HOME ਤਰਕਸ਼ੀਲਤਾ ਅਤੇ ਤੰਦਰੁਸਤੀ ਨਾਲ ਜ਼ਿੰਦਗੀ ਜਿਊਣ ਦਾ ਢੰਗ।

ਤਰਕਸ਼ੀਲਤਾ ਅਤੇ ਤੰਦਰੁਸਤੀ ਨਾਲ ਜ਼ਿੰਦਗੀ ਜਿਊਣ ਦਾ ਢੰਗ।

2
   (ਸਮਾਜ ਵੀਕਲੀ)   ਇਹ ਕਿਤਾਬ ” ਤਰਕਸ਼ੀਲਤਾ ਅਤੇ ਤੰਦਰੁਸਤੀ ” ਨਾਮਵਰ ਅਤੇ ਚੇਤਨਸੀਲ ਲੇਖਕ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਦੇ ਆਪਣੇ ਨਿੱਜੀ ਵਿਚਾਰਾਂ ਅਤੇ ਤਜ਼ਰਬਿਆਂ ਤੇ ਆਧਾਰਿਤ ਹੈ। ਇਹ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਛਾਪੀ ਗਈ ਹੈ।ਇਸ ਵਿੱਚ ਲੇਖਕ ਨੇ ਆਪਣੇ ਚੁਤਾਲੀ ਦੇ ਲਗਭਗ ਛੋਟੇ ਵੱਡੇ ਲੇਖ ਛਪਵਾਏ ਹਨ। ਲੇਖਕ ਆਪਣੇ ਵਿਚਾਰਾਂ ਨੂੰ ਤਰਕਸ਼ੀਲ ਦ੍ਰਿਸ਼ਟੀਕੋਣ ਤੋਂ ਵਾਚਦਾ ਹੈ। ਦੋ ਦੇਸ਼ਾਂ ਸਬੰਧੀ ਆਪਣਾ ਨਜ਼ਰੀਆ ਪੇਸ਼ ਕਰਦਾ ਹੈ।ਆਪਣੀ ਮਿਹਨਤ,ਲਗਨ, ਸੂਝ ਅਤੇ ਇਮਾਨਦਾਰੀ ਦੀਆਂ ਕਾਫ਼ੀ ਉਦਾਹਰਣਾਂ ਇਸ ਪੁਸਤਕ ਵਿੱਚ ਪ੍ਰਦਾਨ ਕਰਦਾ ਹੋਇਆ ਰੱਬ ਵੱਲ ਨਹੀਂ ਵੇਖਦਾ ਸਗੋਂ ਆਪਣੇ ਕਰਮ ਨੂੰ ਤਨਦੇਹੀ ਨਾਲ ਕਰਦਾ ਖ਼ੁਦ ਇਕ ਉਦਾਹਰਣ ਬਣਦਾ ਹੈ। ਲੇਖਕ ਹਰ ਪਹਿਲੂ ਨੂੰ ਕੀ, ਕਿਓਂ, ਕਿੱਦਾਂ, ਕਿੱਥੇ ਅਤੇ ਕਿਵੇਂ ਦੇ ਅਧਾਰ ਤੇ ਪਰਖਦਾ ਹੈ ।ਤਰਕ ਨਾਲ ਕੀਤੀ ਗੱਲ ਅੰਧਵਿਸ਼ਵਾਸੀ ਲੋਕਾਂ ਨੂੰ ਹਮੇਸ਼ਾ ਪੁੱਠੀ ਲੱਗਦੀ ਹੈ, ਗੱਲ ਬੇਸ਼ੱਕ ਕਿੰਨੀ ਵੀ ਸਪੱਸ਼ਟ ਕਿਓਂ ਨਾ ਹੋਵੇ। ਇਨਸਾਨ ਦਾ ਜਿਵੇਂ ਮਨ ਕਰਦਾ ਹੈ, ਉਸਨੂੰ ਕਰਨਾ ਚਾਹੀਦਾ ਹੈ। ਮਕਸਦ ਸਿਰਫ਼ ਏਨਾ ਹੋਵੇ ਕਿ ਉਹ ਹਰ ਇਨਸਾਨ ਦੀ ਭਲਾਈ ਚਾਹੁੰਦਾ ਹੋਵੇ। ਲੇਖਕ ਅਨੁਸਾਰ ਜੇਕਰ ਅਸੀਂ ਮਜ਼ਦੂਰ ਨੂੰ ਮਜ਼ਦੂਰੀ ਉਸਦੇ ਪਸੀਨਾ ਸੁੱਕਣ ਤੋਂ ਪਹਿਲਾਂ ਅਦਾ ਕਰ ਦੇਈਏ ਤਾਂ ਤੁਹਾਨੂੰ ਕਿਸੇ ਧਾਰਮਿਕ ਸਥਾਨ ਤੇ ਨੱਕ ਰਗੜਨ ਦੀ ਲੋੜ ਨਹੀਂ ਪੈਂਦੀ। ਕਿਤਾਬ ਵਿਚਲੇ ਲੇਖ ਤਰਕ ਨਾਲ ਅਖੌਤੀ ਰੱਬ ਨੂੰ ਕੋਸਣ ਦੀ ਬਜਾਏ ਘਟਨਾ ਦੇ ਜ਼ਿੰਮੇਵਾਰ ਨੂੰ ਫੜਨਾ ਜਾਂ ਲੱਭਣਾ ਸਿਖਾ ਰਹੇ ਹਨ। ਕਿਵੇਂ ਗ਼ੁਰਬਤ ਮਾਰੇ ਲੋਕ 10 ਰੁਪਏ ਦਾ ਮੱਥਾ ਟੇਕ ਕਿ ਕਿਸੇ ਕਰਾਮਾਤ ਰਾਹੀਂ ਇਲਾਜ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੀ ਮਜਬੂਰੀ ਹੈ, ਉਹ ਵਧੀਆ ਇਲਾਜ ਨਹੀਂ ਕਰਵਾ ਸਕਦੇ ਅਤੇ ਜ਼ਿੰਮੇਵਾਰ ਸਰਕਾਰ ਸਰਕਾਰੀ ਪ੍ਰਬੰਧ ਨੂੰ ਦਰੁਸਤ ਨਹੀਂ ਕਰਦੀ। ਸਾਡਾ ਪ੍ਰਬੰਧ ਮਨੁੱਖ ਤੋਂ ਉਸਦੀ ਅਜ਼ਾਦ ਜ਼ਿੰਦਗੀ ਖੋਹ  ਲੈਂਦਾ ਹੈ। ਲੇਖਕ ਅਨੁਸਾਰ ਅੱਜ ਦਾ ਮਨੁੱਖ ਧਰਮ ਤੋਂ ਦੂਰ ਨਹੀਂ ਹੁੰਦਾ ਬਲਕਿ ਇਨਸਾਨੀਅਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਿਉਂਕਿ ਸ਼ਰਧਾ ਅਤੇ ਲਾਈਲੱਗਤਾ ਵਿਚ ਕੰਮ ਪਿੱਛੇ ਸਬੂਤਾਂ ਦੀ ਲੋੜ ਨਹੀਂ ਹੁੰਦੀ ਜਿਸ ਨਾਲ ਇਨਸਾਨ ਦੀਆਂ ਜੜ੍ਹਾਂ ਧਾਰਮਿਕ ਗਾਰ ਵਿਚ ਧੱਸਦੀਆਂ ਜਾਂਦੀਆਂ ਹਨ। ਪਰ ਬੀਤੇ ਤਿੰਨ ਕੁ ਦਹਾਕਿਆਂ ਤੋਂ ਪੜ੍ਹਾਈ ਕਾਰਨ ਬਹੁਤ ਸੁਧਾਰ ਆ ਰਿਹਾ ਹੈ , ਹੁਣ ਆਮ ਲੋਕ ਬੂਬਨਿਆਂ ਦੇ ਡੇਰਿਆਂ ‘ਚ ਮੱਥੇ ਰਗੜਨ ਨਹੀਂ ਜਾਂਦੇ ।
ਅਵਤਾਰ ਤਰਕਸ਼ੀਲ ਪੰਜਾਬ ਦੀ ਮਿੱਟੀ ਦਾ ਜੰਮਪਲ ਹੈ ਪਰ ਉਸਦੀ ਕਰਮ ਭੂਮੀ ਨਿਊਜ਼ੀਲੈਂਡ ਹੈ। ਉਹ ਆਪਣੇ ਇਹਨਾਂ ਲੇਖਾਂ ਵਿੱਚ ਨਿਊਜ਼ੀਲੈਂਡ ਅਤੇ ਭਾਰਤ ਦੀ ਆਪਸ ਵਿੱਚ ਤੁਲਨਾ ਕਰਦਾ ਹੈ। ਜਿਹੜੀ ਕਿ ਪਾਠਕ ਨੂੰ ਨਵੇਂ ਕਲਚਰ ਬਾਰੇ ਜਾਨਣ ਲਈ ਰੌਚਕਤਾ ਪੈਦਾ ਕਰਦੀ ਹੈ। ਲੇਖਕ ਦੱਸਦਾ ਹੈ ਕਿ ਨਿਊਜ਼ੀਲੈਂਡ ਇਕ ਨਾਸਤਿਕ ਦੇਸ਼ ਹੈ ਜਿਸਦੀ ਔਸਤ ਉਮਰ 83 ਸਾਲ ਹੈ ਅਤੇ ਭਾਰਤ ਇਕ ਬਹੁਧਰਮੀ ਦੇਸ਼ ਹੈ ਜਿਸਦੀ ਔਸਤ ਉਮਰ 69 ਸਾਲ ਹੈ। ਉੱਥੇ ਧਾਰਮਿਕ ਸਥਾਨਾਂ ਦਾ ਰੌਲਾ ਰੱਪਾ ਨਹੀਂ ਹੈ ਪਰ ਭਾਰਤ ਵਿੱਚ ਲੋਕ ਸੁਣਦੇ ਘੱਟ ਅਤੇ ਸੁਣਾਉਣ ਲਈ ਜ਼ਿਆਦਾ ਉੱਚੀ ਧਰਮ ਪ੍ਰਚਾਰ ਕਰਦੇ ਹਨ। ਅਵਤਾਰ ਅਨੁਸਾਰ ਨਿਊਜ਼ੀਲੈਂਡ ਦੇ ਲੋਕ ਕੁਝ ਨਾ ਹੋਇਆਂ ਵੀ ਖੁਸ਼ਮਿਜ਼ਾਜ਼ ਰਹਿੰਦੇ ਹਨ ਇਸਦੇ ਉਲਟ ਭਾਰਤ ਵਿੱਚ ਸਭ ਕੁਝ ਹੁੰਦਿਆਂ ਵੀ ਨਾਖ਼ੁਸ਼ ਦਿਖਾਈ ਦਿੰਦੇ ਹਨ। ਲੇਖਕ ਦੀ ਵਾਰਤਕ ਸ਼ੈਲੀ ਕਮਾਲ ਦੀ ਹੈ। ਮੇਰੀ ਸੂਝ ਅਨੁਸਾਰ ਕੱਟੜਤਾ ਚਾਹੇ ਉਹ ਕੋਈ ਵੀ ਹੋਵੇ ਉਹ ਇਨਸਾਨ ਦਾ ਦਾਇਰਾ ਸੀਮਤ ਕਰ ਦਿੰਦੀ ਹੈ। ਨਾਸਤਿਕ ਨੂੰ ਧਾਰਮਿਕ ਅਤੇ ਧਾਰਮਿਕ ਨੂੰ ਨਾਸਤਿਕ ਦੁਸ਼ਮਣ ਪ੍ਰਤੀਤ ਲੱਗਣ ਲਗਾ ਦਿੰਦੀ ਹੈ। ਜਿਸ ਨਾਲ ਇਨਸਾਨ ਅਸ਼ਾਂਤ ਰਹਿਣ ਲੱਗਦਾ ਹੈ। ਕਿਤਾਬਾਂ ਮਨੁੱਖ ਨੂੰ ਕੀ ਤੋਂ ਕਿਵੇਂ ਅਤੇ ਕਿੱਥੇ ਪਹੁੰਚਿਆ ਦੱਸਦੀਆਂ ਹਨ। ਪੁਜਾਰੀ ਵਰਗ ਨੂੰ ਬੜਾ ਚੇਤੰਨ ਵਰਗ ਦਸਦਾ ਹੈ ਜੋ ਲੋਕਾਂ ਨੂੰ ਰੁੱਖੀ ਮਿੱਸੀ ਅਤੇ ਆਪ ਚੋਪੜੀਆਂ ਹੜੱਪ ਰਿਹਾ ਹੈ। ਲੇਖਕ ਅਨੁਸਾਰ ਅਣਮੱਲੀ ਚੀਜ਼ ਜ਼ਿੰਦਗੀ ਹੈ ਜਿਹੜੀ ਪੈਸੇ ਨਾਲ ਖਰੀਦੀ ਨਹੀਂ ਜਾ ਸਕਦੀ। ਜੇ ਮਨੁੱਖ ਮਿਹਨਤ ਕਰਦਾ ਹੈ ਤਾਂ ਡਾਲਰ ਵੱਧਦੇ ਹਨ ਜੇ ਕਸਰਤ ਕਰਦਾ ਹੈ ਤਾਂ ਉਮਰ ਵਧਦੀ ਹੈ। ” ਕੀ ਇਹ ਅਜ਼ਾਦੀ ਹੈ” ਸਿਰਲੇਖ ਹੇਠ ਛਪੇ ਲੇਖ ਵਿਚ ਲੇਖਕ ਨੇ ਬਰਾਬਰਤਾ ਦੀ ਗੱਲ ਅਤੇ ਔਰਤਾਂ ਦੇ ਅਧਿਕਾਰਾਂ ਦੀ ਗੱਲ ਕੀਤੀ ਹੈ। ਭਾਰਤ ਦੇ ਲੋਕ ਪੜ੍ਹ ਲਿਖ ਕੇ ਵੀ ਪੜਿਆਂ ਵਾਲੇ ਫਰਜ਼ ਅਤੇ ਕਾਰਜ ਨਹੀਂ ਕਰ ਸਕਦੇ,’ ਵੱਡਾ ਪੜਾਕੂ’ ਆਖ ਕਿ ਅਨਪੜ੍ਹ ਲੋਕ ਵੀ ਹਾਰ ਪਾ ਦਿੰਦੇ ਹਨ। ਅਵਤਾਰ ਤਰਕਸ਼ੀਲ ਅਨੁਸਾਰ ਮਨੁੱਖ ਨੂੰ ਆਪਣੇ ਢਿੱਡ ਨੂੰ ਕੂੜੇਦਾਨ ਵਾਂਗ ਨਹੀਂ ਵਰਤਣਾ ਚਾਹੀਦਾ। ਜੇਕਰ ਆਦਮੀ ਦਿਮਾਗ ਦੀ ਵਰਤੋਂ ਨਹੀਂ ਕਰੇਗਾ ਤਾਂ ਇਸਨੇ ਕੰਮ ਕਰਨਾ ਬੰਦ ਕਰ ਦੇਣਾ ਹੈ। ਪੁਸਤਕ ਦੇ ਅੰਤ ਵਿੱਚ ਲੇਖਕ ਨੇ ਕਾਵਿ ਬੰਧ ਲਿਖੇ ਹਨ ਜੋ ਬਾਕਮਾਲ ਹਨ। ਕਿਤਾਬ ਤਰਕਸ਼ੀਲਤਾ ਅਤੇ ਤੰਦਰੁਸਤੀ ਵਿੱਚ ਲੇਖਕ ਇਨਸਾਨ ਨੂੰ ਨਵੇਂ ਸੁਪਨੇ ਲੈਣ ਲਈ ਆਖਦਾ ਹੈ। ਤਰਕਸ਼ੀਲਤਾ ਤਾਂ ਇੱਕ ਸਿਰਫ ਜਿਉਂਣ ਦਾ ਢੰਗ ਹੈ ਜਿਸ ਵਿੱਚੋਂ ਲਾਈਲੱਗਤਾ ਛੱਡਣੀ ਪਵੇਗੀ। ਪੂਰੀ ਕਿਤਾਬ ਵਧੀਆ ਸੁਨੇਹਿਆਂ ਅਤੇ ਤੰਦਰੁਸਤ ਰਹਿਣ ਵਾਲੀਆਂ ਗੱਲਾਂ ਨਾਲ ਭਰਪੂਰ ਹੈ। ਇਹ ਮਨੁੱਖ ਨੂੰ ਵਧੀਆ ਇਨਸਾਨ ਬਣਕੇ ਵਧੀਆ ਜ਼ਿੰਦਗੀ ਜੀਣ ਦਾ ਢੰਗ ਸਿਖਾ ਰਹੀ ਹੈ।
ਰਜਿੰਦਰ ਸਿੰਘ ਰਾਜਨ 
ਗੁਰੂ ਗੋਬਿੰਦ ਸਿੰਘ, ਨਗਰ ਗਲੀ ਨੰ਼1 (ਕਰਤਾਰਪੁਰਾ)
ਹਰੇੜੀ ਰੋਡ ਸੰਗਰੂਰ।
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕੰਨਿਆ ਸਕੂਲ ਰੋਪੜ ਦੀਆਂ ਸਿਖਰਲੇ ਸਥਾਨ ਪ੍ਰਾਪਤ ਕਰਨ ਵਾਲ਼ੀਆਂ ਵਿਦਿਆਰਥਣਾਂ ਦੇ ਵਿਸ਼ੇਸ਼ ਸਨਮਾਨ
Next articleਮਾਤਾ ਜੀ ਵਲੋਂ ਅਸੀਸਾਂ