ਆਦਿਵਾਸੀਆਂ ਉਪਰ ਜਬਰ ਅਤੇ ਪੰਜਾਬ ਨੂੰ ਪੁਲਸ ਰਾਜ ਬਣਾਉਣ ਖ਼ਿਲਾਫ ਹੋਵੇਗਾ ਵਿਸ਼ਾਲ ਰੋਸ ਮਾਰਚ
ਬਰਨਾਲਾ (ਸਮਾਜ ਵੀਕਲੀ) ਛੱਤੀਸਗੜ੍ਹ ਅਤੇ ਹੋਰ ਆਦਿਵਾਸੀ ਇਲਾਕਿਆਂ ਅੰਦਰ ਨਕਸਲਵਾਦ ਨੂੰ ਖ਼ਤਮ ਕਰਨ ਦੇ ਨਾਂ ਹੇਠ ਕੀਤੇ ਜਾ ਰਹੇ ਕਤਲੇਆਮ ਅਤੇ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਮਿਹਨਤਕਸ਼ ਲੋਕਾਂ ‘ਤੇ ਕੀਤੇ ਜਾ ਰਹੇ ਅੰਨ੍ਹੇ ਪੁਲਿਸ ਜਬਰ ਖ਼ਿਲਾਫ਼ ਪੰਜਾਬ ਦੀਆਂ ਤਿੰਨ ਦਰਜਨ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ 8 ਅਗਸਤ ਨੂੰ ਸਵੇਰੇ 11 ਵਜੇ ਦਾਣਾ ਮੰਡੀ, ਮੋਗਾ ਵਿਖੇ ਹੋ ਰਹੀ ਸੂਬਾਈ ਰੈਲੀ ਅਤੇ ਰੋਸ ਮਾਰਚ ਦੀ ਤਿਆਰੀ ਦੇ ਸੰਬੰਧ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਅਤੇ ਇਸ ਰੋਸ ਰੈਲੀ ਵਿੱਚ ਪੰਜਾਬ ਦੇ ਸਮੂਹ ਜੋਨਾਂ ਅਤੇ ਇਕਾਈਆਂ ਵੱਲੋਂ ਭਰਵੀਂ ਸ਼ਮੂਲੀਅਤ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੁਸਾਇਟੀ ਦੇ ਸੂਬਾਈ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ,ਹੇਮ ਰਾਜ ਸਟੈਨੋਂ ,ਰਾਜੇਸ਼ ਅਕਲੀਆ, ਰਾਜਪਾਲ ਬਠਿੰਡਾ, ਜਸਵਿੰਦਰ ਫਗਵਾੜਾ ਅਤੇ ਸੁਮੀਤ ਅੰਮ੍ਰਿਤਸਰ ਨੇ ਦੱਸਿਆ ਕਿ ਮੋਦੀ ਸਰਕਾਰ ਵੱਲੋਂ ਆਦਿਵਾਸੀ ਇਲਾਕਿਆਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਜਲ, ਜੰਗਲ, ਜ਼ਮੀਨ ਲੁਟਾਉਣ ਅਤੇ ਆਦਿਵਾਸੀਆਂ ਦੇ ਕੀਤੇ ਜਾ ਰਹੇ ਅੰਨੇ ਕਤਲੇਆਮ ਦਾ ਇਹ ਫਾਸ਼ੀਵਾਦੀ ਸਿਲਸਿਲਾ ਪੰਜਾਬ ਅੰਦਰ ਭਾਰਤ ਮਾਲਾ ਪ੍ਰੋਜੈਕਟ ਅਤੇ ਲੈਂਡ ਪੂਲਿੰਗ ਸਕੀਮ ਰਾਹੀਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਲੋਕਾਂ ਦੀ ਜ਼ਿੰਦਗੀ ਅਤੇ ਜਮਹੂਰੀ ਹੱਕਾਂ ਨੂੰ ਵੱਡੇ ਪੱਧਰ ਤੇ ਕੁਚਲ ਰਿਹਾ ਹੈ ਅਤੇ ਪੁਲਿਸ ਜ਼ਬਰ ਦਾ ਵਿਰੋਧ ਕਰ ਰਹੇ ਕਿਰਤੀ ਲੋਕਾਂ ਦੇ ਸੰਘਰਸ਼ ਕਰਨ ਦੇ ਅਧਿਕਾਰ ਉਤੇ ਸਖ਼ਤ ਪਾਬੰਦੀਆਂ ਮੜ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਸੂਬਾ ਕਮੇਟੀ ਆਗੂਆਂ ਰਾਮ ਸਵਰਨ ਲੱਖੇਵਾਲੀ, ਸੁਖਵਿੰਦਰ ਬਾਗਪੁਰ,ਜਸਵੰਤ ਮੁਹਾਲੀ,ਗੁਰਪ੍ਰੀਤ ਸ਼ਹਿਣਾ ਅਤੇ ਸੁਰਜੀਤ ਟਿੱਬਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਆਦਿਵਾਸੀਆਂ ਦੇ ਜਲ-ਜੰਗਲ-ਜ਼ਮੀਨ ਉੱਪਰ ਕੁਦਰਤੀ ਤੇ ਜਮਹੂਰੀ ਹੱਕ ਨੂੰ ਕੁਚਲਕੇ ਕੁਦਰਤੀ ਵਸੀਲਿਆਂ ਨੂੰ ਲੁੱਟਣ ਲਈ ਕਾਰਪੋਰੇਟ ਪ੍ਰੋਜੈਕਟ ਥੋਪਣ ਅਤੇ ਆਦਿਵਾਸੀਆਂ ਨੂੰ ਉਜਾੜਨ ਦੀ ਲੋਕ ਵਿਰੋਧੀ ਸਾਜ਼ਿਸ਼ ਦਾ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਡਟਵਾਂ ਵਿਰੋਧ ਹੋ ਰਿਹਾ ਹੈ ਅਤੇ ਪੰਜਾਬ ਵਿੱਚ ਵੀ ਭਗਵੰਤ ਮਾਨ ਸਰਕਾਰ ਵੱਲੋਂ ਵੀ ਅਖੌਤੀ ਵਿਕਾਸ ਪ੍ਰੋਜੈਕਟਾਂ ਦੇ ਬਹਾਨੇ ਲੈਂਡ ਪੂਲਿੰਗ ਸਕੀਮ ਹੇਠ ਕਿਸਾਨਾਂ ਦੀਆਂ ਕੀਮਤੀ ਜ਼ਮੀਨਾਂ ਜ਼ਬਰਦਸਤੀ ਖੋਹਣ ਅਤੇ ਸਿੱਖਿਆ, ਸਿਹਤ, ਰੁਜ਼ਗਾਰ,ਬਿਜਲੀ,ਪਾਣੀ, ਸੜਕਾਂ ਦੇ ਜਨਤਕ ਅਦਾਰੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਦੀ ਲੋਕ ਮਾਰੂ ਨੀਤੀ ਕਿਸੇ ਵੀ ਸੂਰਤ ਵਿੱਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ। ਸੂਬਾ ਕਮੇਟੀ ਆਗੂਆਂ ਜੋਗਿੰਦਰ ਕੁੱਲੇਵਾਲ, ਮੋਹਨ ਬਡਲਾ,ਕੁਲਜੀਤ ਡੰਗਰਖੇੜਾ ਅਤੇ ਜੂਝਾਰ ਲੌਂਗੋਵਾਲ ਨੇ ਇਸ ਰੋਸ ਰੈਲੀ ਅਤੇ ਮੁਜਾਹਰੇ ਦੀ ਕਾਮਯਾਬੀ ਲਈ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੇ ਤਰਕਸ਼ੀਲ ਸੁਸਾਇਟੀ ਦੇ ਕਾਰਕੁਨਾਂ, ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਔਰਤਾਂ, ਵਿਦਿਆਰਥੀਆਂ, ਅਧਿਆਪਕਾਂ, ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਰੰਗਕਰਮੀਆਂ, ਵਕੀਲਾਂ, ਪੱਤਰਕਾਰਾਂ,ਨੌਜਵਾਨਾਂ ਸਮੇਤ ਪੰਜਾਬ ਦੀਆਂ ਸਮੂਹ ਲੋਕਪੱਖੀ ਤਾਕਤਾਂ ਨੂੰ ਸ਼ਾਮਿਲ ਹੋ ਕੇ ਇਸ ਜਾਬਰ ਹਮਲੇ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ।
ਜਾਰੀ ਕਰਤਾ
ਸੁਮੀਤ ਅੰਮ੍ਰਿਤਸਰ
(ਸੂਬਾਈ ਮੀਡੀਆ ਮੁਖੀ)
ਮਾਸਟਰ ਪਰਮਵੇਦ
ਜੋਨ ਜਦੇਬੰਦਕ ਮੁਖੀ&ਸਹਾਇਕ ਸੂਬਾ ਮੀਡੀਆ ਮੁਖੀ
9417422349
ਤਰਕਸ਼ੀਲ ਸੁਸਾਇਟੀ ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



