ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਹਾਕੀ ਦੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਰੇਲ ਕੋਚ ਫੈਕਟਰੀ, ਕਪੂਰਥਲਾ ਦੇ ਸੁਪਰ ਟਰਫ ਹਾਕੀ ਸਟੇਡੀਅਮ ਵਿਖੇ ਆਰ ਸੀ ਐਫ ਅਤੇ ਐਫ ਸੀ ਆਈ ਦੀਆਂ ਹਾਕੀ ਟੀਮਾਂ ਵਿਚਕਾਰ ਪ੍ਰਦਰਸ਼ਨੀ ਮੈਚ ਖੇਡਿਆ ਗਿਆ ਜਿਸ ਵਿੱਚ ਆਰ ਸੀ ਐਫ ਕਪੂਰਥਲਾ ਦੀ ਟੀਮ ਨੇ ਐਫ ਸੀ ਆਈ ਦਿੱਲੀ ਦੀ ਟੀਮ 5-4 ਨੂੰ ਹਰਾਇਆ ।
ਫਲੱਡ ਲਾਈਟਾਂ ਹੇਠ ਹੋਏ ਇਸ ਮੈਚ ਵਿੱਚ ਦੋਵਾਂ ਟੀਮਾਂ ਵਿਚਕਾਰ ਫਸਵਾਂ ਮੁਕਾਬਲਾ ਹੋਇਆ, ਜਿਸ ਦਾ ਹਾਜ਼ਰ ਖੇਡ ਪ੍ਰੇਮੀਆਂ ਨੇ ਖੂਬ ਆਨੰਦ ਮਾਣਿਆ।
ਮੈਚ ਤੋਂ ਪਹਿਲਾਂ ਮੁੱਖ ਮਹਿਮਾਨ ਮੰਜੁਲ ਮਾਥੁਰ, ਜਨਰਲ ਮੈਨੇਜਰ ਰੇਲ ਕੋਚ ਫੈਕਟਰੀ ਨਾਲ ਦੋਵਾਂ ਟੀਮਾਂ ਨਦੀ ਜਾਣ ਪਹਿਚਾਣ ਕਾਰਵਾਈ ਗਈ । ਆਰ ਸੀ ਐਫ ਦੀ ਟੀਮ ਕਈ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਦੀ ਜੇਤੂ ਰਹੀ ਹੈ, ਜਦੋਂ ਕਿ ਐਫ ਸੀ ਆਈ ਦਿੱਲੀ ਦੀ ਟੀਮ ਨੇ ਹਾਲ ਹੀ ਵਿੱਚ ਰਾਸ਼ਟਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਮੈਚ ਤੋਂ ਬਾਅਦ ਜਨਰਲ ਮੈਨੇਜਰ ਸ੍ਰੀ ਮਾਥੁਰ ਨੇ ਦੋਵਾਂ ਟੀਮਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਰ.ਸੀ.ਐਫ ਵਿਖੇ ਹਾਕੀ ਦੀ ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਨੂੰ ਹਾਕੀ ਕਿੱਟਾਂ ਵੀ ਪ੍ਰਦਾਨ ਕੀਤੀਆਂ |
ਸ਼੍ਰੀ ਮਾਥੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਾਕੀ ਨੂੰ ਹੋਰ ਮਕਬੂਲ ਕਰਨ ਲਈ ਅਜਿਹੇ ਪ੍ਰਦਰਸ਼ਨੀ ਮੈਚ ਲਗਾਤਾਰ ਕਰਵਾਏ ਜਾਣੇ ਚਾਹੀਦੇ ਹਨ। ਟੀਮਾਂ ਵਿਚਕਾਰ ਮੁਕਾਬਲਾ ਖੇਡ ਦੇ ਵਿਕਾਸ ਵਿੱਚ ਸਹਾਈ ਹੁੰਦਾ ਹੈ ਜਿਸ ਨਾਲ ਹਾਕੀ ਦੀ ਲੋਕਪ੍ਰਿਅਤਾ ਵਿੱਚ ਵਾਧਾ ਹੁੰਦਾ ਹੈ ।
ਇਸ ਮੌਕੇ ਆਰ.ਸੀ.ਐਫ ਸਪੋਰਟਸ ਐਸੋਸੀਏਸ਼ਨ ਦੇ ਸਮੂਹ ਅਧਿਕਾਰੀ, ਐਫ.ਸੀ.ਆਈ. ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਅਖਿਲੇਸ਼ ਮਿਸ਼ਰਾ ਅਤੇ ਅਸ਼ਵਨੀ ਕੁਮਾਰ ਗੁਪਤਾ ਅਤੇ ਜੀ.ਐਮ (ਜਨਰਲ) ਸ੍ਰੀ ਸੰਜੀਵ ਭਾਸਕਰ, ਆਰ.ਸੀ.ਐਫ ਦੀਆਂ ਸਾਰੀਆਂ ਯੂਨੀਅਨਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly