HOME ਔੜ ‘ਤੇ ਬਰਸਾਤ

ਔੜ ‘ਤੇ ਬਰਸਾਤ

(ਗਜ਼ਲ ਸੰਗ੍ਰਹਿ) ਗੁਰਦੀਪ ਸਿੰਘ ਸੈਣੀ ਪੁਸਤਕ ਦਾ ਮੁੱਲ 220/-
ਸਫ਼ੇ 140

   (ਸਮਾਜ ਵੀਕਲੀ)   ਪੂਰੇ ਵਿਸ਼ਵ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਲੇਖਕ ਅੱਜ ਲਿਖ ਰਹੇ ਹਨ ਕਵਿਤਾ ਗੀਤ ਕਹਾਣੀ ਨਜ਼ਮ ਮਿਨੀ ਕਹਾਣੀ ਗਜਲ ਲਿਖਣ ਵਾਲੇ ਅਨੇਕਾਂ ਸ਼ਾਇਰ ਅੱਜ ਬੁੱਧੀਜੀਵੀ ਵਰਗ ਵਿੱਚ ਵੱਖ ਵੱਖ ਵੰਨਗੀਆਂ ਦਾ ਸਾਹਿਤ ਰੱਚ ਕੇ ਸਾਹਿਤਕ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਲੇਕਿਨ ਇਹਨਾਂ ਸਹਿਤਕਾਰਾਂ ਵਿੱਚੋਂ ਸਭ ਦੀਆਂ ਸਿਰਜਨਾਵਾਂ ਮਕਬੂਲ ਨਹੀਂ ਹੁੰਦੀਆਂ ਲੇਖਕਾਂ ਦੀ ਭੀੜ ਵਿੱਚ ਬਹੁਤ ਸਾਰੇ ਲੇਖਕ ਵਿਖਾਈ ਵੀ ਨਹੀਂ ਦਿੰਦੇ ਗੁਰਦੀਪ ਸਿੰਘ ਸੈਣੀ ਵਰਗੇ ਜੋ ਗਜ਼ਲ ਲਿਖਣ ਵਿੱਚ ਮੁੁਹਾਰਤ ਹਾਸਲ ਕਰ ਚੁੱਕੇ ਹਨ ਪਤਾ ਨਹੀਂ ਕਿਵੇਂ ਤਿੰਨ ਦਹਾਕੇ ਕਿੱਥੇ ਰੂਹ ਪੋਸ਼ ਹੋਏ ਰਹੇ ਹਨ ਅਤੇ ਹੁਣ “ਔੜ ‘ਤੇ ਬਰਸਾਤ” ਗਜ਼ਲ ਸੰਗ੍ਰਹਿ ਲੈ ਕੇ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਏ ਹਨ ਕਵਿਤਾ ਨਜ਼ਮ ਕਹਾਣੀ ਅਤੇ ਗੀਤ ਲਿਖਣ ਨਾਲੋਂ ਗਜ਼ਲ ਦਾ ਪੰਧ ਵਧੇਰੇ ਸੰਘਰਸ਼ਸ਼ੀਲ ਹੈ। ਗੁਰਦੀਪ ਸਿੰਘ ਸੈਣੀ ਜੀ ਗਜ਼ਲ ਦੇ ਵਿਧਾ ਵਿਧਾਨ ਤੋਂ ਪੂਰੀ ਤਰ੍ਹਾਂ ਵਾਕਿਫ ਹਨ ਗ਼ਜ਼ਲ ਲਿਖਣਾ ਸਮੁੰਦਰ ਨੂੰ ਗਾਗਰ ਵਿੱਚ ਬੰਦ ਕਰਨ ਦੇ ਬਰਾਬਰ ਹੁੰਦਾ ਹੈ ਆਪਣੀ ਬਿਰਹੁ ਤਨਹਾਈ ਜੁਦਾਈ ਹਿਜਰ ਵਿਛੋੜੇ ਦਰਦ ਅਤੇ ਗਮਾਂ ਦੀ ਦਾਸਤਾਨ ਕਹਿੰਦੇ ਕਹਿੰਦੇ ਬਹੁਤ ਮਹਾਨ ਸੁਨੇਹੇ ਵੱਡੀਆਂ ਗੱਲਾਂ ਥੋੜੇ ਲਫਜ਼ਾਂ ਵਿੱਚ ਕਹਿਣੀਆਂ ਹੁੰਦੀਆਂ ਹਨ ਜਿਸ ਵਿੱਚ ਗੁਰਦੀਪ ਸਿੰਘ ਸੈਣੀ ਜੀ ਪੂਰੀ ਤਰ੍ਹਾਂ ਪ੍ਰਪੱਕ ਹੋ ਚੁੱਕੇ ਹਨ “ਔੜ ਤੇ ਬਰਸਾਤ” ਤੱਕ ਦਾ ਸਫ਼ਰ ਇਹਨਾਂ ਨੇ ਆਪਣੇ ਤਨ ਤੇ ਹੰਡਾਇਆ ਹੈ ਅਤੇ ਤਾਂ ਹੀ ਹੁਣ ਬਹੁਤ ਸ਼ਾਨਦਾਰ ਗਜਲਾਂ ਦਾ ਸੰਗ੍ਰਹਿ ਲੈ ਕੇ ਪਾਠਕਾਂ ਦੇ ਰੂਬਰੂ ਹੋਏ ਹਨ ਮੈਂ ਇਹਨਾਂ ਦੀ ਕਿਤਾਬ ਤਿੰਨ ਵਾਰ ਪੜ੍ਹ ਲਈ ਹੈ ਕੁਝ ਕੁ ਗਜਲਾਂ ਤਰਨਮ ਵਿੱਚ ਕਹੀਆਂ ਜਾ ਸਕਦੀਆਂ ਹਨ ਜੋ ਮੈਨੂੰ ਬਹੁਤ ਹੀ ਪਿਆਰੀਆਂ ਲੱਗੀਆਂ ਹਨ ।

ਹਰ ਇੱਕ ਨੂੰ ਕਰਨੀ ਨਸੀਹਤ ਬੁਰੀ ਹੈ । ਖੁਦੀ ਵਿੱਚ ਫਸੀ ਵੀ ਲਿਆਕਤ ਬੁਰੀ ਹੈ । ਮੁਸੀਬਤ ਤੋਂ ਭੱਜਣਾ ਜੇ ਫਿਤਰਤ ਹੈ ਤੇਰੀ, ਤੇਰੇ ਵਾਸਤੇ ਹਰ ਹਕੀਕਤ ਬੁਰੀ ਹੈ।

ਬਹੁਤ ਵਧੀਆ ਬਹੁਤ ਵਧੀਆ ਬਹੁਤ ਹੀ ਵਧੀਆ ਇੱਕ ਹੋਰ ਸੈਣੀ ਸਾਹਿਬ ਦੀ ਗਜ਼ਲ ਦੀ ਵਨਗੀ ਜਿਸ ਨੂੰ ਮੈਂ ਟੋਡੀ ਭੈਰਵੀ ਰਾਗ ਵਿੱਚ ਗਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ
ਗਮ ਤੇਰੇ ਦੀ ਤਰਜ ਹੈ ਤੇ ਜ਼ਿੰਦਗੀ ਦਾ ਸਾਜ ਹੈ।
ਹਰ ਗਜਲ ਮੇਰੀ ‘ਚ ਤੇਰੇ ਹਿਜਰ ਦੀ ਆਵਾਜ਼ ਹੈ।
ਸ਼ਾਨ ਝੂਠੀ ਛੱਡ ਕੇ ਗੁਰਬਤ ਚੁਣੀ ਕਿਰਦਾਰ ਨੇ,
ਇਸ ਲਈ ਮੈਨੂੰ ਮੇਰੇ ਕਿਰਦਾਰ ਉੱਤੇ ਨਾਜ ਹੈ।
ਮੈਂ ਤਰਲੋਚਨ ਲੋਚੀ ਜੀ ਅਤੇ ਸਰਬਜੀਤ ਗਿੱਲ ਸਾਹਿਬ ਦੀਆਂ ਗਜ਼ਲਾਂ ਦਾ ਸ਼ੌਕੀਨ ਹਾਂ ਅਤੇ ਉਹਨਾਂ ਦਾ ਫੈਨ ਵੀ ਹਾਂ ਲੇਕਿਨ ਅੱਜ ਮੈਂ ਗੁਰਦੀਪ ਸਿੰਘ ਸੈਣੀ ਸਾਹਿਬ ਦਾ ਵੀ ਫੈਨ ਬਣ ਗਿਆ ਹਾਂ ਬਹੁਤ ਹੀ ਪਿਆਰੀਆਂ ਗਜ਼ਲਾ ਦੀ ਸਿਰਜਣਾ ਕਰਕੇ ਗਜ਼ਲ ਦੇ ਖਿੱਤੇ ਵਿੱਚ ਗੁਰਦੀਪ ਸਿੰਘ ਸੈਣੀ ਜੀ ਨੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ

ਜਨਮ ਇਹ ਤੇਰਾ ਇਬਾਦਤ ਲਈ ਸੀ, ਸ਼ਰਾਬਾਂ ਕਬਾਬਾਂ ਚ ਫਸਿਆ ਰਿਹਾ ਤੂੰ।

ਬਹੁਤ ਹੀ ਖੂਬਸੂਰਤ ਸ਼ਾਇਰੀ ਕਰਦੇ ਹਨ ਸੈਣੀ ਸਾਹਿਬ

ਤੇਰੇ ਘਰ ਚ ਆਉਂਦੀ ਗਰੀਬੀ ਕਿਵੇਂ ਨਾ? ਅਖੌਤੀ ਨਵਾਬਾਂ ਚ ਫਸਿਆ ਰਿਹਾ ਤੂੰ।

ਵਾਹ ਬਈ ਵਾਹ ਬਹੁਤ ਵਧੀਆ ਬਹੁਤ ਵਧੀਆ
ਮੈਂ ਬੇਗਾਨੀ ਆਸ ‘ਤੇ ਤੁਰਦਾ ਨਹੀਂ।
ਜਾਗਦਾ ਕਿਰਦਾਰ ਹਾਂ ਮੁਰਦਾ ਨਹੀਂ।
ਕਰਮ ਨੂੰ ਹੀ ਧਰਮ ਸਮਝਾ ਆਪਣਾ,
ਚਮਕਦੀ ਤਕਦੀਰ ਨੂੰ ਝੁੁਰਦਾ ਨਹੀਂ।

ਬਹੁਤ ਵਧੀਆ ਸੈਣੀ ਸਾਹਿਬ ਬਹੁਤ ਵਧੀਆ ਇਹੀ ਕਹਿ ਸਕਦਾ ਹਾਂ ਕਿਉਂਕਿ ਤੁਹਾਡੀ ਤਾਰੀਫ ਲਈ ਮੇਰੇ ਪਾਸ ਅਲਫਾਜ਼ ਨਹੀਂ ਹਨ
ਕਿਸੇ ਮਾਸੂਮ ਚਿਹਰੇ ਤੇ ਵਫਾ ਦੇ ਰੰਗ ਦਿਸਦੇ ਨੇ।
ਵਫਾ ਦੇ ਨਾਮ ਤੇ ਖਾਧੇ ਜੋ ਉਸਨੇ ਡੰਗ ਦਿਸਦੇ ਨੇ।
ਗਜ਼ਲ ਮੇਰੀ ‘ਚ ਭਰਦਾ ਜਾਨ ਅਕਸਰ ਜਿਕਰ ਤੇਰਾ ਹੀ,
ਮੇਰੇ ਸਭ ਸ਼ੇਅਰ ਤੇਰੇ ਨਾਂ ਬਿਨਾਂ ਬੇਰੰਗ ਦਿਸਦੇ ਨੇ।
ਗੁਰਦੀਪ ਸੈਣੀ ਫੋਕੀ ਵਾਹ ਵਾਹ ਨਹੀਂ ਕਬੂਲਦਾ ਉਹ ਸੱਚ ਦੇ ਰਾਹ ਤੇ ਚੱਲਿਆ ਹੈ ਅਤੇ ਸੱਚੀ ਉਸਤਤ ਹੀ ਲੋਚਦਾ ਹੈ ਗੁਰਦੀਪ ਸੈਣੀ ਆਪਣੇ ਆਲੋਚਕਾਂ ਨੂੰ ਵੀ ਬਹੁਤ ਪਿਆਰ ਕਰਦਾ ਹੋਇਆ ਲਿਖਦਾ ਹੈ

ਫੋਕੀ ਵਾਹ ਵਾਹ ਉੱਤੇ ਹੀ ਨਾ ਮਰਿਆ ਕਰ। ਭੋਰਾ ਗੱਲ ਅਲੋਚਕ ਦੀ ਵੀ ਜਰਿਆ ਕਰ। ਲੋੜ ਗਲੀ ਦੇ ਕੱਖਾਂ ਦੀ ਵੀ ਪੈ ਜਾਂਦੀ,
ਐਵੇਂ ਨਾ ਤੌਹੀਨ ਹਰਇੱਕ ਦੀ ਕਰਿਆ ਕਰ।

ਗੁਰਦੀਪ ਸੈਣੀ ਆਖਦਾ ਹੈ ਕਿ ਆਲੋਚਕ ਤੁਹਾਡੇ ਰਾਹ ਦਸੇਰਾ ਹਨ ਤੁਸੀਂ ਆਪਣੀ ਮੰਜਿਲ ਵੱਲ ਮਿਹਨਤ ਅਤੇ ਸ਼ਿੱਦਤ ਨਾਲ ਵੱਧਦੇ ਰਹੋ ਕਿਸੇ ਦੇ ਕਹਿਣ ਨਾਲ ਕੁਛ ਨਹੀਂ ਹੁੰਦਾ ਜੋ ਹੋਣਾ ਹੈ ਪ੍ਰਭੂ ਦੀ ਰਜ਼ਾ ਵਿੱਚ ਹੋਣਾ ਹੈ।

ਗੈਰ ਕਹੇ ਜੋ ਹੋਵੇ ਸੌਦਾ ਘਰਦਾ ਥੋੜੀ ਹੈ। ਕਾਵਾਂ ਦੇ ਆਖੇ ਤੇ ਢੱਗਾ ਮਰਦਾ ਥੋੜੀ ਹੈ। ਦੁਨੀਆਂ ਦੇ ਵਿੱਚ ਰੂਹ ਦਾ ਨਗਮਾ ਬਣ ਕੇ ਜਿਂਉਦਾ ਹੈ
ਮਰ ਕੇ ਵੀ ਇੱਕ ਚੰਗਾ ਸ਼ਾਇਰ ਮਰਦਾ ਥੋੜੀ ਹੈ।

ਫੋਕੀ ਵਾਹ ਵਾਹ ਕਰਨ ਵਾਲਿਆਂ ਨੂੰ ਸੁਚੇਤ ਕਰਦਾ ਹੋਇਆ ਗੁਰਦੀਪ ਸੈਣੀ ਬਹੁਤ ਨਿਮਰਤਾ ਨਾਲ ਜਵਾਬ ਦੇ ਰਿਹਾ ਹੈ:-

ਗਜ਼ਲ ਮੇਰੀ ਚੋਂ ਜਦ ਤੱਕ ਸਕਤਿਆਂ ਦਾ ਫਰਕ ਨਹੀਂ ਜਾਂਦਾ।
ਮੇਰਾ ਹਰ ਸ਼ੇਅਰ ਮੁੜ ਮੁੜ ਵਾਚਣੇ ਦਾ ਠਰਕ ਨਹੀਂ ਜਾਂਦਾ।
ਬਨਾਉਟੀ ਫੁੱਲ ਦੇ ਵਰਗੀ ਹੈ ਰਹਿੰਦੀ ਸ਼ੇਅਰ ਦੀ ਹਾਲਤ,
ਕਿਸੇ ਵੀ ਖਿਆਲ ਦਾ ਕੱਢਿਆ ਜਦੋਂ ਤੱਕ ਅਰਕ ਨਹੀਂ ਜਾਂਦਾ।

ਗਜਲ ਲਿਖਣ ਵਾਲੇ ਨਵੇਂ ਲੇਖਕਾਂ ਨੂੰ ਗਜ਼ਲ ਦੇ ਸੰਘਰਸ਼ਮਈ ਪੰਧ ਤੋਂ ਵਾਕਿਫ਼ ਕਰਾਉਂਦਾ ਹੋਇਆ ਸੈਣੀ ਲਿਖਦਾ ਹੈ

ਗਮ ਦੇ ਰਗੜੇ ਖਾ ਕੇ ਸਰਨਾ।
ਹਸਤੀ ਨੂੰ ਚਮਕਾ ਕੇ ਸਰਨਾ।
ਫੁੱਲਾਂ ਸੰਗ ਮੁਹੱਬਤ ਹੈ ਜੇ,
ਖਾਰਾਂ ਨਾਲ ਨਿਭਾ ਕੇ ਸਰਨਾ।
ਇਸ਼ਕ ‘ਚ ਰੁਲਣਾ ਪੈਣਾ ਆਖਰ,
ਦਿਲ ਦਾ ਝੱਲ ਮਿਟਾ ਕੇ ਸਰਨਾ।

ਸੈਣੀ ਆਪਣੇ ਮਨ ਦੀ ਗੱਲ ਨਿਧੱੜਕ ਹੋ ਕੇ ਕਹਿਣ ਦਾ ਆਦੀ ਹੈ ਉਹ ਆਪਣੇ ਕਹੇ ਹੋਏ ਬਚਨਾਂ ਨਾਲ ਪੈਦਾ ਹੋਣ ਵਾਲੀ ਅਸਥਿਰਤਾ ਤੋਂ ਨਹੀਂ ਡਰਦਾ ਅਤੇ ਦਿਲ ਖੋਲ ਕੇ ਸੱਚ ਕਹਿ ਰਿਹਾ ਹੈ

ਕਰਾਂਗਾ ਝੂਠ ਤੇ ਜਿੰਨਾ ਵੀ ਤਿੱਖਾ ਵਾਰ ਹੁੰਦਾ ਹੈ।
ਰਹੇ ਹੁੰਦਾ ਕਿਤੇ ਜੇ ਇਸ ਤੇ ਅਗਰ ਤਕਰਾਰ ਹੁੰਦਾ ਹੈ।

ਗਮ ਤਨਹਾਈ ਰੁਸਵਾਈ ਦੇ ਆਲਮ ਵਿੱਚ ਜੀ ਰਿਹਾ ਸੈਣੀ ਆਪਣੀ ਆਤਮਾ ਨਾਲ ਆਪ ਮਹਾਰੇ ਗੱਲਾਂ ਕਰ ਰਿਹਾ ਹੈ

ਲਾਹ ਪ੍ਰਸਾਦੇ ਹਿਜਰ ਦੇ ਗਮ ਦੀ ਚਟਨੀ ਘੋਟ।
ਗੁਰਬਤ ਵਿੱਚ ਵੀ ਇਸ਼ਕ ਦਾ ਕੱਸੀ ਰੱਖ ਲੰਗੋਟ।

ਹਰ ਇੱਕ ਸ਼ਾਇਰ ਆਸ਼ਿਕ ਹੁੰਦਾ ਹੈ ਉਸ ਦਾ ਕੋਈ ਮਹਿਬੂਬ ਹੁੰਦਾ ਹੈ ਜਿਸਦੇ ਪਿਆਰ ਵਿੱਚ ਧੋਖਾ ਖਾ ਕੇ ਸ਼ਾਇਰ ਦੀ ਸ਼ਾਇਰੀ ਵਿੱਚ ਵਜਨ ਪੈਦਾ ਹੁੰਦਾ ਹੈ ਆਪਣੀ ਮਹਿਬੂਬ ਨੂੰ ਯਾਦ ਕਰਦਿਆਂ ਸੈਣੀ ਲਿਖਦਾ ਹੈ

ਜ਼ਿੰਦਗੀ ਦੇ ਸਭ ਕਿਲੇ ਸਰ ਕਰ ਗਿਆ। ਦਿਲ ਮਗਰ ਇੱਕ ਬੇਵਫਾ ਤੋ ਹਰ ਗਿਆ। ਬਿਖਰਿਆ ਕੁਝ ਆਲਣਾ ਦਿਲ ਦਾ ਇਵੇਂ, ਝੱਖੜਾਂ ਦਾ ਜਿਹਨ ਚੋ ਨਾ ਡਰ ਗਿਆ।

ਫਿਰ ਆਪਣੇ ਟੁੱਟੇ ਹੋਏ ਦਿਲ ਨੂੰ ਦਿਲਾਸਾ ਦਿੰਦਾ ਹੋਇਆ ਸੈਣੀ ਫਿਰ ਲਿਖਦਾ ਹੈ

ਅਣਖ ਬਿਨ ਸੰਸਾਰ ਵਿੱਚ ਮਿਲਦੇ ਨਹੀਂ। ਹੌਸਲੇ ਬਾਜ਼ਾਰ ਵਿੱਚ ਮਿਲਦੇ ਨਹੀਂ।

ਗੁਰਦੀਪ ਸਿੰਘ ਸੈਣੀ ਹੁਣ ਪਰੋੜ ਲੇਖਕਾਂ ਵਿੱਚ ਸ਼ਾਮਿਲ ਹੈ ਦੂਸਰਿਆਂ ਲਈ ਰਾਹ ਦਸੇਰਾ ਬਣ ਗਿਆ ਹੈ ਭੁੱਲੀ ਭਟਕਤੀ ਮਾਨਵਤਾ ਨੂੰ ਸੁਚੇਤ ਕਰਦਾ ਹੋਇਆ ਸੈਣੀ ਲਿਖ ਰਿਹਾ ਹੈ ਅੰਧ ਵਿਸ਼ਵਾਸ ਦੇ ਖਿਲਾਫ਼

ਭਰੋਸਾ ਨਾ ਕਰ ਜੰਤਰਾਂ ਮੰਤਰਾਂ ‘ਤੇ।
ਮੁਕੱਦਰ ਹੈ ਟਿਕਿਆ ਤੇਰਾ ਠੋਕਰਾਂ ‘ਤੇ।ਬਿਨਾਂ ਮੰਜ਼ਲੋਂ ਭਟਕਦਾ ਹੀ ਰਹੇਗਾ,
ਉਡੇਂਗਾ ਜੇ ਤੂੰ ਦੂਜਿਆਂ ਦੇ ਪਰਾਂ ‘ਤੇ।

ਭੁੱਲੀ ਭੱਟਕੀ ਮਾਨਵਤਾ ਨੂੰ ਸੁਚੇਤ ਕਰਦਾ ਹੋਇਆ ਸੈਣੀ ਹੁਣ ਇੱਕ ਫਕੀਰ ਦੀ ਪੱਦਵੀ ਵੱਲ ਵਧ ਰਿਹਾ ਹੈ ਅਤੇ ਆਪਣੇ ਪਿਆਰੇ ਦੇ ਵਿਜੋਗ ਵਿੱਚ ਉਸਦੀ ਕਲਮ ਲਿਖਦੀ ਹੈ

ਰੂਹਾਨੀ ਮਿਲਾਪਾਂ ਦੀ ਰਾਹ ਦੇ ਲਈ ਹੈ।
ਕਦੋਂ ਇਸ਼ਕ ਜਿਸਮਾਂ ਦੀ ਚਾਹ ਦੇ ਲਈ ਹੈ।
ਖੁਦਾ ਦੀ ਰਜ਼ਾ ਪਾਕ ਰਾਹ ਦੇ ਲਈ ਹੈ।
ਇਬਾਦਤ ਕਦੋਂ ਵਾਹ ਵਾਹ ਦੇ ਲਈ ਹੈ।

ਸੈਣੀ ਸਾਹਿਬ ਦੀ ਪਲੇਠੀ ਪੁਸਤਕ “ਔੜ ‘ਤੇ ਬਰਸਾਤ” ਹਰ ਇੱਕ ਨਵੇਂ ਅਤੇ ਪੁਰਾਣੇ ਲੇਖਕ ਲਈ ਪੜ੍ਹਨੀ ਬਹੁਤ ਹੀ ਜਰੂਰੀ ਹੈ ਗਜ਼ਲ ਦੁਆਰਾ ਮਨੁੱਖ ਦੀ ਜ਼ਿੰਦਗੀ ਦਾ ਪੂਰਾ ਹਾਲ ਇਸ ਗਜ਼ਲ ਸੰਗ੍ਰਹਿ ਵਿੱਚ ਵਰਣਨ ਕੀਤਾ ਗਿਆ ਹੈ ਇਹ ਪੁਸਤਕ ਲੇਖਕਾਂ ਅਤੇ ਪਾਠਕਾਂ ਲਈ ਇਕ ਰਾਹ ਦਸੇਰੇ ਦੀ ਤਰ੍ਹਾਂ ਹੈ ਬਹੁਤ ਸਾਰੇ ਨਵੇਂ ਵਿਚਾਰਾਂ ਨਾਲ ਭਰਪੂਰ ਇਹ ਪੁਸਤਕ ਨੂੰ ਪੱੜ੍ਹ ਕੇ ਇੱਕ ਚੰਗੇ ਲੇਖਕ ਇੱਕ ਚੰਗੇ ਪਾਠਕ ਬਣਨ ਵਿੱਚ ਬਹੁਤ ਸਾਰੀ ਮਦਦ ਸਾਡੀ ਸੈਣੀ ਸਾਹਿਬ ਕਰ ਰਹੇ ਹਨ ਤੇ ਮੈਂ ਸੈਣੀ ਸਾਹਿਬ ਨੂੰ ਇਹਨਾਂ ਦੀ ਇਸ ਸ਼ਾਨਦਾਰ ਪੁਸਤਕ ਲਈ ਬਹੁਤ ਬਹੁਤ ਮੁਬਾਰਕਬਾਦ ਭੇਜਦਾ ਹਾਂ ਆਸ ਕਰਦਾ ਹਾਂ ਕਿ ਸੈਣੀ ਸਾਹਿਬ ਹੋਰ ਵੀ ਬਹੁਤ ਸਾਰੀਆਂ ਗਜਲਾਂ ਦੀਆਂ ਪੁਸਤਕਾਂ ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇ ਜਲਦੀ ਹੀ ਇੱਕ ਵਾਰ ਫਿਰ ਆਪਣੀ ਹਾਜਰੀ ਲਵਾਉਣਗੇ ਪਾਠਕਾਂ ਦੇ ਰੂਬਰੂ ਹੋਣਗੇ ਬਹੁਤ ਬਹੁਤ ਪਿਆਰ ਬਹੁਤ ਬਹੁਤ ਅਦਬ ਸਤਿਕਾਰ ਸੈਣੀ ਸਾਹਿਬ ਕੁਝ ਗੱਲਾਂ ਦਾ ਜ਼ਿਕਰ ਮੈਂ ਨਹੀਂ ਕਰ ਰਿਹਾ ਤਾਂ ਕਿ ਸਸਪੈਂਸ ਬਣਿਆ ਰਹੇ ਕਿ ਕਿਤਾਬ ਵਿੱਚ ਹੋਰ ਕੀ ਲਿਖਿਆ ਹੈ ਔਰ ਕੁਲ ਮਿਲਾ ਕੇ ਇਹ ਕਿਤਾਬ ਸਾਹਿਤ ਦਾ ਇੱਕ ਖਜ਼ਾਨਾ ਹੈ ਜਿਸ ਨੂੰ ਪ੍ਰਾਪਤ ਕਰਕੇ ਹੀ ਅਸੀਂ ਲਿਖਣ ਵਿੱਚ ਪੱੜਨ ਵਿੱਚ ਅਤੇ ਗਜ਼ਲ ਦੇ ਵਿਦਾ ਵਿਧਾਨ ਤੋਂ ਚੰਗੀ ਤਰ੍ਹਾਂ ਵਾਕਿਫ ਹੋ ਸਕਦੇ ਹਾਂ।
ਵਲੋਂ:-
ਹਰਭਜਨ ਸਿੰਘ ਭਗਰੱਥ
ਪ੍ਰਧਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ ਤਰਨ ਤਾਰਨ
ਪਿੰਨ ਕੋਡ 143401
ਫੋਨ ਨੰਬਰ 9779976307

Previous article‘Periyar : Caste, Nation and Socialism’
Next articleThe Real Story Behind Dr. B.R. Ambedkar’s Cabinet Appointment