ਪੰਜਾਬ ਦੇ ਮੁੱਖ ਮੰਤਰੀ ਜੀ,ਸਭ ਤੋਂ ਪਹਿਲਾਂ ਪੰਜਾਬ ਦੇ ਤਿੰਨ ‘ਸੱਸੇ’ ਸੁਧਾਰੋ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਤਿੰਨ ਕੁ ਦਹਾਕਿਆਂ ਤੋਂ ਪੰਜਾਬ ਦੇ ਵਿੱਚ ਕਿਸੇ ਵੀ ਰਾਜਨੀਤਕ ਪਾਰਟੀ ਦੀ ਸਰਕਾਰ ਬਣੀ ਤਾਂ ਜਨਤਾ ਨੂੰ ਆਟੇ ਵਿੱਚ ਗੁੰਨ੍ਹ ਰਹੇ ਹਨ ਤੇ ਦਾਲ ਖਵਾ ਰਹੇ ਹਨ। ਕਦੇ ਖੰਡ ਚੀਨੀ ਤੇ ਚਾਹ ਪੱਤੀ ਦੇ ਲਾਰੇ ਲਾ ਰਹੇ ਹਨ,ਸਾਡੇ ਪੰਜਾਬ ਦੀ ਸਿੱਖਿਆ ਪਹਿਲੇ ਨੰਬਰ ਤੇ ਹੈ ਪਤਾ ਨ੍ਹੀਂ ਕਿੱਥੋਂ ਨਕਸ਼ਾ ਬਣਾ ਕੇ ਲਿਆ ਰਹੇ ਹਨ।ਅਸਲੀਅਤ ਪੰਜਾਬ ਦੀ ਕੀ ਹੈ ਕਦੇ ਕਿਸੇ ਨੇ ਆ ਕੇ ਝਾਤ ਨਹੀਂ ਮਾਰੀ,ਬਸ ਬਿਜਲਈ ਤੇ ਪ੍ਰਿੰਟ ਮੀਡੀਆ ਤੇ ਮਾਣ ਤੇ ਸ਼ਾਨ ਨਾਲ ਇਸ਼ਤਿਹਾਰ ਦਿੱਤੇ ਜਾਂਦੇ ਹਨ।ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਹਰ ਚੌਕ ਤੇ ਮੋੜਾਂ ਤੇ ਵੱਡੇ ਵੱਡੇ ਇਸ਼ਤਿਹਾਰ ਲਗਾਏ ਜਾ ਰਹੇ ਹਨ।ਪਰ ਪੰਜਾਬ ਦੇ ਵਿੱਚ ਤਿੰਨ’ਸੱਸੇ’ ਵੈਂਟੀਲੇਟਰ ਤੇ ਆਖ਼ਰੀ ਸਾਹ ਲੈ ਰਹੇ ਹਨ।ਸਿੱਖਿਆ ਸਿਹਤ ਤੇ ਸਰਵਿਸ (ਨੌਕਰੀਆਂ ਤੇ ਪ੍ਰਸ਼ਾਸਨ ਦਾ ਕੰਮਕਾਰ)ਇਸ ਦੇ ਹਾਲਾਤ ਕੀ ਹਨ।

ਸਿਹਤ ਦਾ ਮੁੱਖ ਅਧਾਰ ਹਸਪਤਾਲ ਸਫ਼ਾਈ ਡਾਕਟਰ ਤੇ ਦਵਾਈਆਂ ਤੋਂ ਸੱਖਣੇ,ਸਕੂਲ ਅਧਿਆਪਕਾਂ ਤੋਂ ਸੱਖਣੇ,ਸਰਵਿਸ ਨੌਕਰੀਆਂ ਲਈ ਸਾਡੇ ਨੌਜਵਾਨ ਸੜਕਾਂ ਤੇ ਡੰਡੇ ਖਾ ਰਹੇ ਹਨ।ਪ੍ਰਸ਼ਾਸਨ ਸਿਰਫ਼ ਨਾਮ ਦਾ ਹੈ,ਜਿੱਥੇ ਪਹੁੰਚ ਸਿਰਫ਼ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਦੀ ਹੈ ਜਨਤਾ ਨੂੰ ਕੋਈ ਪੁੱਛਦਾ ਨਹੀਂ।ਫਲੈਕਸ ਥਾਂ ਥਾਂ ਤੇ ਸਰਕਾਰਾਂ ਵੱਲੋਂ ਲਗਾ ਕੇ,ਪੰਜਾਬ ਲਈ ਕੀਤੇ ਕੰਮ ਕਾਜ ਨਹੀਂ ਦੱਸੇ ਜਾਂਦੇ,ਸਿਰਫ਼ ਪ੍ਰਧਾਨ,ਸਕੱਤਰ ਦੀਆਂ ਵਧਾਈਆਂ ਹੁੰਦੀਆਂ ਹਨ।ਜਿਹੜੀ ਵੀ ਰਾਜਨੀਤਕ ਪਾਰਟੀ ਕੁਰਸੀ ਤੇ ਸੁਸ਼ੋਭਿਤ ਹੁੰਦੀ ਹੈ ਉਸ ਨੂੰ ਪਤਾ ਨਹੀਂ ਲੱਗਦਾ ਕਿ ਇਹ ਫਲੈਕਸ ਵੀ ਜਨਤਾ ਦੀ ਜੇਬ ਵਿੱਚੋਂ ਹੀ ਨਿਕਲਦੇ ਹਨ।

ਪੰਜਾਬ ਦੇ ਨਵੇਂ ਸਥਾਪਤ ਹੋਏ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੋ ਪੜ੍ਹਾਈ ਵਿੱਚ ਬਹੁਤ ਉੱਚ ਸਿੱਖਿਆ ਪ੍ਰਾਪਤ ਹਨ,ਆਮ ਜਨਤਾ ਵਿੱਚ ਜਾਣ ਦਾ ਜੇਰਾ ਰੱਖਦੇ ਹਨ।ਸਾਡੀ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਨੇੜੇ ਹਨ ਕੁਝ ਗਿਣਤੀ ਦੇ ਦਿਨ ਹੀ ਹਨ ਜਿਸ ਲਈ ਪੰਜਾਬ ਸਰਕਾਰ ਪੰਜਾਬ ਦੀ ਤਰੱਕੀ ਲਈ ਕੁਝ ਵੀ ਕਰ ਸਕਦੀ ਹੈ।ਸਭ ਤੋਂ ਮੁੱਖ ਹੈ ਸਾਡੇ ਹਸਪਤਾਲ ਸਕੂਲ ਤੇ ਅਨੇਕਾਂ ਹਰ ਸਰਕਾਰੀ ਅਦਾਰੇ ਵਿੱਚ ਕੁਰਸੀਆਂ ਸਾਲਾਂ ਤੋਂ ਖਾਲੀ ਪਈਆਂ ਹਨ।ਸਾਡੀ ਉੱਚ ਡਿਗਰੀਆਂ ਪ੍ਰਾਪਤ ਨੌਜਵਾਨ ਪੀਡ਼੍ਹੀ ਨੌਕਰੀ ਭੀਖ ਦੀ ਤਰ੍ਹਾਂ ਮੰਗ ਰਹੀ ਹੈ,ਨੌਕਰੀ ਤਾਂ ਨਹੀਂ ਮਿਲਦੀ ਉਲਟਾ ਡੰਡਾ ਪਰੇਡ ਕੀਤੀ ਜਾਂਦੀ ਹੈ।

ਇਹ ਨੌਕਰੀ ਵਾਲਾ ਮੁੱਦਾ ਹੱਲ ਕਰਨਾ ਬੇਹੱਦ ਜ਼ਰੂਰੀ ਹੈ,ਜਿਸ ਦੀ ਪੂਰਤੀ ਲਈ ਕਿਸੇ ਵੀ ਸਰਕਾਰ ਨੂੰ ਮਹੀਨਿਆਂ ਦੀ ਦੀ ਖ਼ਾਸ ਜ਼ਰੂਰਤ ਨਹੀਂ ਸਿਰਫ਼ ਮਿੰਟਾਂ ਸਕਿੰਟਾਂ ਵਿੱਚ ਯੋਗ ਉਮੀਦਵਾਰਾਂ ਦੀ ਭਰਤੀ ਲਈ ਅਰਜ਼ੀਆਂ ਮੰਗ ਕੇ ਸੀਟਾਂ ਭਰ ਦੇਣੀਆਂ ਚਾਹੀਦੀਆਂ ਹਨ।ਜਿਸ ਨਾਲ ਸਿਹਤ ਤੇ ਸਿੱਖਿਆ ਦਾ ਆਧਾਰ ਆਪਣੇ ਆਪ ਮਜ਼ਬੂਤ ਹੋ ਜਾਵੇਗਾ।ਬਿਜਲੀ ਦੀਆਂ ਯੂਨਿਟਾਂ ਮੁਫ਼ਤ ਦੇਣਾ,ਆਟਾ ਦਾਲ ਮੁਫ਼ਤ,ਤੇ ਹੋਰ ਅਨੇਕਾਂ ਸਬਸਿਡੀਆਂ ਸਿਰਫ਼ ਵਿਖਾਵਾਕਾਰੀ ਤੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਹੀ ਹੁੰਦੀਆਂ ਹਨ ਆਮ ਜਨਤਾ ਤਕ ਇਸ ਦਾ ਕੋਈ ਫ਼ਾਇਦਾ ਅੱਜ ਤੱਕ ਪਹੁੰਚਿਆ ਨਹੀਂ ਤੇ ਪਹੁੰਚੇਗਾ ਵੀ ਨਹੀਂ। ਕੋਰੋਨਾ ਮਹਾਂਮਾਰੀ ਕਾਰਨ ਸਿੱਖਿਆ ਤੇ ਸਿਹਤ ਦਾ ਪੱਧਰ ਪੰਜਾਬ ਵਿੱਚ ਬਹੁਤ ਥੱਲੇ ਆ ਗਿਆ ਹੈ,ਹੁਣ ਇਸ ਨੂੰ ਉੱਪਰ ਲੈ ਕੇ ਜਾਣ ਲਈ ਸਕੂਲ ਤੇ ਹਸਪਤਾਲਾਂ ਵਿਚ ਸਾਰੇ ਮੁਲਾਜ਼ਮਾਂ ਦੀ ਭਰਤੀ ਅਤਿ ਜ਼ਰੂਰੀ ਹੈ।ਕੁਝ ਕੁ ਸਾਲਾਂ ਤੋਂ ਬਿਨਾਂ ਮਤਲਬ ਸਕੂਲਾਂ ਦੀਆਂ ਕੰਧਾਂ ਨੂੰ ਰੰਗ ਬਰੰਗੀਆਂ ਬਣਾਉਣਾ ਤੇ ਬਿਨਾਂ ਇਮਤਿਹਾਨ ਲਏ ਬੱਚਿਆਂ ਨੂੰ ਪਾਸ ਕਰ ਦੇਣਾ,ਇਸ ਨਾਲ ਸਕੂਲਾਂ ਦੀ ਕੋਈ ਤਰੱਕੀ ਨਹੀਂ ਤੇ ਬੱਚਿਆਂ ਦਾ ਰੌਸ਼ਨ ਭਵਿੱਖ ਵੀ ਨਹੀਂ।

ਪੰਜਾਬ ਵਿੱਚ ਸਿੱਖਿਆ ਦਾ ਪੱਧਰ ਜਿਵੇਂ ਜਿਵੇਂ ਥੱਲੇ ਜਾ ਰਿਹਾ ਹੈ ਸਾਡੇ ਭਵਿੱਖ ਨੂੰ ਸੰਵਾਰਨ ਵਾਲੀ ਨੌਜਵਾਨੀ ਵਿਦੇਸ਼ਾਂ ਵੱਲ ਨੂੰ ਵਹੀਰਾਂ ਘੱਤ ਰਹੀ ਹੈ।ਪੰਜਾਬ ਵਿੱਚ ਹੋਰ ਵੀ ਅਨੇਕਾਂ ਮੁੱਦੇ ਹਨ ਜੋ ਉਲਝੇ ਹੋਏ ਹਨ।ਜਿਸ ਨੂੰ ਸੰਵਾਰਨ ਲਈ ਸਰਕਾਰ ਤੇ ਜਨਤਾ ਪੂਰਨ ਰੂਪ ਵਿੱਚ ਮਿਲ ਕੇ ਹੀ ਕੋਈ ਸਹੀ ਰਸਤਾ ਲੱਭ ਸਕਦੀ ਹੈ।ਸਰਕਾਰ ਆਪਣੀਆਂ ਕੁਰਸੀਆਂ ਦਾ ਜੁਗਾੜ ਕਰ ਰਹੀ ਹੈ ਜਨਤਾ ਸਿੱਖਿਆ ਸਿਹਤ ਤੇ ਨੌਕਰੀ ਮੰਗ ਰਹੀ ਹੈ।ਸਾਡੀਆਂ ਸਰਕਾਰਾਂ ਦੋ ਤਿੰਨ ਦਹਾਕਿਆਂ ਤੋਂ ਜਨਤਾ ਨੂੰ ਚੁੱਪ ਕਰਾਉਣ ਲਈ ਇਕ ਨਵਾਂ ਰਾਗ ਅਲਾਪ ਰਹੀਆਂ ਹਨ ਖ਼ਜ਼ਾਨਾ ਖਾਲੀ ਹੈ।ਜਨਤਾ ਜਾ ਕੇ ਖਜ਼ਾਨਾ ਵੇਖ ਤਾਂ ਨਹੀਂ ਸਕਦੀ ਪਰ ਭਰਨ ਦਾ ਮਾਦਾ ਪੰਜਾਬ ਦੀ ਜਨਤਾ ਵਿਚ ਪੂਰਨ ਰੂਪ ਵਿੱਚ ਰੱਖਦੀ ਹੈ। ਪਰ ਜ਼ਰੂਰੀ ਹੈ ਸਿੱਖਿਆ,ਸਿਹਤ,ਸਰਵਿਸ ਜਿਸ ਵਿੱਚ ਸਥਾਨਕ ਪ੍ਰਸ਼ਾਸਨ ਵੀ ਆਉਂਦਾ ਹੈ।ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸੋ ਕਿ ਤੁਹਾਨੂੰ ਤਨਖਾਹ ਏ ਸੀ ਕਮਰਿਆਂ ਵਿੱਚ ਬੈਠਣ ਲਈ ਨਹੀਂ,ਇਹ ਲੋਕ ਸੇਵਾ ਲਈ ਹੈ।ਉੱਚ ਅਧਿਕਾਰੀਆਂ ਨੂੰ ਆਮ ਜਨਤਾ ਲਈ ਇੱਕ ਦਿਨ ਆਪਣੇ ਵਿਚਾਰ ਤੇ ਮੰਗਾਂ ਦੀ ਪੂਰਤੀ ਲਈ ਆਪਣੇ ਦਫ਼ਤਰ ਵਿੱਚ ਮੀਟਿੰਗ ਬੁਲਾਉਣ ਦਾ ਦਿਨ ਨਿਸ਼ਚਿਤ ਕਰਨਾ ਚਾਹੀਦਾ ਹੈ।

ਅਤੇ ਹਫਤੇ ਵਿਚ ਇਕ ਦਿਨ ਹਰ ਸ਼ਹਿਰ ਜਾਂ ਪਿੰਡ ਵਿੱਚ ਜਾ ਕੇ ਜਨਤਾ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਵੱਖ ਵੱਖ ਕਰਜ਼ੇ ਪੈਨਸ਼ਨਾਂ ਤੇ ਸਰਕਾਰੀ ਥਾਵਾਂ ਤੇ ਕਬਜ਼ੇ ਕਰਵਾਉਣੇ,ਇਹ ਜਨਤਾ ਨੂੰ ਭਿਖਾਰੀ ਬਣਾਉਣ ਤੇ ਵੋਟ ਬੈਂਕ ਮਜ਼ਬੂਤ ਕਰਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ।ਇੱਕ ਹੋਰ ਗੱਲ ਪੱਕੀ ਹੈ ਇਸ ਨਾਲ ਪੰਜਾਬ ਦੇ ਕੁਝ ਕੁ ਜਨਤਾ ਨੂੰ ਵੀ ਫਾਇਦਾ ਹੋਵੇਗਾ,ਬਾਕੀ ਲੋਕ ਕਿੱਧਰ ਨੂੰ ਜਾਣਗੇ।ਤੁਸੀਂ ਪੰਜਾਬ ਦੇ ਤਿੰਨੋਂ ‘ਸੱਸੇ’ ਪੂਰਨ ਰੂਪ ਵਿਚ ਸੁਧਾਰੋ।ਸ੍ਰੀਮਾਨ ਜੀ ਇਹ ਜੋ ਤਿੰਨ ‘ਸੱਸੇ’ ਹਨ।ਇਸ ਲਈ ਤੁਰੰਤ ਲੱਖਾਂ ਕਰੋੜਾਂ ਦੇ ਬਜਟ ਦੀ ਜ਼ਰੂਰਤ ਨਹੀਂ,ਚੰਗੀ ਸਿਹਤ ਵਾਲੇ ਪੰਜਾਬ ਲਈ ਚੰਗਾ ਤੇ ਉੱਤਮ ਕੰਮ ਕਰਨਗੇ,ਚੰਗੀ ਤੇ ਉੱਚ ਸਿੱਖਿਆ ਸਾਡੇ ਲਈ ਹਰ ਤਰ੍ਹਾਂ ਦੇ ਮੁਲਾਜ਼ਮ ਤੇ ਵਰਕਰ ਤਿਆਰ ਕਰੇਗੀ,ਇਹ ਉਪਰੋਕਤ ਦੋਨੋਂ ‘ਸੱਸੇ’ ਭਰਭੂਰ ਜਨਤਾ ਵੱਖ ਵੱਖ ਥਾਵਾਂ ਤੇ ਨੌਕਰੀਆਂ ਕਰੇਗੀ ਤੇ ਟੈਕਸ ਭਰੇਗੀ।ਜਿਸ ਨਾਲ ਪੰਜਾਬ ਦਾ ਖ਼ਾਲੀ ਕੀਤਾ ਹੋਇਆ ਖਜ਼ਾਨਾ ਨੱਕੋ ਨੱਕ ਭਰ ਜਾਵੇਗਾ।ਇੱਧਰ ਉੱਧਰ ਦੇ ਦੌਰੇ ਬੰਦ ਕਰ ਕੇ ਪੰਜਾਬ ਨੂੰ ਤਿੰਨ ‘ਸੱਸੇ’ਭਰਪੂਰ ਸੂਬਾ ਬਣਾਓ,ਸਾਡੇ ਪੰਜਾਬ ਦਾ ਭਵਿੱਖ ਉੱਜਵਲ ਬਣਾਓ-ਆਮੀਨ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਮੁੱਖ ਮੰਤਰੀ ਜੀ,ਸਭ ਤੋਂ ਪਹਿਲਾਂ ਪੰਜਾਬ ਦੇ ਤਿੰਨ ‘ਸੱਸੇ’ ਸੁਧਾਰੋ
Next articleSAFF Championship: India beat Nepal 3-0 in final, lift eighth title