ਤਰਕਸ਼ੀਲਾਂ ਰਹੱਸਮਈ ਪਰੇਤ ਭਜਾਇਆ –ਮਾਸਟਰ ਪਰਮ ਵੇਦ

ਪਰਮ ਵੇਦ ਸੰਗਰੂਰ

(ਸਮਾਜ ਵੀਕਲੀ)

ਕੁੱਝ ਮਹੀਨੇ ਪਹਿਲਾਂ ਦੀ ਗੱਲ ਹੈ ਮੇਰੇ ਇਕ ਤਰਕਸ਼ੀਲ ਸਾਥੀ ਦਾ ਸੁਨੇਹਾ ਮਿਲਿਆ ਕਿ ਉਨਾਂ ਦੇ ਨੇੜਲੇ ਪਿੰਡ ਦੇ ਇਕ ਘਰੇ ਕੁਝ ਰਹੱਸਮਈ ਘਟਨਾਵਾਂ ਵਾਪਰ ਰਹੀਆਂ ਹਨ।ਪਰਿਵਾਰ ਨੇ ਬਹੁਤ ਸਾਰੇ ਅਖੌਤੀ ਸਿਆਣਿਆਂ ਤੋਂ ਇਨ੍ਹਾਂ ਘਟਨਾਵਾਂ ਨੂੰ ਬੰਦ ਕਰਵਾਉਣ ਲਈ ਯਤਨ ਕੀਤੇ ਹਨ, ਕਈ ਤਰ੍ਹਾਂ ਦੇ ਜਾਦੂ -ਟੂਣੇ ਵੀ ਕਰਵਾ ਚੁੱਕੇ ਸਨ,ਪਤਨਾਲਾ ਉਥੇ ਦਾ ਉਥੇ ਹੈ, ਕੋਈ ਫਰਕ ਨਹੀਂ ਪਿਆ।ਸਾਰੇ ਉਪਾਅ ਕਰਨ ਤੋਂ ਬਾਅਦ ਉਨ੍ਹਾਂ ਹੁਣ ਤਰਕਸ਼ੀਲਾਂ ਤਕ ਪਹੁੰਚ ਕੀਤੀ ਹੈ।ਉਸ ਨੇ ਕਿਹਾ ਹੁਣ ਆਪਾਂ ਉਸ ਦੇ ਘਰ ਜਾ ਕੇ ਵਿਗਿਆਨਕ ਤੇ ਮਨੋਵਿਗਿਆਨਕ ਪੱਧਰ ਤੇ ਪੜਤਾਲ ਕਰਨੀ ਹੈ।

ਸਾਥੀ ਕਰਿਸ਼ਨ ਸਿੰਘ, ਗੁਰਦੀਪ ਸਿੰਘ ਤੇ ਮੈਂ ਅਗਲੇ ਦਿਨ ਪੀੜਤ ਪਰਿਵਾਰ ਦੇ ਘਰ ਪਹੁੰਚੇ।ਪਰਿਵਾਰ ਦੇ ਮੁਖੀ ਨਾਲ ਗਲ ਕਰਨ ਸਮੇਂ ਉਸਨੇ ਦੱਸਿਆ ਕਿ ਕਾਫੀ ਸਮੇਂ ਤੋਂ ਉਨ੍ਹਾ ਦੇ ਘਰ ਗੰਦਗੀ ਦੇ ਭਰੇ ਪੋਲੀਥੀਨ ਦੇ ਲਿਫਾਫੇ ਆਉਦੇ ਹਨ।ਇਹ ਲਿਫਾਫੇ ਸੁਰੂ ਵਿਚ ਘਰ ਦੇ ਅੰਦਰ ਹੀ ਆਉਂਦੇ ਸਨ ਬਾਅਦ ਵਿੱਚ ਬਾਹਰ ਵੀ ਆਉਣ ਲਗ ਪਏ ।ਸਿਫਤ ਇਹ ਸੀ ਕਿ ਗੰਦਗੀ ਖਿਲਰੀ ਹੋਈ ਨਹੀਂ ਹੁੰਦੀ ਉਹ ਕਾਗਜ਼ ਤੇ ਪਈ ਹੁੰਦੀ ਹੈ ਤੇ ਅੰਦਰ ਉਸਨੂੰ ਲਿਫਾਫੇ ਵਿੱਚ ਪਾ ਕੇ ਅਲਮਾਰੀ ਵਿੱਚ ਰਖਿਆ ਹੁੰਦਾ ਸੀ ਇਹ ਸਭ ਕੁਝ ਰਾਤ ਨੂੰ ਹੀ ਵਾਪਰਦਾ ਸੀ, ਉਹੋ ਵੀ ਕਦੇ ਕਦੇ ਇਹ ਬਿਰਤਾਂਤ ਰੋਜ਼ਾਨਾ ਨਹੀਂ ਵਾਪਰਦਾ ਸੀ।

ਇਸ ਸਾਰੇ ਵਰਤਾਰੇ ਦੀ ਮਨੋਵਿਗਿਆਨਕ ਅਤੇ ਵਿਗਿਆਨਕ ਨਜ਼ਰੀਏ ਤੋਂ ਪੜਤਾਲ ਕਰਨ ਤੇ ਘਟਨਾਵਾਂ ਦੀ ਤਹਿ ਤਕ ਪਹੁੰਚਣ ਲਈ, ਅਸੀਂ ਸਾਰੇ ਤਰਕਸ਼ੀਲ ਸਾਥੀਆਂ ਨੇ ਵਿਚਾਰ ਵਟਾਂਦਰਾ ਕੀਤਾ।ਮੈਂ ਕਿਹਾ ਦੋਸ਼ੀ ਦੀ ਸ਼ਨਾਖ਼ਤ ਤਾਂ ਕਰ ਲਈ ਜਾਵੇਗੀ ਪਰ ਮੇਰੀ ਸਮਝ ਅਨੁਸਾਰ ਪਰਿਵਾਰ ਨੂੰ ਘਰ ਅੰਦਰ ਇਕ ਫਲੱਸ਼ ਦੀ ਜ਼ਰੂਰਤ ਹੈ।ਫਲੱਸ਼ ਨਾ ਹੋਣ ਕਰਕੇ ਅਜਿਹਾ ਕੁੱਝ ਵਾਪਰਦਾ ਹੈ।ਕਿਸੇ ਮੈਂਬਰ ਨੂੰ ਰਾਤ ਸਮੇਂ ਹਾਜ਼ਤ ਹੁੰਦੀ ਹੈ, ਬਾਹਰ ਜਾਣ ਤੋਂ ਡਰਦਾ ਹੈ, ਇਹ ਸਭ ਕੁਝ ਉਸ ਵਿਅਕਤੀ ਦੀ ਲੋੜ ਕਰਵਾ ਰਹੀ ਹੈ ਜੇ ਘਰੇ ਫਲੱਸ਼ ਦਾ ਪਰਬੰਧ ਹੋ ਗਿਆ ਤਾਂ ਇਹ ਸਭ ਕੁਝ ਬੰਦ ਹੋ ਜਾਵੇਗਾ।ਘੱਟੋ ਘੱਟ ਇਸ ਪਰਿਵਾਰ ਨੂੰ ਇਕ ਸਹੂਲਤ ਤਾਂ ਪਰਾਪਤ ਹੋ ਜਾਵੇਗੀ।

ਮੇਰੇ ਸਾਥੀ ਮੇਰੇ ਇਸ ਵਿਚਾਰ ਨਾਲ ਸਹਿਮਤ ਹੋ ਗਏ।ਅਸੀਂ ਦੋਸ਼ੀ ਦੀ ਸ਼ਨਾਖਤ ਨਾ ਕਰਨ ਤੇ ਪਰਿਵਾਰ ਦੇ ਮੁਖੀ ਉਪਰ ਫਲੱਸ਼ ਬਣਾਉਣ ਲਈ ਜ਼ੋਰ ਪਾਉਣ ਦਾ ਫੈਸਲਾ ਕੀਤਾ।ਇਸ ਉਪਰੰਤ ਅਸੀਂ ਆਪਣੇ ਵਿਚਾਰ ਘਰ ਦੇ ਮੁਖੀ ਨਾਲ ਸਾਂਝੇ ਕੀਤੇ ਤੇ ਉਹ ਸਾਡੇ ਵਿਚਾਰਾਂ ਨਾਲ ਖੁਸ਼ੀ ਖੁਸ਼ੀ ਸਹਿਮਤ ਹੋ ਗਿਆ।ਉਸਨੇ ਕਿਹਾ ,” ਅਸੀਂ ਅੰਬ ਖਾਣੇ ਹਨ ਦਰੱਖਤ ਨਹੀਂ ਗਿਣਨੇ।” ਇਸਤੋਂ ਬਾਅਦ ਅਸੀਂ ਪਰਿਵਾਰ ਦੇ ਸਾਰੇ ਮੈਬਰਾਂ ਨੂੰ ਇਕੱਠਾ ਕੀਤਾ ਅਤੇ ਕਿਹਾ,”ਇਸ ਦੁਨੀਆਂ ਵਿੱਚ ਜਿੰਨ,ਭੂਤ ਪਰੇਤ ਨਾਂ ਦੀ ਕੋਈ ਚੀਜ਼ ਨਹੀਂ, ਸਾਡੀ ਸਮੱਸਿਆ ਦਾ ਹਲ ਨਾ ਹੋਣਾ,ਲੋੜ ਖਾਹਸ਼ਾਂ, ਰੀਝਾਂ ਦਾ ਪੂਰੇ ਨਾ ਹੋਣਾ ਆਦਿ ਗੱਲਾਂ ਕਲਪਿਤ ਭੂਤਾਂ ਪਰੇਤਾਂ ਦਾ ਰੂਪ ਧਾਰ ਲੈਦੀਆਂ ਹਨ। ਸਾਡਾ ਮਕਸਦ ਦੋਸ਼ੀ ਫੜਨਾ ਨਹੀਂ, ਸਗੋਂ ਘਰ ਵਿੱਚ ਵਾਪਰਦੀਆਂ ਰਹੱਸਮਈ ਘਟਨਾਵਾਂ ਦਾ ਕਾਰਨ ਜਾਣਨਾ ਤੇ ਉਨ੍ਹਾਂ ਨੂੰ ਦੂਰ ਕਰਨਾ ਹੁੰਦਾ ਹੈ। ਇਸ ਘਰ ਵਿੱਚ ਗੰਦਗੀ ਦੇ ਲਿਫਾਫੇ ਆਉਣ ਦਾ ਕਾਰਨ ਅਸੀਂ ਜਾਣ ਲਿਆ ਹੈ, ਇਹ ਬੰਦ ਤਦ ਹੋਣਗੇ ਜਦ ਇਸ ਘਰ ਨੂੰ ਫਲੱਸ਼ ਦੀ ਸਹੂਲਤ ਮਿਲੇਗੀ।ਇਸ ਘਰ ਨੂੰ ਜਲਦੀ ਹੀ ਇਹ ਸਹੂਲਤ ਮਿਲਣ ਵਾਲੀ ਹੈ ਤੇ ਹੁੰਦੀਆਂ ਘਟਨਾਵਾਂ ਵੀ ਦੂਰ ਹੋ ਜਾਣਗੀਆਂ।”

ਅਸੀਂ ਘਰ ਦੇ ਮੁਖੀ ਨੂੰ ਛੇਤੀ ਤੋਂ ਛੇਤੀ ਘਰ ਵਿੱਚ ਫਲੱਸ਼ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕਿਹਾ।ਫਲੱਸ਼ ਬਣਨ ਤੋਂ ਬਾਅਦ ਅਸੀਂ ਪੜਤਾਲ ਕਰਾਂਗੇ।ਸਾਨੂੰ ਉਮੀਦ ਹੈ ਕਿ ਫਲੱਸ਼ ਦੀ ਸਹੂਲਤ ਤੋਂ ਬਾਅਦ ਓਪਰੀ ਸ਼ੈਅ ਭੱਜ ਜਾਵੇਗੀ।ਤੁਸੀ ਆਪਣੇ ਪੱਧਰ ਤੇ ਕਿਸੇ ਤੇ ਸ਼ਕ ਨਹੀਂ ਕਰਨਾ,ਤੇ ਨਾ ਹੀ ਕਿਸੇ ਅਖੌਤੀ ਸਿਆਣੇ ਨੂੰ ਬੁਲਾਉਣਾ ਹੈ। ਅਸੀ ਕਿਹਾ ਵਿਗਿਆਨ ਨੇ ਬਹੁਤ ਤਰੱਕੀ ਕਰ ਲਈ ਹੈ।ਲੋੜ ਪੈਣ ਤੇ ਦੋਸ਼ੀ ਦੀ ਸ਼ਨਾਖਤ ਕਰ ਲਈ ਜਾਵੇਗੀ।ਅਖੌਤੀ ਸਿਆਣੇ ਸਾਡੇ ਅੰਦਰ ਇਨ੍ਹਾਂ ਘਟਨਾਵਾਂ ਪਿਛੇ ਮਨੋਕਲਪਿਤ ਭੂਤਾਂ ਪਰੇਤਾਂ ਦਾ ਡਰ ਪੈਦਾ ਕਰਕੇ ਸਾਡੇ ਲੁੱਟ ਕਰਦੇ ਹਨ।ਉਹ ਕਾਰਨਾਂ ਦੇ ਨੇੜੇ ਤੇੜੇ ਵੀ ਨਹੀਂ ਜਾਂਦੇ।ਉਨਾਂ ਦੇ ਆਪਣੇ ਘਰ ਵਾਪਰਦੀਆਂ ਅਜਿਹੀਆਂ ਘਟਨਾਵਾਂ ਦੇ ਕੇਸ ਵੀ ਮਨੋਵਿਗਿਆਨੀਆਂ ਕੋਲੋਂ ਹੀ ਹਲ ਹੁੰਦੇ ਹਨ।ਸਾਡੀ ਦੁਨੀਆਂ ਭਰ ਦੇ ਅਖੌਤੀ ਸਾਧਾਂ ਸਿਆਣਿਆਂ ਨੂੰ ਚੁਣੌਤੀ ਦਿਤੀ ਹੋਈ ਹੈ ਕਿ ਜੇ ਉਹ ਭੁਤ- ਪਰੇਤ ਸਿੱਧ ਕਰ ਦੇਣ ਤਾਂ ਉਹ ਤਰਕਸ਼ੀਲਾਂ ਕੋਲੋਂ ਪੰਜ ਲੱਖ ਰੁਪਏ ਦਾ ਨਕਦ ਇਨਾਮ ਜਿਤ ਸਕਦੇ ਹਨ।

ਅਸੀਂ ਉਸਾਰੂ ,ਸਾਰਥਿਕ ਸੁਝਾਅ ਅਤੇ ਘਟਨਾਵਾਂ ਨਾ ਵਾਪਰਨ ਦਾ ਵਿਸਵਾਸ਼ ਦੇ ਕੇ ਉਥੋਂ ਵਿਦਾਇਗੀ ਲਈ। ਇਕ ਮਹੀਨੇ ਬਾਅਦ ਦੁਬਾਰਾ ਘਰੇ ਜਾ ਕੇ ਘਟਨਾਵਾਂ ਵਾਪਰਨ ਬਾਰੇ ਜਾਣਨਾ ਚਾਹਿਆ।ਉਨਾਂ ਦੇ ਪੈਰ ਖੁਸ਼ੀ ਨਾਲ ਜਮੀਨ ਤੇ ਨਹੀਂ ਲਗ ਰਹੇ ਸਨ।ਸਾਨੂੰ ਦੇਖ ਕੇ ਉਨਾਂ ਨੂੰ ਚਾਅ ਚੜ੍ਹ ਗਿਆ।ਸਾਨੂੰ ਬਹੁਤ ਪਿਆਰ ਸਤਿਕਾਰ ਦਿਤਾ।ਉਨਾਂ ਦੱਸਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਅਸੀ ਤਾਂ ਅਖੌਤੀ ਸਿਆਣਿਆਂ ਤੋਂ ਬਹੁਤ ਲੁੱਟ ਕਰਵਾ ਚੁਕੇ ਹਾਂ।ਤੁਸੀਂ ਸਾਨੂੰ ਬਚਾ ਲਿਆ।ਤੁਸੀਂ ਘਰ ਨੂੰ ਫਲੱਸ਼ ਦੀ ਸਹੂਲਤ ਦਵਾਈ, ਸਾਨੂੰ ਡਰ ਮੁਕਤ ਕੀਤਾ।ਤੁਸੀਂ ਸਾਡੇ ਡਰ ਦੇ ਭੂਤ ਭਜਾ ਦਿਤੇ।ਚਾਹ ਪੀਣ ਉਪਰੰਤ ਅਸੀਂ ਘਰ ਵਾਪਸ ਆ ਗਏ।

ਮਾਸਟਰ ਪਰਮ ਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
ਅਫਸਰ ਕਲੋਨੀ ਸੰਗਰੂਰ 9417422349

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿੱਚ “ਵੋਟ ਮੇਰਾ ਅਧਿਕਾਰ ” ਸੰਬੰਧੀ ਸੈਮੀਨਾਰ ਦਾ ਆਯੋਜਨ
Next articleਮਾਣਕ ਜੋਧਾਂ ਕਬੱਡੀ ਕੱਪ ਦੀਆਂ ਤਿਆਰੀਆਂ ਅੰਤਿਮ ਬਰੂਹਾਂ ਤੇ ਕਬੱਡੀ ਦੇ ਹੋਣਗੇ ਘਮਸਾਨ ਮੁਕਾਬਲੇ