ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚੋਂ ਲੋਕ ਟਰਾਲੀਆਂ ਭਰ ਕੇ ਲਿਆਏ ਮਿੱਟੀ ਦੀ ਬੋਰੇ
ਸੰਤ ਸੀਚੇਵਾਲ ਦੀ ਅਗਵਾਈ ਵਿੱਚ ਬੰਨ੍ਹੇ ਜਾ ਰਹੇ ਬੰਨ੍ਹ ਦਾ ਦਿੱਖਣ ਲੱਗਾ ਮੂੰਹ ਮੁਹਾਦਰਾਂ
ਕਪੂਰਥਲਾ, 13 ਜੁਲਾਈ (ਕੌੜਾ)– ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਪੀਲ ਤੇ ਪੰਜਾਬ ਦੇ ਲੋਕਾਂ ਨੇ ਹੁੰਗਾਰਾ ਭਰਦਿਆ ਸਤਲੁਜ ਦਰਿਆ ਵਿੱਚ ਪਏ ਪਾੜ ਨੂੰ ਪੂਰਨ ਲਈ ਮਿੱਟੀ ਦੇ ਬੋਰਿਆਂ ਨਾਲ ਟਰਾਲੀਆਂ ਲੱਧ ਕੇ ਵਹੀਰਾਂ ਘੱਤ ਦਿੱਤੀਆਂ ਹਨ। ਮੋਗਾ ਜਿਲ੍ਹੇ ਦੇ ਪਿੰਡ ਚੋਗਵਾਂ, ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿੱਡਾ, ਦਸੂਹਾ, ਮੁਕੇਰੀਆਂ ਤੇ ਹੋਰ ਪਿੰਡਾਂ ਤੋਂ ਨੌਜਵਾਨ ਮਿੱਟੀ ਦੇ ਬੋਰੇ ਭਰਕੇ ਟਰਾਲੀ ਵਿੱਚ ਲੱਦ ਕੇ ਧੁੱਸੀ ਬੰਨ੍ਹ ਤੇ ਜਾ ਰਹੇ ਹਨ। ਉਧਰ ਮੰਡਾਲਾ ਛੰਨਾ ਕੋਲ ਪਏ ਪਾੜ ਨੂੰ ਪੂਰਨ ਦੇ ਕੰਮ ਵਿੱਚ ਹੋਰ ਤੇਜ਼ੀ ਆ ਗਈ ਹੈ ਸੰਤ ਸੀਚੇਵਾਲ ਜੀ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਾਰਜ ਵਿੱਚ ਪਹਿਲਾਂ ਪਿੰਡ ਮੰਡਾਲੇ ਵਾਲੇ ਪਾਸੇ ਤੋਂ ਹੀ ਬੰਨ੍ਹ ਬੰਨ੍ਹਣਾ ਸ਼ੁਰੂ ਕੀਤਾ ਸੀ। ਅੱਜ ਨਸੀਰਪੁਰ ਵਾਲੇ ਪਾਸੇ ਤੋਂ ਵੀ ਬੰਨ੍ਹ ਨੂੰ ਬੰਨਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਡਰੇਨੇਜ਼ ਵਿਭਾਗ ਨੇ ਦੱਸਿਆ ਕਿ ਹੁਣ ਤੱਕ 25 ਹਜ਼ਾਰ ਤੋਂ ਵੱਧ ਬੋਰੇ ਬੰਨ੍ਹ ਬੰਨ੍ਹਣ ਲਈ ਵਰਤੇ ਜਾ ਚੁੱਕੇ ਹਨ। ਪਾਣੀ ਦਾ ਪੱਧਰ ਘੱਟਣ ਨਾਲ ਕੰਮ ਕਰਨ ਵਿੱਚ ਸੌਖ ਵੀ ਮਹਿਸੂਸ ਕੀਤੀ ਜਾ ਰਹੀ ਹੈ। ਮਿੱਟੀ ਦੇ ਬੋਰਿਆਂ ਦੀ 10 ਟਰਾਲੀਆਂ ਲੈ ਕੇ ਆਏ ਮੋਗਾ ਜਿਲ੍ਹੇ ਤੋਂ ਨੌਜਵਾਨ ਕਿਸਾਨ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਨਾਲ 100 ਦੇ ਕਰੀਬ ਨੌਜਵਾਨ ਆਏ ਹਨ। ਬੰਨ੍ਹ ਟੁੱਟਣ ਤੋਂ ਬਾਅਦ ਉਹਨਾਂ ਨੇ ਮਿੱਟੀ ਦੇ ਬੋਰੇ ਭਰਨੇ ਸ਼ੁਰੂ ਕਰ ਦਿੱਤੇ ਸਨ। ਜਸਵਿੰਦਰ ਸਿੰਘ ਨੇ ਦੱਸਿਆ ਕਿ 10 ਟਰਾਲੀਆਂ ਵਿੱਚ 5 ਹਜ਼ਾਰ ਤੋਂ ਵੱਧ ਮਿੱਟੀ ਦੇ ਬੋਰੇ ਲੈ ਕੇ ਆਏ ਹਨ।


ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਿੱਡਾ ਤੋਂ ਨੌਜਵਾਨ ਦੋ ਦਿਨਾਂ ਤੋਂ ਲਗਾਤਾਰ ਆ ਰਹੇ ਹਨ। 25 ਦੇ ਕਰੀਬ ਆਏ ਨੌਜਵਾਨਾਂ ਨੇ ਮਿੱਟੀ ਦੇ ਬੋਰੇ ਬੰਨ੍ਹ ਬੰਨਣ ਵਾਲੀ ਥਾਂ ਤੇ ਪਹੁੰਚਾਉਣ ਵਿੱਚ ਮੋਹਰੀ ਭੁਮਿਕਾ ਨਿਭਾਈ। ਇਹਨਾਂ ਨੌਜਵਾਨਾਂ ਨੇ ਚਿੱਟੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ। ਜਿਸ ਉਪਰ ਉਹਨਾਂ ਦੇ ਜਿਲ੍ਹੇ ਅਤੇ ਪਿੰਡ ਨੂੰ ਖੁਬਸੂਰਤ ਢੰਗ ਨਾਲ ਛਾਪਿਆ ਗਿਆ ਸੀ। ਇਸ ਤਰ੍ਹਾਂ ਦਸੂਹੇ ਤੋਂ ਆਏ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਪਸ਼ੂਆਂ ਦੇ ਚਾਰੇ ਦੀ ਟਰਾਲੀ ਲੈ ਕੇ ਆਏ ਹਨ। ਉਹਨਾਂ ਨਾਲ ਜਿਹੜੇ ਸਾਥੀ ਆਏ ਹਨ ਉਹ ਸਾਰਾ ਦਿਨ ਮਿੱਟੀ ਦੇ ਬੋਰੇ ਭਰਦੇ ਰਹੇ। ਬੜੂ ਸਾਹਿਬ ਅਕੈਡਮੀ ਦੇ ਧਨਾਲ ਕਲਾਂ ਤੋਂ ਹਰਜੀਤ ਸਿੰਘ ਅਤੇ ਅੰਗਰੇਜ਼ ਸਿੰਘ ਸਮੇਤ 5 ਸਿੰਘ ਆਏ ਸਨ ਜਿਹਨਾਂ ਨੇ ਪਾਣੀਆਂ ਦੀਆਂ ਬੋਤਲਾਂ ਦੀਆਂ ਵੱਡੇ ਪੱਧਰ ਤੇ ਸੇਵਾ ਕੀਤੀ।
ਸੰਤ ਸੀਚੇਵਾਲ ਨੇ ਦੱਸਿਆ ਕਿ ਪਾਣੀ ਦਾ ਪੱਧਰ ਨੀਵਾਂ ਹੋਣ ਨਾਲ ਬੰਨ੍ਹ ਬੰਨ੍ਹਣ ਵਿੱਚ ਅਸਾਨੀ ਹੋਵੇਗੀ। ਉਹਨਾਂ ਦੱਸਿਆ ਕਿ ਜਦੋਂ ਦਾ ਪਾਣੀ ਘੱਟਿਆ ਹੈ ਉਦੋਂ ਤੋਂ ਹੀ ਬੰਨ੍ਹ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਚਿੱਟੀ ਵੇਈਂ ਨੇੜਿਉ ਪਏ ਪਾੜ ਸਮੇਂ ਪਹਿਲ਼ਾਂ ਪਾਣੀ ਸਾਫ ਵਗਦਾ ਸੀ ਪਰ ਅੱਜ ਪਾਣੀ ਉਤਰਨ ਨਾਲ ਚਿੱਟੀ ਵੇਈਂ ਦਾ ਕਾਲਾ ਰੂਪ ਸਾਹਮਣੇ ਆਇਆ ਪਾਣੀ ਵਿੱਚੋਂ ਬਦਬੂ ਵੀ ਆ ਰਹੀ ਸੀ। ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹਿੱਸਾ ਲੈਣ ਤੋਂ ਪਹਿਲ਼ਾਂ ਕੈਬਨਿਟ ਮੰਤਰੀ ਬਲਕਾਰ ਸਿੰਘ ਉਚੇਰੇ ਤੌਰ ਤੇ ਮੰਡਾਲਾ ਛੰਨਾ ਪਹੁੰਚੇ। ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਹਿਦਾਇਤਾਂ ਹਨ ਕਿ ਹੜ੍ਹ ਪੀੜਿਤਾਂ ਪਰਿਵਾਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਨਹੀ ਹੋਣੀ ਚਾਹੀਦੀ ਤੇ ਪੰਜਾਬ ਸਰਕਾਰ ਪੀੜਿਤ ਪਰਿਵਾਰਾਂ ਦੀ ਹਰ ਸੰਭਵ ਮਦੱਦ ਕਰੇਗੀ। ਉਹਨਾਂ ਕਿਹਾ ਕਿ ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਬੰਨ੍ਹ ਬੰਨ੍ਹਣ ਦੇ ਮਾਮਲੇ ਵਿੱਚ ਹੋਈ ਪ੍ਰਗਤੀ ਬਾਰੇ ਜਾਣੂ ਕਰਵਾਉਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly