ਕਨੇਡਾ /ਵੈਨਕੂਵਰ (ਕੁਲਦੀਪ ਚੁੰਬਰ)– ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਇਕਾਈ ਹੁਸ਼ਿਆਰਪੁਰ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਤਰਕਸ਼ੀਲ ਨਾਟਕ ਮੇਲਾ ਭੂੰਗਾ ਵਿਖੇ ਕਰਵਾਇਆ ਗਿਆ ਅਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ।ਇਸ ਮੇਲੇ ਦੇ ਸ਼ੁਰੂ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀ ਦਲਜੀਤ ਸਿੰਘ ਤੋਂ ਸ਼ਹੀਦਾਂ ਦਾ ਗੀਤ ਗਵਾ ਕੇ ਸ਼ਰੂਆਤ ਕਰਾਈ ਗਈ। ਬਾਅਦ ਵਿੱਚ ਉੱਘੇ ਗਾਇਕ ਜਰਨੈਲ ਸੋਨੀ ਨੇ ਆਪਣੀ ਬੁਲੰਦ ਆਵਾਜ਼ ਨਾਲ ਦੋ ਤਰਕਸ਼ੀਲ ਗੀਤ ਗਾ ਕੇ ਪੰਡਾਲ ਵਿੱਚ ਬੈਠੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਤਰਕਸ਼ੀਲ ਸੁਸਾਇਟੀ ਦੇ ਮੈਂਬਰ ਡਾਕਟਰ ਦਲਜੀਤ ਸਿੰਘ ਨੇ ਤਰਕਸ਼ੀਲ ਨਾਟਕ ਮੇਲਿਆਂ ਦੀ ਮਹੱਤਤਾ ਅਤੇ ਤਰਕਸ਼ੀਲਤਾ ਹੀ ਕਿਉਂ ਬਾਰੇ ਖੋਲ੍ਹਕੇ ਵਿਚਾਰ ਪੇਸ਼ ਕੀਤੇ। ਮਾਸਟਰ ਸੁਖਜੀਤ ਅੱਭੋਵਾਲ ਨੇ ਵਹਿਮਾਂ ਭਰਮਾਂ, ਜਾਦੂ, ਟੂਣਿਆਂ ਅਤੇ ਸੁਸਾਇਟੀ ਦੀਆਂ ਤੇਈ ਸ਼ਰਤਾਂ ਬਾਰੇ ਦੱਸਕੇ ਕਿਸੇ ਇੱਕ ਨੂੰ ਪੂਰੀ ਕਰਕੇ,ਪਾਖੰਡੀ ਸਾਧਾਂ, ਚੇਲਿਆਂ, ਜੋਤਸ਼ੀਆਂ ਨੂੰ ਲੱਖਾਂ ਰੁਪਏ ਦੇ ਇਨਾਮ ਜਿੱਤਣ ਲਈ ਲਲਕਾਰਦਿਆਂ ਆਪਣੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ ਮੋਟਰਸਾਈਕਲ ਚਲਾ ਕੇ ਦਿਖਾਇਆ।ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਦਰਦੀ ਅਤੇ ਮਾਸਟਰ ਸੁਖਜੀਤ ਅੱਭੋਵਾਲ ਬਖ਼ੂਬੀ ਨਿਭਾਉਂਦੇ ਰਹੇ।
ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਖੇਡੇ ਗਏ ਦੋ ਨਾਟਕਾਂ,”ਠੱਗੀ”ਅਤੇ “ਮਿੱਟੀ ਰੁਦਨ ਕਰੇ”ਨੇ ਲੋਕਾਂ ਨੂੰ ਅਜੋਕੇ ਸਮਾਜ ਵਿੱਚ ਵਰਤ ਰਹੇ ਵਰਤਾਰਿਆਂ ਨੂੰ ਗੰਭੀਰਤਾ ਲਈ ਸੋਚਣ ਲਈ ਮਜ਼ਬੂਰ ਕੀਤਾ। ਸੰਦੀਪ ਦਰਦੀ ਵੱਲੋਂ ਲਿਖਿਆ ਅਤੇ ਆਪਣੀ ਹੀ ਟੀਮ ਨਾਲ ਖੇਡਿਆ ਨਾਟਕ,’ਲੇਬਰ ਚੌਂਕ”ਦਰਸ਼ਕਾਂ ਦੇ ਮਨਾਂ ਵਿੱਚ ਅਮਿੱਟ ਛਾਪ ਛੱਡ ਗਿਆ। ਤਰਕਸ਼ੀਲ ਸੁਸਾਇਟੀ ਪੰਜਾਬ ਰਜਿ ਦੇ ਜਲੰਧਰ ਜੋਨ ਦੇ ਆਗੂ ਮਾਸਟਰ ਸੁਰਜੀਤ ਟਿੱਬਾ ਨੇ ਆਪਣੇ ਜ਼ੋਰਦਾਰ ਭਾਸ਼ਨ ਵਿੱਚ ਅਜੋਕੀਆਂ ਦਰਪੇਸ਼ ਚੁਣੋਤੀਆਂ ਦੇ ਕਈ ਪੱਖਾਂ ਤੋਂ ਜਾਣੂ ਕਰਵਾਉਂਦਿਆਂ ਤਰਕਸ਼ੀਲ ਸੁਸਾਇਟੀ ਦੇ ਕਾਰਜ ਖੇਤਰ, ਲੋਕਾਂ ਦੀ ਇਕਜੁਟਤਾ, ਮੌਕੇ ਨੂੰ ਸੰਭਾਲਣ ਆਦਿ ਕਈ ਪੱਖਾਂ ਤੇ ਜ਼ੋਰ ਦਿੱਤਾ। ਉੱਘੇ ਚਿੰਤਕ ਅਤੇ ਜੁਝਾਰੂ ਇਨਕਲਾਬੀ ਹਿਮਾਂਸ਼ੂ ਕੁਮਾਰ ਨੇ ਆਪਣੇ ਭਾਸ਼ਣ ਵਿੱਚ ਆਉਣ ਵਾਲੇ ਬਹੁਤ ਗੰਭੀਰ ਖਤਰਿਆਂ ਤੋਂ ਜਾਣੂ ਕਰਵਾਉਂਦਿਆਂ ਇਕਜੁਟਤਾ ਨਾਲ਼ ਇਸ ਦਾ ਮੁਕਾਬਲਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਟਰੱਸਟੀ ਅਤੇ ਦੇਸ਼ ਭਗਤਾਂ ਦੀ ਧੀ ਸੁਰਿੰਦਰ ਕੁਮਾਰੀ ਕੌਛੜ, ਨੇ ਖਾਸ ਤੌਰ ਤੇ ਸ਼ਿਰਕਤ ਕੀਤੀ।ਆਖਿਰ ਵਿੱਚ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਕੋਠੇ ਜੱਟਾਂ ਨੇ ਆਏ ਹੋਏ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੇਲੇ ਲਈ ਹੁਸ਼ਿਆਰਪੁਰ ਇਕਾਈ ਦੇ ਸਕੱਤਰ ਮਨਜੋਤ ਅੱਭੋਵਾਲ ਨੇ ਆਪਣੀ ਬਣਦੀ ਜ਼ਿੰਮੇਵਾਰੀ ਬਖ਼ੂਬੀ ਨਿਭਾਈ। ਆਰਥਿਕ ਪੱਖੋਂ ਸੰਦੀਪ ਸਿੰਘ ਧਨੋਆ, ਹਰਵਿੰਦਰ ਸਿੰਘ ਰੂਬੀ(ਇੰਗਲੈਂਡ), ਸੰਦੀਪ ਅਟਵਾਲ (ਆਸਟ੍ਰੇਲੀਆ), ਸੁਰਿੰਦਰ ਸਿੰਘ ਦੋਲੌਵਾਲ (ਇੰਗਲੈਂਡ), ਮਨਿੰਦਰ ਸਿੰਘ ਟਿੰਮੀ, ਸੁਖਵਿੰਦਰ ਸਿੰਘ ਸੁੱਖਾ, ਸਵਰਨਜੀਤ ਕੌਸ਼ਲ, ਡਾਕਟਰ ਹਰਮਿੰਦਰ ਸਿੰਘ ਗੁਰਾਇਆ, ਕੁਲਦੀਪ ਸਿੰਘ ਲੇਹਲ (ਕਨੇਡਾ), ਸ਼ਮਸ਼ੇਰ ਸਿੰਘ ਕੱਕੋਂ ,ਪਾਖਰ ਸਿੰਘ ਗਿਰਦਾਵਰ ਨੇ ਵੱਡਾ ਯੋਗਦਾਨ ਪਾਇਆ। ਪ੍ਰਗਟ ਸਿੰਘ ਲੇਹਲ(ਰਿਟਾਇਰਡ ਸੁਪਰਡੈਂਟ) ਦਿਲਰਾਜ ਕੁਮਾਰ ਸੀਕਰੀ ਅਤੇ ਪ੍ਰਿੰਸੀਪਲ ਇਕਬਾਲ ਸਿੰਘ (ਅਸਟ੍ਰੇਲੀਆ) ਮਾਸਟਰ ਮਦਨ ਲਾਲ ਬੁੱਲ੍ਹੋਵਾਲ, ਮਾਸਟਰ ਗੁਰਜਾਪ, ਮਾਸਟਰ ਹਰਜਾਪ ਸਿੰਘ,ਰਾਮ ਲੁਭਾਇਆ ਢੱਟ, ਦਲਵੀਰ ਦੁਸਾਂਝ ਨੇ ਆਰਥਿਕ ਪੱਖੋਂ ਵੱਡੀ ਮੱਦਦ ਦੇ ਨਾਲ ਨਾਲ ਹੋਰ ਵੀ ਕਈ ਪੱਖਾਂ ਤੋਂ ਮੱਦਦ ਕੀਤੀ।ਇਸ ਨਾਟਕ ਮੇਲੇ ਦੀ ਵਿਸ਼ੇਸ਼ਤਾ ਇਹ ਰਹੀ ਕਿ ਭਰੇ ਹੋਏ ਪੰਡਾਲ ਨੇ ਆਖਰੀ ਪਲਾਂ ਤੱਕ ਦਰਸ਼ਕਾਂ ਨੇ ਸਾਹ ਰੋਕ ਕੇ ਸਾਰਾ ਮੇਲਾ ਦੇਖਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly