ਸੰਗਰੂਰ, (ਸਮਾਜ ਵੀਕਲੀ)(ਰਮੇਸ਼ਵਰ ਸਿੰਘ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦਾ ਮਹੀਨਾਵਾਰ ਸਾਹਿਤਕ ਸਮਾਗਮ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਵਿਖੇ ਉੱਘੇ ਵਿਦਵਾਨ ਸੁਰਿੰਦਰਪਾਲ ਸਿੰਘ ਸਿਦਕੀ ਦੀ ਪ੍ਰਧਾਨਗੀ ਵਿੱਚ ਹੋਇਆ, ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਸਕੱਤਰ ਅਤੇ ਲੋਕ ਪੱਖਾ ਕਵੀ ਰਜਿੰਦਰ ਸਿੰਘ ਰਾਜਨ ਦਾ ਦੋਹਾ-ਸੰਗ੍ਰਹਿ ‘ਰਾਜਿਆ ਰਾਜ ਕਰੇਂਦਿਆ’ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਰਜਿੰਦਰ ਸਿੰਘ ਰਾਜਨ ਦੀ ਪੁਸਤਕ ਦਾ ਗਹੁ ਨਾਲ ਪਾਠ ਕਰਦਿਆਂ ਇਸ ਗੱਲ ਦੀ ਤਸੱਲੀ ਹੁੰਦੀ ਹੈ ਕਿ ਉਨ੍ਹਾਂ ਨੂੰ ਭਾਰਤੀ ਛੰਦ-ਵਿਧਾਨ ਦੀ ਸੂਖਮ ਸੂਝ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਰਜਿੰਦਰ ਸਿੰਘ ਰਾਜਨ ਦੀ ਪੁਸਤਕ ਰੂਪਕ ਅਤੇ ਵਿਚਾਰਕ ਦੋਵੇਂ ਪੱਖਾਂ ਤੋਂ ਮੁਕੰਮਲ ਹੈ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਰਜਿੰਦਰ ਸਿੰਘ ਰਾਜਨ ਮਿਹਨਤਕਸ਼ ਲੋਕਾਂ ਲਈ ਜੂਝਣ ਵਾਲਾ ਨਿਧੜਕ ਕਵੀ ਹੈ। ਇਸ ਸਮਾਗਮ ਵਿੱਚ ਬੇਸ਼ੱਕ ਚੋਣ ਡਿਊਟੀ ਕਾਰਨ ਖ਼ੁਦ ਤਾਂ ਨਹੀਂ ਆ ਸਕੇ ਪਰ ਉਨ੍ਹਾਂ ਦੀ ਸੁਪਤਨੀ ਗੁਰਪ੍ਰੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਇੰਦਰਪ੍ਰੀਤ ਕੌਰ ਨੇ ਪੂਰਾ ਸਮਾਂ ਸਮਾਗਮ ਵਿੱਚ ਹਾਜ਼ਰੀ ਭਰੀ। ਇਸ ਮੌਕੇ ਉੱਘੇ ਕਹਾਣੀਕਾਰ ਜਗਦੇਵ ਸ਼ਰਮਾ ਨੇ ‘ਸਾਡਾ ਉਮੀਦਵਾਰ ਕਿਹੋ ਜਿਹਾ ਹੋਵੇ’ ਵਿਸ਼ੇ ’ਤੇ ਬੜਾ ਮਿਹਨਤ ਨਾਲ ਲਿਖਿਆ ਹੋਇਆ ਖ਼ੂਬਸੂਰਤ ਪਰਚਾ ਪੜ੍ਹਿਆ। ਆਪਣੇ ਪਰਚੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਮੀਦਵਾਰ ਨੂੰ ਆਪਣੇ ਫ਼ਰਜ਼ਾਂ ਅਤੇ ਅਧਿਕਾਰਾਂ ਬਾਰੇ ਲੋੜੀਂਦਾ ਗਿਆਨ ਹੋਣਾ ਲਾਜ਼ਮੀ ਹੈ। ਸਤਪਾਲ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਮੀਦਵਾਰ ਧਰਮ ਵਰਗੇ ਨਿੱਜੀ ਮਸਲਿਆਂ ’ਤੇ ਵੋਟ ਨਾ ਮੰਗਦਾ ਹੋਵੇ। ਡਾ. ਅਮਨਦੀਪ ਟੱਲੇਵਾਲੀਆ ਨੇ ਕਿਹਾ ਕਿ ਉਮੀਦਵਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਣ ਵਾਲਾ ਹੋਣਾ ਚਾਹੀਦਾ ਹੈ। ਸੁਖਵਿੰਦਰ ਸਿੰਘ ਲੋਟੇ ਨੇ ਕਿਹਾ ਕਿ ਉਮੀਦਵਾਰ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਸਮਝਣ ਵਾਲਾ ਹੋਵੇ। ਸੁਰਿੰਦਰਪਾਲ ਸਿੰਘ ਸਿਦਕੀ ਨੇ ਕਿਹਾ ਕਿ ਉਮੀਦਵਾਰ ਨੂੰ ਧਰਮ ਤੋਂ ਉੱਪਰ ਉੱਠ ਕੇ ਵੋਟ ਪਾਈ ਜਾਣੀ ਚਾਹੀਦੀ ਹੈ। ਇਸ ਵਿਚਾਰ-ਚਰਚਾ ਵਿੱਚ ਰਾਜ ਕੁਮਾਰ ਅਰੋੜਾ, ਚਰਨਜੀਤ ਸਿੰਘ ਮੀਮਸਾ ਅਤੇ ਗੋਬਿੰਦ ਸਿੰਘ ਤੂਰਬਨਜਾਰਾ ਨੇ ਵੀ ਹਿੱਸਾ ਲਿਆ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਪਦਮਸ੍ਰੀ ਸੁਰਜੀਤ ਪਾਤਰ, ਸੰਤ ਸਿੰਘ ਪਦਮ ਅਤੇ ਲਵਲੀ ਬਡਰੁੱਖਾਂ ਦੇ ਪਿਤਾ ਹਰਬੰਸ ਸਿੰਘ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਉਪਰੰਤ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਪਵਨ ਕੁਮਾਰ ਹੋਸ਼ੀ, ਗੁਰੀ ਚੰਦੜ, ਮਹਿੰਦਰ ਮੌਜੀ, ਲਵਲੀ ਬਡਰੁੱਖਾਂ, ਸੁਖਵੰਤ ਸਿੰਘ ਰਾਜਗੜ੍ਹ, ਸੁਖਵਿੰਦਰ ਸਿੰਘ ਲੋਟੇ, ਜਗਦੇਵ ਸ਼ਰਮਾ, ਕਰਮ ਸਿੰਘ ਜ਼ਖ਼ਮੀ, ਚਰਨਜੀਤ ਸਿੰਘ ਮੀਮਸਾ, ਸੁਰਿੰਦਰਪਾਲ ਸਿੰਘ ਸਿਦਕੀ, ਸਤਪਾਲ ਸਿੰਘ ਲੌਂਗੋਵਾਲ, ਰਾਜਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਸੋਹੀ, ਰਾਜ ਕੁਮਾਰ ਅਰੋੜਾ, ਸਰਬਜੀਤ ਸੰਗਰੂਰਵੀ, ਤੇਜਾ ਸਿੰਘ ਤਿਲਕ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਜਰਨੈਲ ਸਿੰਘ ਸੱਗੂ, ਗੋਬਿੰਦ ਸਿੰਘ ਤੂਰਬਨਜਾਰਾ, ਕੁਲਵੰਤ ਉੱਪਲੀ, ਸ਼ਿਵ ਕੁਮਾਰ ਅੰਬਾਲਵੀ, ਦੇਸ਼ ਭੂਸ਼ਨ, ਗੁਰਦੀਪ ਸਿੰਘ, ਲਾਭ ਸਿੰਘ ਝੱਮਟ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬਾਖ਼ੂਬੀ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ