿੰਗਾਈ ਦਰ ਅਗਲੇ ਵਿੱਤੀ ਸਾਲ ਵਿੱਚ ਨਰਮ ਪੈ ਕੇ 5 ਫੀਸਦ ’ਤੇ ਆ ਸਕਦੀ ਹੈ। ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ 2021-22 ਵਿਚ ਪ੍ਰਚੂਨ ਮਹਿੰਗਾਈ ਕਰੀਬ 5.3 ਫੀਸਦ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਆਰਬੀਆਈ ਗਵਰਨਰ ਨੇ ਮੁਦਰਾ ਨੀਤੀ ਦੀ ਸਮੀਖਿਆ ਲਈ ਮਹੀਨੇ ’ਚ ਦੋ ਵਾਰ ਸੱਦੀ ਜਾਂਦੀ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਪੈਟਰੋਲ ਤੇ ਡੀਜ਼ਲ ’ਤੇ ਉਤਪਾਦ ਟੈਕਸ ਤੇ ਵੈਟ ਘੱਟ ਕੀਤੇ ਜਾਣ ਨਾਲ ਪ੍ਰਤੱਖ ਅਸਰ ਵਜੋਂ ਮਹਿੰਗਾਈ ਦਰ ਵਿੱਚ ਟਿਕਾਊ ਆਧਾਰ ’ਤੇ ਕਮੀ ਆਏਗੀ। ਪ੍ਰਤੱਖ ਰੂਪ ਵਿੱਚ ਈਂਧਣ ਤੇ ਆਵਾਜਾਈ ਲਾਗਤ ਘੱਟ ਹੋਣ ਦਾ ਵੀ ਸਕਾਰਾਤਮਕ ਅਸਰ ਪਏਗਾ। ਉਨ੍ਹਾਂ ਕਿਹਾ, ‘‘ਮਹਿੰਗਾਈ ਦਰ ਬਾਰੇ ਕੀਤੀ ਭਵਿੱਖਬਾਣੀ ਪਹਿਲਾਂ ਕੀਤੇ ਅਨੁਮਾਨਾਂ ਮੁਤਾਬਕ ਹੈ। ਘੱਟ ਸਮੇਂ ਵਿੱਚ ਕੀਮਤ ਸਬੰਧੀ ਦਬਾਅ ਬਣੇ ਰਹਿਣ ਦਾ ਖ਼ਦਸ਼ਾ ਹੈ। ਹਾੜੀ ਦੀ ਫਸਲ ਬਿਹਤਰ ਰਹਿਣ ਦੀ ਉਮੀਦ ਹੈ। ਅਜਿਹੇ ਵਿੱਚ ਸਰਦੀਆਂ ਵਿੱਚ ਨਵੀਂ ਫਸਲ ਦੀ ਆਮਦ ਨਾਲ ਮੌਸਮੀ ਆਧਾਰ ’ਤੇ ਸਬਜ਼ੀਆਂ ਦੇ ਭਾਅ ਵਿੱਚ ਸੁਧਾਰ ਦੀ ਉਮੀਦ ਹੈ।’’

ਦਾਸ ਨੇ ਕਿਹਾ, ‘ਮੁੱਖ ਮਹਿੰਗਾਈ ਦਰ ’ਤੇ ਲਾਗਤ ਅਧਾਰਿਤ ਦਬਾਅ ਜਾਰੀ ਹੈ…।’’ ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਕਾਂ ਨੂੰ ਧਿਆਨ ਵਿੱਚ ਰੱਖਦਿਆਂ ਖਪਤਕਾਰ ਕੀਮਤ ਸੂਚਕਾਂਕ ਆਧਾਰਿਤ ਮਹਿੰਗਾਈ ਦਰ ਦੇ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ 5.1 ਫੀਸਦ ਤੇ ਚੌਥੀ ਤਿਮਾਹੀ ਵਿੱਚ 5.7 ਫੀਸਦ ਰਹਿਣ ਦਾ ਅਨੁਮਾਨ ਹੈ। ਕੁਲ ਮਿਲਾ ਕੇ ਇਸ ਦੇ 2021-22 ਵਿੱਚ 5.3 ਫੀਸਦ ਰਹਿਣ ਦੀ ਸੰਭਾਵਨਾ ਹੈ। ਦਾਸ ਨੇ ਕਿਹਾ ਕਿ ਉਥੇ 2022-23 ਦੀ ਪਹਿਲੀ ਤਿਮਾਹੀ ਵਿੱਚ ਇਸ ਦੇ ਨਰਮ ਪੈ ਕੇ ਪੰਜ ਫੀਸਦ ’ਤੇ ਆਉਣ ਤੇ ਦੂਜੀ ਤਿਮਾਹੀ ਵਿੱਚ ਪੰਜ ਫੀਸਦ ਬਣੇ ਰਹਿਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਦਾ ਰੁਖ਼ ਮੁੱਖ ਰੂਪ ਵਜੋਂ ਉਭਰਦੀ ਘਰੇਲੂ ਮਹਿੰਗਾਈ ਦਰ ਤੇ ਵਾਧਾ ਸਰਗਰਮੀਆਂ ਦੇ ਅਨੁਕੂਲ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਦਸਾ ਅਣਕਿਆਸਿਆ ਦੁਖ਼ਾਂਤ: ਰਾਹੁਲ ਗਾਂਧੀ
Next articleਪ੍ਰਧਾਨ ਮੰਤਰੀ ਵੱਲੋਂ ਸੁਰੱਖਿਆ ਅਧਿਕਾਰੀਆਂ ਨਾਲ ਮੀਟਿੰਗ