ਰਾਜ ਕੁਮਾਰ ਸਿਧਾਰਥ ਦੀ ਰਾਜਾ ਬਿੰਬਿਸਾਰ ਨਾਲ ਪਹਿਲੀ ਮਿਲਣੀ

(ਸਮਾਜ ਵੀਕਲੀ)

ਸਿਧਾਰਥ ਜੰਗਲ ਵਿੱਚ ਤੁਰਦਾ ਗਿਆ। ਉਸ ਨੂੰ ਜੰਗਲ ਵਿਚ ਇਕ ਸੰਨਿਆਸੀ ਆਉਂਦਾ ਦਿਖਾਈ ਦਿੱਤਾ। ਉਸਨੂੰ ਦੇਖ ਕੇ ਸਿਧਾਰਥ ਨੂੰ ਹੈਰਾਨੀ ਹੋਈ ਕਿ ਉਸਦੇ ਮੋਢੇ ਤੇ ਤਰਕਸ਼ ਟੰਗਿਆ ਹੋਇਆ ਸੀ। ਸਿਧਾਰਥ ਨੇ ਉਸਨੂੰ ਪੁੱਛਿਆ, “ਕੀ ਉਹ ਤਪੱਸਵੀ ਹੈ ਜਾਂ ਸ਼ਿਕਾਰੀ ਹੈ ? ” ਉਸਨੇ ਸਿਧਾਰਥ ਨੂੰ ਚੰਗੀ ਤਰ੍ਹਾਂ ਦੇਖਦਿਆਂ ਕਿਹਾ,”ਹੇ ਨਵੋਂ ਬਣਵਾਸੀ, ਮੈਂ ਸ਼ਿਕਾਰੀ ਹਾਂ।” ਸਿਧਾਰਥ ਨੇ ਫਿਰ ਪੁੱਛਿਆ,” ਪਰ ਤੂੰ ਸੰਨਿਆਸੀਆਂ ਵਾਲਾ ਪਹਿਰਾਵਾ ਕਿਉਂ ਪਾਇਆ ਹੈ ?” ਉਸਨੇ ਕਿਹਾ “ਹੇ ਬਣਵਾਸੀ ! ਮੈਂ ਸੰਨਿਆਸੀਆਂ ਵਾਲਾ ਲਿਬਾਸ ਇਸ ਲਈ ਪਾਇਆ ਹੈ ਕਿ ਜੰਗਲ ਦੇ ਜਾਨਵਰ ਤੇ ਪੰਛੀ ਇਸ ਭੇਸ ਨੂੰ ਦੇਖ ਕੇ ਉਸ ਤੋਂ ਭੈਅ ਨਹੀਂ ਖਾਂਦੇ। ਇਸ ਨਾਲ ਉਹ ਸੌਖਿਆਂ ਹੀ ਸ਼ਿਕਾਰ ਕਰ ਲੈਂਦਾ ਹਾਂ।” ਇਹ ਸੁਣ ਕੇ ਸਿਧਾਰਥ ਪ੍ਰੇਸ਼ਾਨ ਹੋਇਆ।ਉਸਨੇ ਜਾਣਿਆ ਕਿ ਧਰਮ ਦੇ ਦੁਰਉਪਯੋਗ ਦੇ ਨਾਲ ਸਾਧੂਆਂ ਦੇ ਪਹਿਰਾਵੇ ਦਾ ਵੀ ਦੁਰਉਪਯੋਗ ਹੋ ਰਿਹਾ ਹੈ। ਸਿਧਾਰਥ ਨੇ ਆਪਣੇ ਕੀਮਤੀ ਵਸਤਰ ਉਸਨੂੰ ਦੇ ਦਿੱਤੇ ਤੇ ਸਾਧੂਆਂ ਵਾਲਾ ਪਹਿਰਾਵਾ ਉਸ ਤੋਂ ਲੈ ਕੇ ਪਹਿਨ ਲਿਆ।
             ਇਸ ਮਹਾਂ ਤਿਆਗ ਤੋਂ ਬਾਅਦ ਸਿਧਾਰਥ ਆਰੋਮਾ ਨਦੀ ਪਾਰ ਕਰਨ ਤੋਂ ਬਾਅਦ ਵੈਸ਼ਾਲੀ ਰਾਜ ਦੇ ਵਿੱਚ ਜਾ ਰਿਹਾ ਸੀ। ਇਕ ਸੰਨਿਆਸੀ ਤੋਂ ਉਸਨੇ ਅਚਾਰੀਆ ਅਲਾਰ ਕਲਾਮ ਦਾ ਪਤਾ ਪੁੱਛਿਆ ਅਤੇ ਤੇ ਉਸਨੂੰ ਅਚਾਰੀਆ ਅਲਾਰ ਕਲਾਮ ਦਾ ਚੇਲਾ ਬਣਨ ਦੀ ਇੱਛਾ ਪ੍ਰਗਟ ਕੀਤੀ। ਉਸ ਸੰਨਿਆਸੀ ਦੇ ਨਾਲ ਉਹ ਅਲਾਰ ਕਲਾਮ ਦੇ ਆਸ਼ਰਮ ਵਿਚ ਪਹੁੰਚ ਗਿਆ।
         ਉਸ ਸਮੇਂ ਅਚਾਰੀਆ ਅਲਾਰ ਕਲਾਮ ਉਪਦੇਸ਼ ਕਰ ਰਿਹਾ ਸੀ। ਸ਼ਾਂਤ ਤੇ ਸੁੰਦਰ ਆਸ਼ਰਮ ਵਿੱਚ ਅਚਾਰੀਆ ਦੀ ਮਿੱਠੀ ਅਵਾਜ਼ ਗੂੰਜ ਰਹੀ ਸੀ। ਚੇਲੇ ਮੰਤਰ ਮੁਗਧ ਹੋ ਕੇ ਸੁਣ ਰਹੇ ਸਨ। ਸਿਧਾਰਥ ਨੇ ਉਪਦੇਸ਼ ਸੁਣ ਕੇ ਅਚਾਰੀਆ ਨੂੰ ਸੰਨਿਆਸ ਦੀਕਸ਼ਾ ਦੇਣ ਦੀ ਬੇਨਤੀ ਕੀਤੀ।ਅਚਾਰੀਆ ਨੇ ਸਿਧਾਰਥ ਨੂੰ ਨਵੇਂ ਚੇਲੇ ਦੇ ਰੂਪ ਵਿੱਚ ਆਸ਼ਰਮ ਵਿੱਚ ਪ੍ਰਵੇਸ਼ ਕਰਨ ਤੇ ਸਵਾਗਤ ਕੀਤਾ। ਏਥੇ ਸਿਧਾਰਥ ਨੇ ਅਚਾਰੀਆ ਤੋਂ ‘ਪ੍ਰਾਣਾਯਾਮ’ ਦੇ ਜ਼ਰੀਏ ਸਰੀਰ ਅਤੇ ਭਾਵਨਾਵਾਂ ਨੂੰ ਵਸ ਵਿੱਚ ਕਰਨ ਦਾ ਧਿਆਨ ਅਭਿਆਸ ਕੀਤਾ।ਅਚਾਰੀਆ ਅਲਾਰ ਕਲਾਮ ਸਾਂਖਿਆ ਮੱਤ ਦੇ ਮੋਢੀ ਕਪਿਲ ਦਾ ਅਨੁਆਈ ਸੀ। ਇਹ ਮੱਤ ਆਤਮਾ ਵਿੱਚ ਵਿਸ਼ਵਾਸ ਕਰਦਾ ਸੀ। ਇਸਦਾ ਸਿਧਾਂਤ ਸੀ ਕਿ ਆਤਮਾ ਜਦੋਂ ਹੀ ਇਸ ਭੌਤਿਕ ਸਰੀਰ ਵਿੱਚੋਂ ਮੁਕਤ ਹੁੰਦੀ ਹੈ ਤਦ ਹੀ ਸੱਚੀ ਮੁਕਤੀ ਮਿਲਦੀ ਹੈ। ਇਸ ਤੋਂ ਸਿਧਾਰਥ ਨੂੰ ਸੰਤੁਸ਼ਟੀ ਨਹੀਂ ਮਿਲੀ।
            ਅਚਾਰੀਆ ਅਲਾਰ ਕਲਾਮ ਦੇ ਮੱਤ ਦੀਆਂ ਸੱਤ ਅਵਸਥਾਵਾਂ ਵਿੱਚ ਪੂਰਨ ਹੋਣ ਉਪਰੰਤ ਸਿਧਾਰਥ ਨੇ ਅਚਾਰੀਆ ਤੋਂ ਪੁੱਛਿਆ, “ਅਚਾਰੀਆ ਜੀ, ਦੁੱਖਾਂ ਤੋਂ ਪੂਰਨ ਮੁਕਤੀ ਲਈ ਹੋਰ ਕੀ ਕਰਨਾ ਚਾਹੀਦਾ ਹੈ ? ” ਤਾਂ ਅਚਾਰੀਆ ਨੇ ਕਿਹਾ ਕਿ ਮੈਂ ਜਿੰਨਾ ਜਾਣਦਾ ਸੀ ਦੱਸ ਦਿੱਤਾ ਹੈ, ਮੇਰਾ ਖਿਆਲ ਹੈ ਮੇਰਾ ਮੱਤ ਇਸ ਤੋਂ ਅੱਗੇ ਤੇਰੀ ਉਂਗਲ ਫੜ੍ਹ ਕੇ ਨਹੀਂ ਚਲ ਸਕੇਗਾ, ਕਿਉਂਕਿ ਇਸ ਪੜਾਅ ਤੇ ਇਸਦੀ ਸਿਖ਼ਰ ਹੈ।”
              ਸਿਧਾਰਥ ਨੇ ਹੁਣ ਮਗਧ ਦੀ ਰਾਜਧਾਨੀ ਰਾਜਗ੍ਰਹਿ ਦੇ ਨਜ਼ਦੀਕ ਪਾਂਡਵ ਪਰਬਤ ਤੇ ਨਿਵਾਸ ਕੀਤਾ। ਕਦੇ ਕਦੇ ਉਹ ਲਾਗਲੇ ਕਸਬੇ ਵਿੱਚੋਂ ਮੰਗ ਲਿਆਉਂਦਾ। ਕਦੇ ਕੋਈ ਲੰਘਦਾ ਹੋਇਆ ਉਸਨੂੰ ਦੇ ਜਾਂਦਾ। ਜਿਹੜਾ ਉਸਨੂੰ ਦੇਖਦਾ ਰਸ਼ਕ ਕਰਦਾ। ਕਈ ਉਸਦੀ ਲਗਨ ਤੇ ਦਲੇਰੀ ਦੀ ਦਾਦ ਦਿੰਦੇ। ਕਈ ਆਹ ਭਰਦੇ। ਲੋਕਾਂ ਵਿੱਚ ਇਹ ਗੱਲ ਬੜੀ ਤੇਜ਼ੀ ਨਾਲ ਪਹੁੰਚ ਗਈ ਕਿ ਕਪਿਲਵਸਤੂ ਰਾਜੇ ਦਾ ਰਾਜ ਕੁਮਾਰ ਪੁੱਤਰ ਸਿਧਾਰਥ ਪਾਂਡਵ ਪਰਬਤ ‘ਤੇ ਤਪ ਕਰ ਰਿਹਾ ਹੈ। ਜਿਹੜਾ ਵੀ ਸੁਣਦਾ ਉਹ ਦਰਸ਼ਨ ਕਰਨ ਆਉਂਦਾ। ਕਈ ਉਂਝ ਹੀ ਸਾਧੂ ਬਣੇ ਰਾਜ ਕੁਮਾਰ ਦੇ ਰੂਪ ਨੂੰ ਨਿਹਾਰਨ ਆਉਂਦੇ ।ਦਿਨਾਂ ਵਿਚ ਹੀ ਸਿਧਾਰਥ ਦੇ ਤਪ ਕਰਨ ਦੀ ਗੱਲ ਰਾਜ ਬਿੰਬਿਸਾਰ ਦੇ ਰਾਜ ਮਹਿਲ ਤੱਕ ਵੀ ਪਹੁੰਚ ਗਈ।
        ਰਾਜਾ ਬਿੰਬਸਾਰ ਆਪਣੇ ਰਾਜਸੀ ਅਮਲੇ ਫੈਲੇ ਨਾਲ ਸਿਧਾਰਥ ਨੂੰ ਮਿਲਣ ਆਇਆ। ਰਾਜਾ ਦੇਖ ਕੇ ਹੈਰਾਨ ਰਹਿ ਗਿਆ। ਅੱਖਾਂ ਨੂੰ ਵਿਸ਼ਵਾਸ ਨਾ ਆਵੇ ਕਿ ਕਪਿਲਵਸਤੂ ਰਾਜੇ ਸ਼ੁਧੋਦਨ ਦੇ ਰਾਜ ਕੁਮਾਰ ਨੂੰ ਜਵਾਨ ਅਵਸਥਾ ਵਿੱਚ ਵੈਰਾਗ ਕਿਵੇਂ ਪੈਦਾ ਹੋ ਗਿਆ ਹੈ ? ਸਿਧਾਰਥ ਨੇ ਉਸਦਾ ਸਵਾਗਤ ਕੀਤਾ। ਰਾਜਾ ਪੱਥਰ ਦੀ ਇਕ ਸ਼ਿਲਾ ‘ਤੇ ਬੈਠ ਗਿਆ। ਪਹਿਲਾਂ ਤਾਂ ਉਸ ਵੱਲ ਇਕ ਟੱਕ ਦੇਖੀ ਗਿਆ ਫਿਰ ਬਹੁਤ ਹੀ ਸਨੇਹ ਅਤੇ ਪਿਆਰ ਨਾਲ ਗੱਲ ਸ਼ੁਰੂ ਕੀਤੀ, “ਹੇ ਰਾਜ ਕੁਮਾਰ, ਯੋਧਿਆ ਤੇ ਸੂਰਬੀਰਾਂ ਨੂੰ ਰਾਜ ਭਾਗ ਹੀ ਸੋਂਹਦੇ ਹਨ ਨਾ ਕਿ ਇਸ ਤਰ੍ਹਾਂ ਸਾਧੂਆਂ ਵਾਲਾ ਜੀਵਨ | ਮੇਰੇ ਖਿਆਲ ਮੁਤਾਬਿਕ ਤੂੰ ਆਪਦੇ ਚਟਾਨ ਵਰਗੇ ਸਰੀਰ ਨੂੰ ਸਾਧੂਵਾਦ ਵਿਚ ਪਾ ਕੇ ਜੀਵਨ ਦੀ ਸਾਰੀ ਸ਼ਕਤੀ ਨੂੰ ਬਰਬਾਦ ਕਰ ਰਿਹਾ ਏਂ। ਸਿਧਾਰਥ, ਸਿਆਣੇ ਲੋਕਾਂ ਦਾ ਮੰਨਣਾ ਹੈ ਕਿ ਜਵਾਨੀ ਵਿੱਚ ਵਿਸ਼ੇ ਭੋਗਾਂ ਨਾਲ ਆਨੰਦ ਮਿਲਦਾ ਹੈ। ਢਲਦੀ ਉਮਰ ਵਿੱਚ ਧਨ ਦੌਲਤ ਨਾਲ ਸੰਤੁਸ਼ਟੀ ਮਿਲਦੀ ਹੈ। ਬੁਢਾਪੇ ਵਿਚ ਧਰਮ ਦਾ ਆਸਰਾ ਚੰਗਾ ਲਗਦਾ ਹੈ। ਮੇਰੀ ਕਪਿਲਵਸਤੂ ਨਾਲ ਬੜੀ ਪੁਰਾਣੀ ਮਿੱਤਰਤਾ ਹੈ। ਮੇਰੀ ਗੱਲ ਮੰਨ, ਤੂੰ ਸੰਨਿਆਸੀਆਂ ਦਾ ਰਾਹ ਛੱਡ ਦੇ। ਮੈਂ ਤੈਨੂੰ ਅੱਧਾ ਰਾਜ ਭਾਗ ਦੇਣ ਨੂੰ ਤਿਆਰ ਹਾਂ। ਤੂੰ ਸ਼ਕਤੀਸ਼ਾਲੀ ਤੇ ਬੁੱਧੀਮਾਨ ਏਂ। ਤੈਨੂੰ ਵਿਸ਼ਾਲ ਰਾਜ ਕਾਇਮ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਲਈ ਮੇਰੇ ਮਹਿਲ ਦੇ ਦਰਵਾਜ਼ੇ ਤੇਰੇ ਲਈ ਖੁੱਲ੍ਹੇ ਹਨ। ਮੇਰੇ ਨਾਲ ਰਾਜਧਾਨੀ ਚੱਲ।”
        “ਰਾਜਨ, ਦਯਾ ਤੇ ਪਿਆਰ ਦੇਣ ਲਈ ਧੰਨਵਾਦ। ਪਰ ਰਾਜਨ ਰਾਜ ਨਾਲ ਸੱਚੇ ਧਰਮ ਨੂੰ ਪਾਇਆ ਜਾ ਸਕਦਾ । ਅਤੇ ਸੱਚ ਧਰਮ ਤੋਂ ਬਗੈਰ ਸੰਤੁਸ਼ਟੀ ਨਹੀਂ ਮਿਲਦੀ। ਜੇਕਰ ਰਾਜ ਨਾਲ ਧਰਮ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੁੰਦਾ ਤਾਂ ਰਾਜਿਆਂ ਦੀਆਂ ਆਪਸ ਵਿੱਚ ਦੁਸ਼ਮਣੀਆਂ ਨਾ ਹੁੰਦੀਆਂ। ਪਰਜਾ ਵੀ ਸੁਖੀ ਤੇ ਖੁਸ਼ਹਾਲ ਹੁੰਦੀ। ਪਰ ਰਾਜਨ, ਅਜਿਹਾ ਨਹੀਂ ਹੈ। ਇਕ ਤੋਂ ਬਾਅਦ ਜਿਵੇਂ ਰਾਜਿਆਂ ਅੰਦਰ ਦੂਜੇ ਰਾਜ ਨੂੰ ਜਿੱਤਣ ਦੀ ਲਾਲਸਾ ਵਧਦੀ ਜਾਂਦੀ ਹੈ, ਉਵੇਂ ਹੀ ਹਰ ਵਿਅਕਤੀ ਦੇ ਅੰਦਰ ਵਿਸ਼ੇ ਵਿਕਾਰਾਂ ਦੇ ਭੋਗ ਦੀ ਕਾਮਨਾ ਵੀ ਵੱਧਦੀ ਜਾਂਦੀ ਹੈ। ਪਰ ਇਸ ਨਾਲ ਨਾ ਹੀ ਸਰੀਰ ਦੀ ਤ੍ਰਿਪਤੀ ਹੁੰਦੀ ਹੈ, ਨਾ ਹੀ ਮਨ ਭਰਦਾ ਹੈ। ਇਸ ਤਰ੍ਹਾਂ ਅਸੀਂ ਬੁਢਾਪੇ ਦੀ ਉਡੀਕ ਵਿੱਚ ਜਵਾਨੀ ਪਹਿਰ ਦੀ ਊਰਜਾ ਨੂੰ ਵੀ ਨਸ਼ਟ ਕਰ ਦਿੰਦੇ ਹਾਂ ।ਰਾਜਨ, ਮੈਨੂੰ ਇਸ ਜੰਗਲ ਤੋਂ ਨਹੀਂ ਬਲਕਿ ਰਾਜ ਮਹਿਲ ਦੇ ਸੁੱਖਾਂ ਤੋਂ ਡਰ ਲਗਦਾ ਹੈ।ਜੋ ਸਿਰਫ਼ ਦੁੱਖਾਂ ਦੇ ਕਾਰਨ ਹੀ ਬਣਦੇ ਹਨ ।ਫਿਰ ਜਿਸਦਾ ਗਿਆਨ ਨਾਲ ਤਿਆਗ ਕਰ ਦਿੱਤਾ ਹੋਵੇ ਉਸਨੂੰ ਮੁੜ ਅੰਨ੍ਹੇ ਹੋ ਕੇ ਅਪਣਾਉਣਾ ਕੋਈ ਬੁੱਧੀਮਾਨੀ ਨਹੀਂ ਹੈ। ਜਿਵੇਂ ਦੀਪਕ ਦੀ ਰੌਸ਼ਨੀ ਲਈ ਪਤੰਗੇ ਦੁਖਦਾਈ ਅੰਤ ਨੂੰ ਪ੍ਰਾਪਤ ਹੋ ਜਾਂਦੇ ਹਨ ਉਵੇਂ ਹੀ ਅਸੀਂ ਵੀ ਆਨੰਦ ਭੋਗਾਂ ਵਿੱਚ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਾਂ। ਗੀਤਾਂ ਦੀ ਲੈਅ ਕਾਰਨ ਹਿਰਨ ਮੌਤ ਦੇ ਮੂੰਹ ਜਾ ਪੈਂਦਾ ਹੈ। ਮਾਸ ਦੇ ਲੋਭ ਵਿੱਚ ਮੱਛੀ ਲੋਹੇ ਦੀ ਸੀਖ ਹੜੱਪ ਲੈਂਦੀ ਹੈ। ਜੀਵਨ ਦਾ ਸਾਰ ਕੀ ਹੈ ? ਸੱਚਾ ਧਰਮ ਕੀ ਹੈ ? ਜੋ ਸੰਸਾਰ ਨੂੰ ਦੁੱਖਾਂ ਤੋਂ ਮੁਕਤ ਕਰ ਦੇਵੇ। ਉਸ ਸੱਚ ਦੀ ਖੋਜ ਹੀ ਮੇਰੇ ਲਈ ਸਭ ਤੋਂ ਮਹੱਤਵਪੂਰਨ ਹੈ।” ਸਿਧਾਰਥ ਨੇ ਉੱਤਰ ਦਿੱਤਾ।
       ਸੁਣ ਕੇ ਰਾਜਾ ਬਿੰਬਿਸਾਰ ਨੇ ਕਿਹਾ “ਹੇ ਨੌਜਵਾਨ, ਤੇਰੇ ਦ੍ਰਿੜ੍ਹ ਇਰਾਦੇ ਤੇ ਸੱਚੇ ਵਿਸ਼ਵਾਸ ਨੂੰ ਦੇਖ ਕੇ ਖੁਸ਼ੀ ਹੋਈ ਹੈ। ਜਦੋਂ
ਤੂੰ ਧਰਮ ਦੇ ਸੱਚ ਨੂੰ ਖੋਜ ਲਵੇਂ ਤਾਂ ਇਸ ਭੌਤਿਕ ਸਰੀਰ ਨੂੰ ਆ ਕੇ ਰਾਹੇ ਪਾਉਣਾ ਤੇ ਗਾਹ ਬਗਾਹੇ, ਆਉਂਦੇ-ਜਾਂਦੇ ਮਹਿਲ ਵਿੱਚ ਜ਼ਰੂਰ ਦਰਸ਼ਨ ਦੇਣਾ।” ਰਾਜਾ ਬਿੰਬਸਾਰ ਸਿਧਾਰਥ ਦੀ ਦਲੇਰੀ ਤੇ ਮਾਣ ਕਰਦਾ ਹੋਇਆ ਉੱਥੋਂ ਚਲਾ ਗਿਆ।
            ਵੈਸ਼ਨਵ ਮੱਤ ਦੇ ਅਚਾਰੀਆ ਉਦਰਕ ਰਾਮ ਪੁੱਤਰ ਦੇ ਆਸ਼ਰਮ ਵਿੱਚ ਸਿਧਾਰਥ ਨੇ ਧਿਆਨ ਅਭਿਆਸ ਕੀਤਾ।ਇਸ ਦਰਸ਼ਨ ਵਿਚ ਸਾਹ ਦੀ ਕਿਰਿਆ ਦੇ ਅਧਾਰਿਤ ਧਿਆਨ ਦੇ ਜਰੀਏ ਵਿਚਾਰਾਂ ਤੋਂ ਮੁਕਤ ਹੋ ਕੇ ਸਮਾਧੀ ਵਿਚ ਪਹੁੰਚਣ ਦਾ ਸਫ਼ਰ ਸਿਧਾਰਥ ਨੇ ਥੋੜੇ ਹੀ ਦਿਨਾਂ ਵਿੱਚ ਤਹਿ ਕਰ ਲਿਆ ਸੀ। ਜੀਵਨ ਦੇ ਪਰਮ ਸੱਚ ਦੀ ਅਸਲੀਅਤ ਅਜੇ ਵੀ ਭੇਤ ਬਣੀ ਰਹੀ ਸੀ। ਪਝੱਤਰ ਸਾਲਾਂ ਦੀ ਉਮਰ ਨੂੰ ਢੁੱਕ ਚੁੱਕਾ ਅਚਾਰੀਆ ਉਦਰਕ ਰਾਮ ਪੁੱਤਰ ਚਾਹੁੰਦਾ ਸੀ ਕਿ ਉਸਦਾ ਚੇਲਾ ਸਿਧਾਰਥ ਉਸ ਦੇ ਮੱਤ ਦਾ ਗੱਦੀ ਨਸ਼ੀਨ ਬਣੇ ਪਰ ਸਿਧਾਰਥ ਨੇ ਕਿਹਾ, “ਅਚਾਰੀਆ ਜੀ, ਜਿਸਦੀ ਖੋਜ ਵਿੱਚ ਉਹ ਤੁਰਿਆ ਹੈ, ਉਹ ਅਜੇ ਅਧੂਰੀ ਹੈ। ਅਧੂਰੇ ਕਾਰਜ ਜ਼ਿੰਦਗੀ ਵਿੱਚ ਰੋੜ੍ਹਾਂ ਵਾਂਗ ਰੜਕਦੇ ਰਹਿੰਦੇ ਹਨ।ਤੇ ਚਿੱਟੇ ਚਾਨਣ ਵਿੱਚ ਵੀ ਠੋਕਰਾਂ ਵੱਜਦੀਆਂ ਰਹਿੰਦੀਆਂ ਹਨ। ਇਸ ਕਰਕੇ ਮੈਨੂੰ ਆਗਿਆ ਦਿਓ।” ਅਚਾਰੀਆ ਉਦਰਕ ਰਾਮ ਪੁੱਤਰ ਨੇ ਭਰੇ ਮਨ ਨਾਲ ਸਿਧਾਰਥ ਨੂੰ ਵਿਦਾ ਕੀਤਾ ਤੇ ਅਸ਼ੀਰਵਾਦ ਦਿੱਤਾ। ਇਸ ਤੋਂ ਬਾਅਦ ਸਿਧਾਰਥ ਨੇ ਅਚਾਰੀਆ ਭ੍ਰਿਗੂ ਦੇ ਆਸ਼ਰਮ ਵਿੱਚ ਆ ਟਿਕਾਣਾ ਕੀਤਾ ਪਰ ਏਥੇ ਵੀ ਆਪ ਦੇ ਮਨ ਅੰਦਰ ਚਲ ਰਹੇ ਸਵਾਲਾਂ ਦਾ ਕੋਈ ਸਥਾਈ ਉੱਤਰ ਪ੍ਰਾਪਤ ਨਹੀਂ ਹੋਇਆ।
ਪੁਸਤਕ ‘ਬੋਧ ਗਯਾ ਤੋਂ ਗਿਆਨ ਦੀ ਧਾਰਾ’ ਦੇ ਦੂਜੇ ਐਡੀਸ਼ਨ ਵਿੱਚੋਂ
 ਜਗਤਾਰ ਸਿੰਘ ਹਿੱਸੋਵਾਲ
132, ਸਿੰਗਲਾ ਇਨਕਲੇਵ
ਰਾਏਕੋਟ ਰੋਡ, ਮੁੱਲਾਂਪੁਰ
ਜ਼ਿਲ੍ਹਾ ਲੁਧਿਆਣਾ 141101
98783 30324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleWomen officers represent India at Riyadh Defence show
Next articleDANGER IS WAITING FROM SUPREME COURT! WAKE UP OR DIE!