ਰਾਜਾ ਵੜਿੰਗ ਬਣੇ ਪੰਜਾਬ ਕਾਂਗਰਸ ਦੇ ਪ੍ਰਧਾਨ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਿੱਚ ਲਗਾਤਾਰ ਚੱਲ ਰਹੀ ਸਿਆਸੀ ਖਿੱਚੋਤਾਣ ਨੂੰ ਦਰਕਿਨਾਰ ਕਰਦਿਆਂ ਕਾਂਗਰਸ ਹਾਈਕਮਾਨ ਨੇ ਦੇਰ ਰਾਤ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤਾ ਹੈ ਜਦਕਿ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੂੰ ਪੰਜਾਬ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ। ਇਸ ਗੱਲ ਦਾ ਐਲਾਨ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੇਰ ਰਾਤ ਪੱਤਰ ਜਾਰੀ ਕਰਕੇ ਕੀਤਾ ਹੈ। ਕਾਂਗਰਸ ਹਾਈਕਮਾਨ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦਲ ਦੇ ਨੇਤਾ ਵਜੋਂ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ।

ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਉੱਪ ਨੇਤਾ ਬਣਾਇਆ ਗਿਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਬਜ਼ ਕਾਂਗਰਸ ਪਾਰਟੀ ਦੀ ਹਾਰ ਤੋਂ ਬਾਅਦ ਪਾਰਟੀ ਅੰਦਰ ਕਸ਼ਮਕਸ਼ ਚੱਲ ਰਹੀ ਸੀ। ਇੰਨਾ ਹੀ ਨਹੀਂ 7 ਅਪਰੈਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਮਹਿੰਗਾਈ ਖ਼ਿਲਾਫ਼ ਚੰਡੀਗੜ੍ਹ ਵਿੱਚ ਦਿੱਤੇ ਜਾ ਰਹੇ ਧਰਨੇ ਵਿੱਚ ਵੀ ਇਹ ਫੁੱਟ ਜਗ-ਜ਼ਾਹਿਰ ਹੋ ਗਈ ਸੀ ਜਦੋਂ ਪਾਰਟੀ ਆਗੂ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਸਿੰਘ ਢਿੱਲੋਂ ਆਪਸ ਵਿੱਚ ਭਿੜ ਗਏ ਸਨ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹਿਲਾਂ ਯੂਥ ਕਾਂਗਰਸ ਲਈ ਵੀ ਲੰਬਾ ਸਮਾਂ ਕੰਮ ਕਰ ਚੁੱਕੇ ਹਨ। ਉਹ ਤਿੰਨ ਵਾਰ ਵਿਧਾਇਕ ਤੇ ਪਿਛਲੀ ਸਰਕਾਰ ’ਚ ਟਰਾਂਸਪੋਰਟ ਮੰਤਰੀ ਰਹੇ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਬਾਣੀ ਪ੍ਰਸਾਰਨ: ਮੁੱਖ ਮੰਤਰੀ ਵੱਲੋਂ ਨਵੀਂ ਤਕਨੀਕ ਸਥਾਪਤ ਕਰਨ ਦੀ ਪੇਸ਼ਕਸ਼
Next articleਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਲਈ ਹਫ਼ਤੇ ’ਚ ਲਾਂਚ ਹੋਵੇਗਾ ਯੂਟਿਊਬ ਚੈਨਲ: ਧਾਮੀ