ਪਾਕਿਸਤਾਨ ਦੇ ਮਦਰੱਸੇ ਵਿੱਚ ਧਮਾਕਾ, ਅੱਠ ਬੱਚਿਆਂ ਦੀ ਮੌਤ, 120 ਤੋਂ ਵੱਧ ਜ਼ਖ਼ਮੀ

ਪਿਸ਼ਾਵਰ (ਸਮਾਜ ਵੀਕਲੀ) : ਉਤਰ-ਪੱਛਮੀ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿੱਚ ਇੱਕ ਮਦਰੱਸੇ ਵਿੱਚ ਅੱਜ ਇੱਕ ਸ਼ਕਤੀਸ਼ਾਲੀ ਬੰਬ ਧਮਾਕਾ ਹੋਇਆ, ਜਿਸ ਵਿੱਚ ਅੱਠ ਬੱਚਿਆਂ ਦੀ ਮੌਤ ਹੋ ਗਈ, ਜਦੋਂਕਿ 120 ਤੋਂ ਵੱਧ ਜ਼ਖ਼ਮੀ ਹੋ ਗਏ। ਪਿਸ਼ਾਵਰ ਪੁਲੀਸ ਮੁਖੀ ਮੁਹੰਮਦ ਅਲੀ ਖ਼ਾਨ ਨੇ ਮੀਡੀਆ ਨੂੰ ਦੱਸਿਆ ਕਿ ਪਿਸ਼ਾਵਰ ਸ਼ਹਿਰ ਦੀ ਦੀਰ ਕਾਲੋਨੀ ਵਿੱਚ ਸਥਿਤ ਮਦਰੱਸੇ ਵਿੱਚ ਸਵੇਰ ਦੀ ਨਮਾਜ਼ ਮਗਰੋਂ ਧਮਾਕਾ ਹੋਇਆ।

ਕਿਸੇ ਅਣਪਛਾਤੇ ਵਿਅਕਤੀ ਨੇ ਧਮਾਕਾਖੇਜ ਸਮੱਗਰੀ ਨਾਲ ਭਰਿਆ ਬੈਗ ਮਦਰੱਸੇ ਦੀ ਕੰਧ ਕੋਲ ਰੱਖਿਆ ਸੀ। ਧਮਾਕੇ ਵਿੱਚ ਅੱਠ ਬੱਚਿਆਂ ਦੀ ਮੌਤ ਹੋ ਗਈ ਅਤੇ 120 ਤੋਂ ਵੱਧ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਧਮਾਕਾ ਸਵੇਰੇ ਲਗਪਗ 8.30 ਵਜੇ ਉਸ ਸਮੇਂ ਹੋਇਆ, ਜਦੋਂ 40-50 ਵਿਦਿਆਰਥੀ ਮਦਰੱਸੇ ਵਿੱਚ ਕੁਰਾਨ ਪੜ੍ਹ ਰਹੇ ਸਨ।

ਅਤਿਵਾਦ ਰੋਕ ਵਿਭਾਗ (ਸੀਟੀਡੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦੌਰਾਨ ਚਾਰ ਤੋਂ ਪੰਜ ਕਿਲੋਗ੍ਰਾਮ ਧਮਾਕਾਖੇਜ ਸਮੱਗਰੀ ਵਰਤੀ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਹਮਲੇ ਦੀ ਨਿਖੇਧੀ ਕੀਤੀ ਹੈ ਅਤੇ ਜ਼ਖ਼ਮੀਆਂ ਦੇ ਤੁਰੰਤ ਠੀਕ ਹੋਣ ਦੀ ਕਾਮਨਾ ਕੀਤੀ ਹੈ। ਹਾਲੇ ਤੱਕ ਕਿਸੇ ਵੀ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਖੈਬਰ ਪਖ਼ਤੂਨਖਵਾ ਦੇ ਸਿਹਤ ਮੰਤਰੀ ਤੈਮੂਰ ਸਲੀਮ ਝਾਗਰਾ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਪੀਐੱਮਐੱਲ-ਐੱਨ ਦੀ ਮੀਤ ਪ੍ਰਧਾਨ ਮਰੀਅਮ ਨਵਾਜ਼ ਨੇ ਇਸ ਨੂੰ ‘ਦਿਲ ਕੰਬਾਊ’ ਘਟਨਾ ਕਰਾਰ ਦਿੱਤਾ।

Previous articleCanadian Parliament to probe govt’s Covid-19 pandemic response
Next articleਅਮਰੀਕਾ ਚੋਣਾਂ: ਟਰੰਪ ਵਲੋਂ ਸਮਾਜਵਾਦ ਨੂੰ ਫਿਟਕਾਰ ਦਾ ਸੱਦਾ