ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ਚੀਨ ਵੱਲੋਂ ਲੱਦਾਖ ’ਚ ਪੈਂਗੌਂਗ ਝੀਲ ’ਤੇ ਰਣਨੀਤਕ ਪੁਲ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਉਹ ਤਾਂ ਇਸ ਪੁਲ ਦਾ ਉਦਘਾਟਨ ਕਰਨ ਲਈ ਉਥੇ ਵੀ ਜਾ ਸਕਦੇ ਹਨ। ਰਾਹੁਲ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਦੀ ਇਸ ਮੁੱਦੇ ’ਤੇ ਖਾਮੋਸੀ ਉਪਰ ਵੀ ਸਵਾਲ ਉਠਾਏ ਅਤੇ ਕਿਹਾ ਕਿ ਇਸ ਨਾਲ ਚੀਨੀ ਫ਼ੌਜ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਕਾਂਗਰਸ ਆਗੂ ਨੇ ਉੱਤਰੀ ਕੰਢੇ ਨੂੰ ਦੱਖਣੀ ਕੰਢੇ ਨਾਲ ਜੋੜਨ ਵਾਲੇ ਪੁਲ ਦੀਆਂ ਸੈਟੇਲਾਈਟ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਨਾਲ ਸਿੱਝਣ ਦੇ ਮਾਮਲੇ ’ਚ ਰਾਹੁਲ ਵੱਲੋਂ ਪ੍ਰਧਾਨ ਮੰਤਰੀ ਅਤੇ ਸਰਕਾਰ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ’ਚ ਕਿਹਾ ਸੀ ਕਿ ਪੈਂਗੌਂਗ ਝੀਲ ’ਤੇ ਚੀਨ ਵੱਲੋਂ ਬਣਾਏ ਜਾ ਰਹੇ ਪੁਲ ਵਾਲੀ ਥਾਂ ਭਾਰਤ ਦੀ ਹੈ ਜਿਸ ’ਤੇ ਕਰੀਬ 60 ਸਾਲਾਂ ਤੋਂ ਚੀਨ ਨੇ ਗ਼ੈਰਕਾਨੂੰਨੀ ਕਬਜ਼ਾ ਕੀਤਾ ਹੋਇਆ ਹੈ। ਸਰਕਾਰ ਨੇ ਇਹ ਵੀ ਕਿਹਾ ਸੀ ਕਿ ਉਹ ਦੇਸ਼ ਦੇ ਸੁਰੱਖਿਆ ਹਿੱਤਾਂ ਦੀ ਰਾਖੀ ਲਈ ਸਾਰੇ ਕਦਮ ਯਕੀਨੀ ਬਣਾ ਰਹੀ ਹੈ।
ਸੈਟੇਲਾਈਟ ਤੋਂ 16 ਜਨਵਰੀ ਨੂੰ ਮਿਲੀਆਂ ਤਸਵੀਰਾਂ ’ਚ ਦਿਖਾਇਆ ਗਿਆ ਹੈ ਕਿ ਪੈਂਗੌਂਗ ਝੀਲ ’ਤੇ ਚੀਨ ਵੱਲੋਂ 400 ਮੀਟਰ ਲੰਬਾ ਪੁਲ ਬਣਾਇਆ ਜਾ ਰਿਹਾ ਹੈ ਅਤੇ ਮੁਕੰਮਲ ਹੋਣ ’ਤੇ ਚੀਨ ਨੂੰ ਇਸ ਦਾ ਲਾਹਾ ਮਿਲੇਗਾ। ਪੁਲ ਬਣ ਜਾਣ ਮਗਰੋਂ ਚੀਨੀ ਫ਼ੌਜ ਨੂੰ ਉੱਤਰੀ ਅਤੇ ਦੱਖਣੀ ਕੰਢੇ ’ਤੇ ਜੁੜਨ ’ਚ ਬਹੁਤ ਘੱਟ ਸਮਾਂ ਲੱਗੇਗਾ। ਤਸਵੀਰਾਂ ’ਚ ਚੀਨੀ ਮਜ਼ਦੂਰ ਭਾਰੀ ਕਰੇਨ ਦੀ ਸਹਾਇਤਾ ਨਾਲ ਪੁਲ ਦੇ ਥੰਮ੍ਹਾਂ ਨੂੰ ਕੰਕਰੀਟ ਸਲੈਬਾਂ ਨਾਲ ਜੋੜਨ ਦੀ ਕੋਸ਼ਿਸ ਕਰ ਰਹੇ ਹਨ। ਪੁਲ ਦੀ ਉਸਾਰੀ ਦਾ ਕੰਮ ਜਿੰਨੀ ਰਫ਼ਤਾਰ ਨਾਲ ਜਾਰੀ ਹੈ, ਉਸ ਤੋਂ ਜਾਪਦਾ ਹੈ ਕਿ ਇਹ ਕੁਝ ਮਹੀਨਿਆਂ ’ਚ ਬਣ ਕੇ ਤਿਆਰ ਹੋ ਜਾਵੇਗਾ। ਹਾਲਾਂਕਿ ਖ਼ਿੱਤੇ ’ਚ ਰੁਟੋਗ ਸੜਕ ਮਾਰਗ ਤੱਕ ਪਹੁੰਚ ਲਈ ਲੰਬੀ ਉਡੀਕ ਕਰਨੀ ਪੈ ਸਕਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly