ਆਮ ਆਦਮੀ ਕਲੀਨਿਕਾਂ ਵਿੱਚ ਵੀ ਦੰਦਾਂ ਦੇ ਡਾਕਟਰਾਂ ਦੀ ਭਰਤੀ ਕਰਨ ਦੀ ਮੰਗ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– “ਤੰਦਰੁਸਤੀ, ਉਸਾਰੂ ਸੋਚ, ਚੜ੍ਹਦੀ ਕਲਾ ਅਤੇ ਵਿਵੇਕ ਬੁੱਧੀ ਇੱਕ ਇਨਸਾਨ ਲਈ ਹੀ ਨਹੀਂ ਪੂਰੇ ਸਮਾਜ ਲਈ ਹੀ ਨਿਆਮਤ ਮੰਨੀ ਜਾਂਦੀ ਹੈ। ਕਿਸੇ ਵੀ ਸਮਾਜ ਦੇ ਨਰੋਏਪਨ ਲਈ ਹਰ ਮਨੁੱਖ ਇਹਨਾਂ ਗੁਣਾਂ ਦਾ ਧਾਰਨੀ ਹੋਣਾ ਬਹੁਤ ਲਾਜ਼ਮੀ ਹੈ”, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰ ਐੱਨ.ਐੱਸ. ਕੰਗ ਸਾਬਕਾ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੀ ਜ਼ਹਿਰੀਲੀ ਆਬੋ- ਹਵਾ, ਪ੍ਰਦੂਸ਼ਤ-ਗੰਧਲਾ ਪਾਣੀ ਅਤੇ ਮਿਲਾਵਟੀ ਤੇ ਮਿਆਰ ਤੋਂ ਥੱਲੇ ਮਿਲ ਰਹੇ ਖਾਣ- ਪੀਣ ਨੇ 80 ਫੀਸਦੀ ਲੋਕਾਂ ਨੂੰ ਬਿਮਾਰੀਆਂ ਦੀ ਦਲਦਲ ਵਿੱਚ ਧਕੇਲ ਦਿਤਾ ਹੈ। ਉਹਨਾਂ ਕਿਹਾ ਕਿ ਬਾਕੀ ਬਿਮਾਰੀਆਂ ਦੀ ਤਰ੍ਹਾਂ ਦੰਦਾਂ ਦੀਆਂ ਬਿਮਾਰੀਆਂ ਵੀ ਲੋਕਾਂ ਲਈ ਵੱਡੀ ਮੁਸ਼ਕਿਲ ਸਾਬਤ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਕਦੇ ਵੀ ਦੰਦਾਂ ਦੇ ਡਾਕਟਰ ਭਰਤੀ ਨਹੀਂ ਕੀਤੇ ਗਏ। ਪਹਿਲੀਆਂ ਸਰਕਾਰਾਂ ਨੇ ਵੀ ਦੰਦਾਂ ਦੇ ਡਾਕਟਰਾਂ ਦੀ ਭਰਤੀ ਨੂੰ ਕਦੇ ਕੋਈ ਅਹਿਮੀਅਤ ਨਹੀਂ ਦਿੱਤੀ ਅਤੇ ਨਾ ਹੀ ਮੌਜੂਦਾ ਸਰਕਾਰ ਵੱਲੋਂ ਤਿੰਨ ਸਾਲਾਂ ਵਿੱਚ ਅਜਿਹੀ ਭਰਤੀ ਲਈ ਕੋਈ ਇਸ਼ਤਿਹਾਰ ਦਿੱਤਾ ਗਿਆ ਹੈ। ਉਹਨਾਂ ਮੰਗ ਕੀਤੀ ਕਿ ਹਰ “ਆਮ ਆਦਮੀ ਕਲੀਨਿਕ” ਵਿੱਚ ਦੰਦਾਂ ਦੇ ਡਾਕਟਰਾਂ ਦੀ ਵੀ ਤਾਇਨਾਤੀ ਕੀਤੀ ਜਾਵੇ, ਕਿਉਂਕਿ ਦੰਦਾਂ ਦੇ ਰੋਗੀ ਕਿਸੇ ਮਾਹਰ ਕੋਲ ਨਾ ਜਾ ਕੇ ਝੋਲਾ ਛਾਪ ਕੋਲ ਇਲਾਜ ਕਰਵਾ ਕੇ ਨਾਮੁਰਾਦ ਤੇ ਜਾਨਲੇਵਾ ਬਿਮਾਰੀਆਂ ਸਹੇੜ ਰਹੇ ਹਨ। ਡਾ. ਐੱਨ.ਐੱਸ. ਕੰਗ ਨੇ ਕਿਹਾ ਕਿ ਹਰ ਸਰਕਾਰ ਆਪਣੇ ਨਾਗਰਿਕਾਂ ਨੂੰ ਸਿਹਤ ਸੇਵਾਵਾਂ ਦੇਣ ਲਈ ਜੁੰਮੇਵਾਰ ਹੁੰਦੀ ਹੈ ਅਤੇ ਇਸ ਸਰਕਾਰ ਨੂੰ ਵੀ ਰਾਜਸਥਾਨ, ਮੱਧ ਪ੍ਰਦੇਸ਼, ਯੂਪੀ, ਤਾਮਿਲਨਾਡੂ, ਬਿਹਾਰ, ਕੇਰਲਾ ਅਤੇ ਹੋਰ ਰਾਜਾਂ ਵਾਂਗ ਤੁਰੰਤ ਦੰਦਾਂ ਦੇ ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਨਾ ਚਾਹੀਦਾ ਹੈ। ਗੌਰਤਲਬ ਹੈ ਕਿ ਪੰਜਾਬ ਦੇ ਦੰਦਾਂ ਦੇ ਡਾਕਟਰ ਬਾਹਰਲੇ ਸੂਬਿਆਂ ਵਿੱਚ ਆਏ ਇਸ਼ਤਿਹਾਰਾਂ ਰਾਹੀਂ ਬਾਹਰਲੇ ਸੂਬਿਆਂ ਵਿੱਚ ਸੇਵਾ ਕਰਨ ਲਈ ਅਪਲਾਈ ਕਰ ਰਹੇ ਹਨ ਜੋ ਪੰਜਾਬ ਤੇ ਪੰਜਾਬੀਅਤ ਲਈ ਇਕ ਵੱਡਾ ਦਾਗ ਸਾਬਤ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਬਿਹਾਰ ਵੱਲੋਂ 808 ਪੋਸਟਾਂ, ਮੱਧ ਪ੍ਰਦੇਸ਼ ਵੱਲੋਂ 419, ਰਾਜਸਥਾਨ ਵਲੋਂ 172 ਪੋਸਟਾਂ, ਯੂਪੀ ਵੱਲੋਂ 63 ਪੋਸਟਾਂ ਅਤੇ ਤਾਮਿਲਨਾਡੂ ਵੱਲੋਂ 42 ਪੋਸਟਾਂ ਲਈ ਭਰਤੀ ਦੀ ਪ੍ਰਕਿਰਿਆ ਪੂਰੀ ਕੀਤੀ ਜਾ ਰਹੀ ਹੈ ਅਤੇ ਕੁਝ ਸੂਬਿਆਂ ਵੱਲੋਂ ਉਸ ਸੂਬੇ ਦੇ ਨਾਗਰਿਕ ਨਾ ਹੋਣ ਤੇ ਵੀ ਅਪਲਾਈ ਕਰਨ ਲਈ ਸੁਵਿਧਾ ਦਿੱਤੀ ਗਈ ਹੈ। ਉਹਨਾਂ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਉਹ ਦੰਦਾਂ ਦੇ ਮਾਹਰ ਡਾਕਟਰਾਂ ਨੂੰ ਸੂਬੇ ਤੋਂ ਜਾਣ ਲਈ ਰੋਕਣ ਅਤੇ ਤੁਰੰਤ ਦੰਦਾਂ ਦੇ ਡਾਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਤਾਂ ਜੋ ਕਾਬਲ ਡਾਕਟਰ ਬਾਹਰਲੇ ਸੂਬਿਆਂ ਵੱਲ ਨਾ ਜਾ ਕੇ ਆਪਣੇ ਸੂਬੇ ਵਿੱਚ ਹੀ ਸੇਵਾ ਨਿਭਾ ਸਕਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



