
*ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਰੋਸ ਧਰਨੇ ਵਿੱਚ ਸ਼ਾਮਲ ਹੋਏ ਐਡਵੋਕੇਟ ਘੁੰਮਣ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਅੰਨੀ, ਬੋਲੀ ਤੇ ਝੂਠੀ ਸਰਕਾਰ ਦੇ ਵਾਅਦਿਆਂ ਤੋਂ ਅੱਜ ਪੰਜਾਬ ਦਾ ਹਰ ਨਾਗਰਿਕ ਦੁਖੀ ਦਿਖਾਈ ਦੇ ਰਿਹਾ ਹੈ । ਬੇਸ਼ੱਕ ਉਹ ਆਮ ਆਦਮੀ ਜਾਂ ਸਰਕਾਰੀ ਕਰਮਚਾਰੀ ਕਿਉਂ ਨਾਂ ਹੋਵੇ, ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਹਰ ਨਾਗਰਿਕ ਤੇ ਸੂਬਾ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਡੰਡੇ ਦੀ ਤਾਕਤ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀ.ਏ.ਯੂ ਗੇਟ ਨੰ:1 ਦੇ ਬਾਹਰ ਕੰਪਿਉਟਰ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਸਮੂਲੀਅਤ ਕਰਨ ਪੁੱਜੇ ਪਰਉਪਕਾਰ ਸਿੰਘ ਘੁੰਮਣ (ਐਡਵੋਕੇਟ) ਉਮੀਦਵਾਰ ਹਲਕਾ ਪੱਛਮੀ ਉੱਪ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਝੂਠੇ ਲਾਰਿਆਂ ਤੇ ਅੰਨ੍ਹੀ, ਬੋਲੀ ਗੂੰਗੀ ਸਰਕਾਰ ਨੇ ਸਰਕਾਰ ਬਨਾਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਿਛਲੇ ਦਿਨ੍ਹੀ ਪੀ.ਏ.ਯੂ. ਦੇ ਹੀ ਇੱਕ ਕਰਮਚਾਰੀ ਨੂੰ ਸਸਪੈਂਡ ਕਰਨ ਤੋਂ ਬਾਅਦ ਉੱਥੋਂ ਦੀ ਪੀ.ਏ.ਯੂ. ਕਰਮਚਾਰੀ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆਂ ਤਾਂ ਪੁਲਿਸ ਅਤੇ ਪ੍ਰਸਾਸ਼ਨ ਨੇ ਆਪਣੇ ਬਲ ਦਾ ਪ੍ਰਯੋਗ ਕਰਦੇ ਹੋਏ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਅ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਮੈਂਬਰ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਕਰੀਬ ਇੱਕ ਹਜ਼ਾਰ ਅਧਿਆਪਕਾਂ ਦਾ ਇਕੱਠ ਹੋਣਾ ਲਾਜ਼ਮੀ ਸੀ ਪਰ ਪੁਲਿਸ ਅਤੇ ਪ੍ਰਸਾਸ਼ਨ ਦੀ ਦਖਲਅੰਦਾਜ਼ੀ ਅਤੇ ਧੱਕੇਸ਼ਾਹੀ ਕਾਰਨ ਕਮੇਟੀ ਮੈਂਬਰਾਂ ਦੇ ਪਹੁੰਚਣ ਵਿੱਚ ਦੇਰੀ ਹੋ ਰਹੀ ਹੈ। ਘੁੰਮਣ ਨੇ ਕਿਹਾ ਕਿ ਸੂਬੇ ਅੰਦਰ ਬਾਹਰੀ ਰਾਜਾਂ ਦੇ ਲੋਕਾਂ ਦੀ ਦਖਲਅੰਦਾਜ਼ੀ ਪੰਜਾਬ ਦੇ ਲੋਕ ਕਦੇਂ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚੋਂ ਨਕਾਰੇ ਲੋਕ ਅੱਜ ਭਗਵੰਤ ਮਾਨ ਦੀ ਛਤਰ-ਛਾਇਆ ਹੇਠ ਪੰਜਾਬ ਵਿੱਚ ਘੁਸਪੈਠ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਦਖਲ ਅੰਦਾਜੀ ਕਰ ਰਹੇ ਹਨ। ਘੁੰਮਣ ਨੇ ਪੂਰੇ ਡਾਟੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਮਾਨਸੇ ਵਿੱਚ ਅੱਠ ਸਬ-ਇੰਸਪੈਕਟਰਾਂ ਦੀ ਹੋਈ ਭਰਤੀ ਵਿੱਚੋਂ ਸੱਤ ਹਰਿਆਣਾ ਤੇ ਪੰਜਾਬ ਵਿੱਚੋਂ ਇੱਕ ਦੀ ਭਰਤੀ ਹੋਈ ਸੀ। ਇਹ ਪੰਜਾਬ ਸਰਕਾਰ ਲਈ ਬੜੀ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੀ ਪੁਲਿਸ ਹੋਵੇ ਤੇ ਭਰਤੀ ਬਹਰੋਂ ਹੁੰਦੀ ਹੋਵੇ। ਉਨ੍ਹਾਂ ਕਿਹਾ ਕਿ ਇਹ ਸਚਾਈ ਹੈ ਜੋ ਅਸੀਂ ਸੁਨਣ ਵਾਸਤੇ ਬੈਠੇ ਹਾਂ। ਘੁੰਮਣ ਨੇ ਕਿਹਾ ਕਿ ਜੇਕਰ ਹਲਕਾ ਪੱਛਮੀ ਦੇ ਲੋਕਾਂ ਵੱਲੋਂ ਉੱਪ ਚੋਣ ਵਿੱਚ ਉਨ੍ਹਾਂ ਦੇ ਹੱਕ ਵਿੱਚ ਫਤਵਾ ਦਿੱਤਾ ਗਿਆ ਤਾਂ ਇਹ ਆਵਾਜ਼ ਲੋਕਾਂ ਦੇ ਹੱਕਾਂ ਲਈ ਵਿਧਾਨ ਸਭਾ ਵਿੱਚ ਕਾਨੂੰਨ ਨੂੰ ਅੱਗੇ ਰੱਖਦੇ ਹੋਏ ਹਮੇਸ਼ਾਂ ਗੂੰਜਦੀ ਰਹੇਗੀ। ਇਸ ਮੌਕੇ ਧਰਨਾਕਾਰੀਆਂ ਵੱਲੋਂ ਛੇਵੇਂ ਪੇ-ਕਮਿਸ਼ਨ ਅਤੇ ਸੀਐਸਆਰ ਦੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਸ਼ਿਫਟ ਕੀਤੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


