ਪੁੱਠਾ ਪੰਗਾ ਲ਼ੈ ਲਿਆ ਵੈਦ ਜੀ

ਵੈਦ ਬਲਵਿੰਦਰ ਸਿੰਘ ਢਿੱਲੋ
ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਪਿੰਡਾਂ ਵਿਚ ਛੋਟੀਆਂ ਵੱਡੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ। ਕਿਧਰੇ ਛੋਟੇ ਮੋਟੇ ਬੱਚਿਆਂ ਦੇ ਝੱਗੜੇ, ਕਿਧਰੇ ਖੇਤਾਂ ਵਿਚੋਂ ਕੋਈ ਕਿਸੇ ਦਾ ਕੁਛ ਚੁੱਕਿਆ ਜਾਣਾ, ਕਿਸੇਵਦਾ ਨੌਕਰ ਭੱਜ ਜਾਣਾ ਵਗੈਰਾ। ਇਸੇ ਕੰਮ ਲਈ ਪੰਚਾਇਤਾਂ ਬਣੀਆਂ ਹੁੰਦੀਆਂ ਕਿ ਸਾਰੇ ਝੱਗੜੇ ਥਾਣੇ ਵਗੈਰਾ ਨਾ ਜਾਣ ਤੇ ਇੱਥੇ ਹੀ ਨਿਪਟਾ ਲਏ ਜਾਣ। ਪਰ ਫਿਰ ਵੀ ਕੁਛ ਮਾਮਲੇ ਪ੍ਰਵਾਹਰੇ ਹੋ ਕੇ ਥਾਣੇ ਪਹੁੰਚ ਹੀ ਜਾਂਦੇ ਹਨ।
                2008 ਦੀ ਪੰਚਾਇਤ ਵੇਲੇ ਮੇਰੀ ਘਰਵਾਲੀ ਪੰਚਾਇਤ ਮੈਂਬਰ ਸੀ। ਤੇ ਕੁਦਰਤੀ ਅਸੀਂ 2009 ਵਿਚੋਂ ਬੱਚਿਆਂ ਦੀ ਪੜਾਈ ਦੇ ਕਾਰਨ ਸੁਨਾਮ ਸ਼ਿਫਟ ਹੋ ਗਏ। ਉੱਥੇ ਪਿੰਡ ਵਿਚ ਇੱਕ ਛੋਟੀ ਜਿਹੀ ਲੜਾਈ ਹੋਣ ਤੇ  ਜਿਵੇਂ ਆਮ ਹੀ ਹੁੰਦਾ ਹੈ, ਦੋਹਵੇਂ ਧਿਰਾਂ ਹਸਪਤਾਲ ਦਾਖਲ ਹੋ ਗਈਆਂ। ਤੇ ਦੂਸਰਾ ਪੰਚਾਇਤੀ ਤੌਰ ਤੇ ਸਭ ਜਾਣਦੇ ਹੀ ਹਨ ਕਿ ਜੇਕਰ ਔਰਤ ਮੈਂਬਰ ਹੋਵੇ ਤਾਂ ਉਸਦੀ ਜਗ੍ਹਾ ਉਸਦਾ ਘਰਵਾਲਾ ਹੀ ਪੰਚਾਇਤ ਵਿਚ ਜੰਦਾ ਹੈ। ਇਹ ਆਮ ਹੀ ਹੈ।
             ਅਸਲ ਗੱਲ ਇਸ਼ਕ ਤੋਂ ਸ਼ੁਰੂ ਹੁੰਦੀ ਹੈ। ਕਹਾਵਤ ਹੈ ਕਿ ਯਾਰੀ ਲੱਗੀ ਤੋਂ ਲਵਾ ਦਿੱਤੇ ਤਖ਼ਤੇ ਤੇ ਟੁੱਟੀ ਤੋਂ ਚੁਗਾਠ ਪੁੱਟ ਲਈ। ਦੋਹਵੇਂ ਪਾਸੇ ਵਾਲੇ ਵਿਆਹੇ ਹੋਏ ਸਨ। ਯਾਰੀ ਪੁਰਾਣੀ ਸੀ। ਪਰ ਵਿਗਾੜ ਆਉਂਦੇ ਸਮਾਂ ਨਹੀਂ ਲਗਦਾ। ਕੁਛ ਅਜਿਹੀ ਗੱਲ ਸਮਾਜ ਵਿਚ ਖੁੱਲ੍ਹ ਕੇ ਕਹਿਣੀ ਔਖੀ ਵੀ ਹੁੰਦੀ ਹੈ। ਹਸਪਤਾਲ ਵਿਚ ਮੁੰਡੇ ਦਾ ਪਤਾ ਲੈਣ ਆਇਆ ਇੱਕ ਰਿਸ਼ਤੇਦਾਰ ਸਾਡੇ ਨਾਲ ਗੱਲੀਂ ਲੱਗ ਗਿਆ। ਉਹਨੇ ਅਜਿਹੇ ਪਿਆਰ ਨਾਲ ਗੱਲਾਂ ਕੀਤੀਆਂ ਕਿ ਅਸੀਂ ਤਾਂ ਉਸਨੂੰ ਸਾਰੀ ਕਹਾਣੀ ਹੂਬਹੂ ਦੱਸ ਦਿੱਤੀ। ਭਾਵੇਂ ਕੋਈ ਮੰਨੇ ਨਾ ਮੰਨੇ, ਪਰ ਮੇਰੇ ਵਰਗੇ ਹਰ ਆਦਮੀ ਨਾਲ ਉੱਠਣ ਬੈਠਣ ਵਾਲੇ ਕੋਲ ਅਜਿਹੀ ਹਰ ਕਹਾਣੀ ਦਾ ਪੂਰਾ ਪਿਛੋਕੜ ਹੁੰਦਾ ਹੈ। ਅਸੀਂ ਗੱਲਾਂ ਗੱਲਾਂ ਵਿਚ ਸਭ ਉਸਨੂੰ ਦੱਸ ਦਿੱਤਾ।
      ਜਦ ਥੋੜ੍ਹੇ ਸਮੇਂ ਬਾਅਦ ਦੋਹਵੇਂ ਧਿਰਾਂ ਇਕੱਠੀਆਂ ਹੋਈਆਂ। ਦੋਹਵਾਂ ਨੇ ਇੱਕ ਦੂਜੇ ਤੇ ਇਲਜ਼ਾਮ ਲਗਾਏ ਤਾਂ ਉਹ ਰਿਸ਼ਤੇਦਾਰ ਸਾਹਮਣੇ ਆ ਗਿਆ ਤੇ ਉਸਨੇ ਕਿਹਾ ਕਿ ਸੱਚ ਮੈਂ ਦੱਸਦਾ ਹਾਂ। ਉਸਨੇ ਪੂਰੀ ਕਹਾਣੀ ਇੱਕ ਫਿਲਮ ਦੀ ਸਕ੍ਰਿਪਟ ਦੀ ਤਰਾਂ ਪੜ੍ਹ ਦਿੱਤੀ। ਫਿਰ ਤਾਈਦ ਕਰਵਾਉਣ ਲਈ ਪਿੰਡ ਦੇ ਮੁੰਡਿਆਂ ਵੱਲ ਬੋਲਿਆ, ਦੱਸੋ ਜਵਾਨੋ ਇਹੀ ਗੱਲ ਹੈ ਨਾ ? ਉਹਨਾਂ ਵਿਚੋਂ ਕੋਈ ਨਾ ਬੋਲਿਆ ਤਾਂ ਫਿਰ ਉਹ ਮੈਨੂੰ ਮੁਖ਼ਾਤਿਬ ਹੋਇਆ, ਹਾਂ ਵੈਦ ਜੀ, ਤੁਹਾਡਾ ਕੀ ਖਿਆਲ ਹੈ ? ਮੈਂ ਬੜੇ ਅਰਾਮ ਨਾਲ ਕਿਹਾ, ਮੈਨੂੰ ਪਿੰਡ ਬਾਰੇ ਕੀ ਪਤਾ ? ਮੈਂ ਤਾਂ ਸੁਨਾਮ ਰਹਿੰਦਾ ਹਾਂ। ਉਹ ਆਦਮੀ ਮੇਰੇ ਵੱਲ ਬੜੀ ਹੈਰਾਨੀ ਨਾਲ ਝਾਕਿਆ, ਤੇ ਮੈਂ ਹੌਲੀ ਦੇਣੇ ਖਿਸਕਣਾ ਹੀ ਸਹੀ ਸਮਝਿਆ। ਪਰ ਅਸੀਂ ਦੂਸਰੇ ਦਿਨ ਸਮਝੌਤਾ ਕਰਵਾ ਹੀ ਦਿੱਤਾ। ਕਈ ਵਾਰ ਸੱਚ ਜਾਣਦੇ ਹੋਏ ਵੀ ਲੁਕਾਉਣਾ ਪੈਂਦਾ, ਹਲਾਤ ਹੀ ਅਜਿਹੇ ਹੋ ਨਿੱਬੜਦੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj   
Previous articleਬੌਧਗਯਾ ਟੈਂਪਲ ਐਕਟ 1949 ਤੇ ਸੈਮੀਨਾਰ 27 ਜਨਵਰੀ ਨੂੰ ਏਆਈਬੀਐਫ ਦੇ ਜਨਰਲ ਸਕੱਤਰ ਆਕਾਸ਼ ਲਾਮਾ ਹੋਣਗੇ ਮੁੱਖ ਬੁਲਾਰੇ
Next article*ਚੰਨ ਵਿਆਹੁਣ ਤੋਂ ਬਾਅਦ ….*