(ਸਮਾਜ ਵੀਕਲੀ)
ਖ਼ੁਦ ਨੂੰ ਪੰਜਾਬ ਦੀ ਸਿਆਸੀ/ਅਵਾਮੀ ਵਿਰਾਸਤ ਦਾ ਵਾਰਸ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਚਲੰਤ ਦੌਰ ਵਿਚ ਹੋਂਦ ਦੀ ਲੜਾਈ ਲੜਨ ਵਿਚ ਯਤਨਸ਼ੀਲ ਹੈ। ਪੰਜਾਬ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਤੇ ਅਕਾਲੀ ਦਲ ਰਾਜਭਾਗ ਤੋਂ ਬਾਹਰ ਹਨ ਤੇ ਦਿੱਲੀ ਅਧਾਰਤ ‘ਆਮ ਆਦਮੀ ਪਾਰਟੀ’ ਨੇ ਰਾਜਭਾਗ ਹਥਿਆ ਲਿਆ ਹੈ। ਦੋਵੇਂ ਰਵਾਇਤੀ ਪਾਰਟੀਆਂ ਅੰਸ਼ਕ ਵਿਰੋਧੀ ਧਿਰ ਦੇ ਕਿਰਦਾਰ ਵਿਚ ਆ ਗਈਆਂ ਹਨ।
ਜਦੋਂ ਅਕਾਲੀ ਸਫ਼ਾਂ ਦਾ ਦੌਰਾ ਕੀਤਾ ਤਾਂ ਬਹੁਤ ਸਾਰੇ ਸੀਨੀਅਰ ਆਗੂਆਂ ਨੇ ਦੱਸਿਆ ਕਿ ਅਕਾਲੀ ਦਲ (ਬਾਦਲ) ਕੋਲ ਹਮੇਸ਼ਾ ਤੋਂ ਚੋਣਾਂ ਜਿੱਤਣ ਲਈ ਪੇਂਡੂ/ਸ਼ਹਿਰੀ ਵਰਗ-ਵੰਡ ਮੁਤਾਬਕ ਮੁਕੰਮਲ ‘ਗਣਿਤ’ ਰਿਹਾ ਹੈ। ਮਸਲਨ, ਸ਼ਹਿਰੀ ਵੋਟਰਾਂ ਨੂੰ ਕਾਂਗਰਸ ਕੋਲ ਜਾਣ ਤੋਂ ਰੋਕਣ ਲਈ ਅਕਾਲੀ ਦਲ ਨੇ ਇਕ ਸਮੇਂ ‘ਜਨ ਸੰਘ’ ਨਾਲ ਸਮਝੌਤਾ ਕਰ ਲਿਆ ਸੀ। ਇਹ ਜਨਸੰਘ, ਰਾਸ਼ਟਰੀ ਸਵੈ ਸੇਵਕ ਸੰਘ ਦਾ ਸਿਆਸੀ ਪਲੈਟਫਾਰਮ ਹੁੰਦਾ ਸੀ।
ਓਹੀ ‘ਜਨਸੰਘ’ ਜਦੋਂ ਨਵੇਂ ਨਾਂ ‘ਭਾਰਤੀ ਜਨਤਾ ਪਾਰਟੀ’ ਦੇ ਨਾਂ ਹੇਠ ਜਥੇਬੰਦ ਹੋਇਆ ਤਾਂ ਅਕਾਲੀ ਦਲ (ਬ) ਨੇ ਭਾਜਪਾ ਨਾਲ ਸਮਝੌਤਾ ਕਰ ਲਿਆ, ਇਸ ਤਰ੍ਹਾਂ ਪੇਂਡੂ ਵੋਟਰਾਂ ਖ਼ਾਸਕਰ ਕਿਸਾਨਾਂ ਨੂੰ ਅਕਾਲੀ ਦਲ ਕਵਰ ਕਰਦਾ ਰਿਹਾ ਤੇ ਸ਼ਹਿਰੀ ਹਿੰਦੂਆਂ/ਸਿੱਖਾਂ ਤੇ ਹੋਰਨਾਂ ਸਮਰਥਕਾਂ ਨੂੰ ਹੱਥਾਂ ਵਿਚ ਰੱਖਣ ਲਈ ਭਾਜਪਾ ਨਾਲ ਕੀਤਾ ਸਮਝੌਤਾ ਕੰਮ ਆਉਂਦਾ ਰਿਹਾ। ਇਹੀ ‘ਚੋਣ ਗਣਿਤ’ ਦਾ ਜਾਦੂ ਸੀ ਕਿ ਅਕਾਲੀ ਦਲ ਨੇ ਕਾਂਗਰਸ ਦੀ ਪਿਛਲੀ ਸਰਕਾਰ ਤੋਂ ਪਹਿਲਾਂ, ਪੰਜ ਸਾਲ ਰਾਜ ਕਰਨ ਦੀ ਪਿਰਤ ਤੋੜ ਕੇ ਲਗਾਤਾਰ 10 ਸਾਲ ਪੰਜਾਬ ਵਿਚ ਰਾਜ ਕੀਤਾ ਸੀ।
ਪਿਛਲੇ ਸਮੇਂ ਦੌਰਾਨ ਇਕ ਤਸਵੀਰ ਮੀਡੀਆ ਸਫ਼ਾਂ ਵਿਚ ਵਾਇਰਲ ਹੁੰਦੀ ਰਹੀ ਹੈ, ਜਿਹਦੇ ਵਿਚ ਨਜ਼ਰ ਆਉਂਦਾ ਹੈ ਕਿ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਹਰਸਿਮਰਤ ਕੌਰ ਹੱਥਾਂ ਵਿਚ ਤਖ਼ਤੀਆਂ ਫੜ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਨਮੁੱਖ ਰੋਸ ਮੁਜ਼ਾਹਰਾ ਕਰ ਰਹੇ ਸਨ। ਤਖ਼ਤੀਆਂ ’ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਫ਼ੌਰੀ ਰਿਹਾਈ ਦੀ ਮੰਗ ਉੱਕਰੀ ਸੀ। ਇਸ ਰੋਸ ਮੁਜ਼ਾਹਰੇ ਮਗਰੋਂ ਸਿਆਸੀ ਵਿਸ਼ਲੇਸ਼ਕਾਂ ਨੇ ਸਵਾਲ ਖੜ੍ਹੇ ਕੀਤੇ ਸਨ ਕਿ ਜੇ ਕੇਂਦਰੀ ਹਾਕਮ ਸਾਰੇ ਸਿੱਖ ਕੈਦੀਆਂ ਨੂੰ ਸੱਚੀਂ ਰਿਹਾਅ ਕਰ ਦੇਣ ਤਾਂ ਕੀ ਅਕਾਲੀ ਦਲ ਬਾਦਲ, ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਮੰਨ ਲਵੇਗਾ, ਕਿਉਂਕਿ ਹਵਾਰਾ ਨੂੰ ‘ਸਰਬੱਤ ਖ਼ਾਲਸਾ’ ਦੇ ਚੱਬਾ ਵਿਚ ਹੋਏ ਇਕੱਠ ਦੌਰਾਨ ਜਥੇਦਾਰ ਨੀਯਤ ਕੀਤਾ ਗਿਆ ਸੀ।
ਇਵੇਂ ਹੀ ਕਈ ਹੋਰ ਬੰਦੀ ਸਿੱਖ ਵੀ ਆਪੋ-ਆਪਣੇ ਧੜਿਆਂ ਦੇ ਆਗੂ ਹਨ, ਇਹ ਸਾਰੇ ਆਗੂ ਤੇ ਕਾਰਕੁਨ ਰਵਾਇਤੀ ਅਕਾਲੀ ਦਲ (ਬਾਦਲ) ਦੇ ਵਿਚਾਰਧਾਰਕ ਵਿਰੋਧੀ ਹਨ। ਸੂੁਤਰਾਂ ਮੁਤਾਬਕ ਪੰਥਕ ਰੈਡੀਕਲ ਰਸਾਲਿਆਂ ਵਿਚ ਅਕਸਰ ਉਹ ਭਾਵਨਾਤਮਕ ਮੁੱਦੇ ਤੇ ਮਸਲੇ ਛੱਪਦੇ ਹੁੰਦੇ ਸਨ, ਜਿਹੜੇ ਕਿ ਰਵਾਇਤੀ ਅਕਾਲੀ ਦਲ ਦਾ ਆਧਾਰ ਖਿਸਕਾਉਣ ਲਈ ਮਾਹੌਲ ਪੈਦਾ ਕਰਦੇ ਸਨ। ਹੁਣ ਤਾਂ ਸੁਖਦੇਵ ਸਿੰਘ ਢੀਂਡਸਾ, ਬੀਬੀ ਜਗੀਰ ਕੌਰ ਤੇ ਹੋਰ ਸਾਥੀ ਵੀ ਪਾਰਟੀ ਦੇ ਨਾਲ ਨਹੀਂ ਹਨ। ਦੂਜੇ ਪਾਸੇ ਅਕਾਲੀ ਦਲ ਦੇ ਕਈ ਅਹੁਦੇਦਾਰ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ।
ਖ਼ੈਰ! ਪੰਜਾਬ ਉੱਤਰ ਪ੍ਰਦੇਸ਼ ਦੇ ਸੂਤਰ ਦੱਸਦੇ ਹਨ ਕਿ ਕੁਝ ਸਮਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨਾਲ ਲਟਕਵੇਂ ਸਿੱਖ ਮਸਲਿਆਂ ਬਾਰੇ ਗੱਲਬਾਤ ਕੀਤੀ ਸੀ। ਯੂ ਪੀ ਵਿਚ ਰਹਿੰਦੇ ਸਿੱਖਾਂ ਨੇ ਵੀ ਅਕਾਲੀ ਦਲ ਵੱਲ ਹੱਥ ਵਧਾਏ ਸਨ, ਜਾਪਦਾ ਹੈ ਕਿ ਪਾਰਟੀ ਲੀਡਰਸ਼ਿਪ ‘ਰਾਸ਼ਟਰੀ ਦਲ’ ਬਣਨ ਲਈ ਜੱਦੋਜਹਿਦ ਕਰ ਰਹੀ ਹੈ। ਜਦਕਿ ਭੱਖਦਾ ਸਵਾਲ ਇਹ ਹੈ ਕਿ ਕੀ ਅਕਾਲੀ ਦਲ ਬਾਦਲ, ਪੰਜਾਬ ਵਿਚ ਮੁੜ ਤੋਂ ਪੈਰ ਲਾ ਸਕੇਗਾ। ਕੀ ਰੈਡੀਕਲ ਪੰਥਕ ਨਾਅਰੇ ਸਹਾਈ ਹੋ ਸਕਣਗੇ। ਦਰਅਸਲ, ਜੇ ਆਮ ਆਦਮੀ ਪਾਰਟੀ ਨੇ ਐਲਾਨੇ ਵਾਅਦਿਆਂ ਵਿੱਚੋਂ ਅੱਧੇ ਵੀ ਨਿਭਾਅ ਦਿੱਤੇ ਤਾਂ ਰਵਾਇਤੀ ਪਾਰਟੀਆਂ ਦਾ ਸਿਰ ਚੁੱਕਣਾ ਸੁਖਾਲਾ ਨਹੀਂ ਹੋਵੇਗਾ। ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਕਾਂਗਰਸ ਤੇ ਖ਼ਾਸਕਰ ਅਕਾਲੀ ਦਲ ਲਈ ਇਕ ਨਹੀਂ ਕਈ ਚੁਣੌਤੀਆਂ ਹਨ।
ਸ਼ਹਿਰੀ ਪੇਂਡੂ ਦਾ ਰੇੜਕਾ
ਅਕਾਲੀ ਸਫ਼ਾਂ ਵਿਚ ਸ਼ਹਿਰੀ ਅਕਾਲੀ ਬਨਾਮ ਪੇਂਡੂ ਅਕਾਲੀ ਦਾ ਬੜਾ ਰੇੜਕਾ ਹੈ। ਮਸਲਨ, ਸਿੱਖ ਗੁਰੂ ਸਾਹਿਬਾਨ ਦੇ ਪੈਗ਼ਾਮ ਮੁਤਾਬਕ ਜ਼ਾਤ ਬਰਾਦਰੀਆਂ ਵੀ ਭੰਗ ਨਹੀਂ ਹੋਈਆਂ, ਬਲਕਿ ਵਧਿਆ ਹੈ। ਅਕਾਲੀ ਦਲ ਦੇ ਭਰਤੀ ਫਾਰਮ ਉੱਤੇ ਵੀ, ਜ਼ਾਤ ਬਰਾਦਰੀ ਦਾ ਕਾਲਮ ਹੈ, ਕੀ ਇਹ ਪੰਥਕ ਸੋਚ ਹੈ?
ਬਾਕੀ ਫੇਰ ਕਦੇ!
ਯਾਦਵਿੰਦਰ
ਸਰੂਪ ਨਗਰ, ਰਾਓਵਾਲੀ।
+916284336773