HOME ਰਾਣੀ ਦੇ ਸਿੱਕਿਆਂ ’ਤੇ ਵਿਵਾਦ

ਰਾਣੀ ਦੇ ਸਿੱਕਿਆਂ ’ਤੇ ਵਿਵਾਦ

ਕੈਪਸਨ:- ਮਰਹੂਮ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਸ਼ਕਲ ਵਾਲੇ ਸਿੱਕੇ। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਮਰਹੂਮ ਬਰਤਾਨਵੀ ਸਮਰਾਟ੍ਰੀ ਰਾਣੀ ਐਲਿਜ਼ਾਬੈਥ ਦੂਜੀ ਦੀ ਯਾਦ ਵਿੱਚ ਜਾਰੀ ਕੀਤੇ ਨਵੇਂ ਯਾਦਗਾਰੀ ਸਿੱਕਿਆਂ ਨੇ ਆਸਟ੍ਰੇਲੀਆ ਅਤੇ ਬਰਤਾਨੀਆ ਸਮੇਤ ਕਈ ਦੇਸ਼ਾਂ ਵਿੱਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਲੋਕਾਂ ਨੇ ਇਨ੍ਹਾਂ ਸਿੱਕਿਆਂ ’ਚ ਬਣਾਈ ਗਈ ਰਾਣੀ ਦੀ ਸ਼ਕਲ ’ਤੇ ਕੜੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਚਿਹਰਾ ਅਸਲ ਨਾਲ ਮੇਲ ਨਹੀਂ ਖਾਂਦਾ ਅਤੇ ਕਈਆਂ ਨੇ ਤਾਂ ਇਸਦੀ ਤੁਲਨਾ ਕਾਰਟੂਨ ਕਿਰਦਾਰ ‘ਸ਼੍ਰੈਕ’ ਨਾਲ ਤੱਕ ਕਰ ਦਿੱਤੀ ਹੈ। ਇਹ ਦੋ ਯਾਦਗਾਰੀ ਸਿੱਕੇ ਰਾਇਲ ਆਸਟ੍ਰੇਲੀਆਨ ਮਿੰਟ ਵੱਲੋਂ ਜਾਰੀ ਕੀਤੇ ਗਏ ਹਨ, ਜੋ ਰਾਣੀ ਐਲਿਜ਼ਾਬੈਥ ਦੂਜੀ ਦੇ ਜਨਮ ਦੇ 100 ਸਾਲ ਪੂਰੇ ਹੋਣ ਦੀ ਯਾਦ ਵਿੱਚ ਤਿਆਰ ਕੀਤੇ ਗਏ। ਮਿੰਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਸਿੱਕੇ ਰਾਣੀ ਦੀ ‘ਲੰਮੀ ਸੇਵਾ, ਸਮਰਪਣ ਅਤੇ ਮਨੁੱਖਤਾ ਲਈ ਕੀਤੇ ਗਏ ਅਦਭੁਤ ਯੋਗਦਾਨ’ ਨੂੰ ਸਮਰਪਿਤ ਹਨ। ਹਾਲਾਂਕਿ ਸਿੱਕੇ ਜਾਰੀ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਤਸਵੀਰਾਂ ਵਾਇਰਲ ਹੋ ਗਈਆਂ, ਜਿੱਥੇ ਲੋਕਾਂ ਨੇ ਕਿਹਾ ਕਿ ਰਾਣੀ ਦੇ ਚਿਹਰੇ ਦੇ ਨਕਸ਼ ਨਾਹ ਤਾਂ ਸੁਭਾਅਕ ਲੱਗਦੇ ਹਨ ਅਤੇ ਨਾਹ ਹੀ ਉਨ੍ਹਾਂ ਦੀ ਸ਼ਖਸੀਅਤ ਨੂੰ ਦਰਸਾਉਂਦੇ ਹਨ। ਕਈ ਉਪਭੋਗਤਾਵਾਂ ਨੇ ਟਿੱਪਣੀ ਕੀਤੀ ਕਿ ਇਹ ਚਿਹਰਾ ‘ਦੀਵਾਰ ਨਾਲ ਟੱਕਰ ਮਾਰ ਕੇ ਆਏ ਵਿਅਕਤੀ ਵਰਗਾ’ ਲੱਗਦਾ ਹੈ, ਜਦਕਿ ਕੁਝ ਨੇ ਇਸਨੂੰ ਸਿੱਧੀ ਤੌਰ ’ਤੇ ਅਪਮਾਨਜਨਕ ਕਰਾਰ ਦਿੱਤਾ। ਇਤਿਹਾਸਕਾਰਾਂ ਅਤੇ ਸ਼ਾਹੀ ਪਰਿਵਾਰ ਨਾਲ ਜੁੜੇ ਮਾਹਿਰਾਂ ਦਾ ਮੰਨਣਾ ਹੈ ਕਿ ਰਾਣੀ ਐਲਿਜ਼ਾਬੈਥ ਦੂਜੀ ਦੁਨੀਆ ਦੀ ਸਭ ਤੋਂ ਪਛਾਣੀ ਜਾਣ ਵਾਲੀ ਸ਼ਖਸੀਅਤਾਂ ’ਚੋਂ ਇੱਕ ਰਹੀ ਹੈ, ਇਸ ਲਈ ਉਨ੍ਹਾਂ ਦੀ ਤਸਵੀਰ ਜਾਂ ਨਕਸ਼ੇਬੰਦੀ ਕਰਦੇ ਸਮੇਂ ਬਹੁਤ ਸੰਵੇਦਨਸ਼ੀਲਤਾ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਯਾਦਗਾਰੀ ਸਿੱਕੇ ਸਿਰਫ਼ ਧਾਤੂ ਨਹੀਂ, ਸਗੋਂ ਇਤਿਹਾਸ ਦਾ ਹਿੱਸਾ ਹੁੰਦੇ ਹਨ। ਉਧਰ ਰਾਇਲ ਆਸਟ੍ਰੇਲੀਆਨ ਮਿੰਟ ਨੇ ਆਲੋਚਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਸਿੱਕਿਆਂ ਦਾ ਡਿਜ਼ਾਇਨ ਕਲਾਤਮਕ ਸੋਚ ਅਤੇ ਇਤਿਹਾਸਕ ਪ੍ਰਤੀਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਮਿੰਟ ਦੇ ਅਧਿਕਾਰੀਆਂ ਅਨੁਸਾਰ, ਹਰ ਵਿਅਕਤੀ ਦੀ ਰਾਏ ਵੱਖਰੀ ਹੋ ਸਕਦੀ ਹੈ ਅਤੇ ਕਲਾ ਸਦਾ ਚਰਚਾ ਦਾ ਵਿਸ਼ਾ ਰਹੀ ਹੈ। ਰਾਜਨੀਤਿਕ ਅਤੇ ਸਮਾਜਿਕ ਵਰਗਾਂ ਵਿੱਚ ਵੀ ਇਹ ਮਾਮਲਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕਈ ਲੋਕਾਂ ਦਾ ਕਹਿਣਾ ਹੈ ਕਿ ਰਾਣੀ ਵਰਗੀ ਮਹਾਨ ਸ਼ਖਸੀਅਤ ਦੀ ਯਾਦ ਵਿੱਚ ਜਾਰੀ ਸਿੱਕੇ ਹੋਰ ਜ਼ਿਆਦਾ ਸਨਮਾਨ ਅਤੇ ਗੰਭੀਰਤਾ ਨਾਲ ਤਿਆਰ ਹੋਣੇ ਚਾਹੀਦੇ ਸਨ। ਫਿਲਹਾਲ, ਇਹ ਵਿਵਾਦ ਥਮਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਹ ਦੇਖਣਾ ਬਾਕੀ ਹੈ ਕਿ ਮਿੰਟ ਵੱਲੋਂ ਇਸ ਮਾਮਲੇ ’ਚ ਕੋਈ ਤਬਦੀਲੀ ਜਾਂ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਜਾਂ ਨਹੀਂ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਸੰਗੀਤ ਜਗਤ ਦੇ ਮਾਣਮੱਤੇ ਚਰਚਿਤ ਲੋਕ ਗਾਇਕ “ਮੀਤ ਸੰਧਵਾਂ ਜੀ” ਦਾ ਸਿੰਗਲ ਟਰੈਕ ” ਵਾਈਪਨ ਮਰਚੈਂਟ” ਕੀਤਾ ਲੋਕ ਅਰਪਣ
Next articleਚੀਫ਼ ਆਫ਼ ਸਟਾਫ਼ ਦਾ ਅਸਤੀਫ਼ਾ, ਸਰਕਾਰ ਹਿਲੀ