ਪਟਿਆਲਾ, (ਸਮਾਜ ਵੀਕਲੀ) (ਬਲਜੀਤ ਸਿੰਘ ਕੁਲਾਰ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੀ.ਆਈ.-ਰਾਹੀ (ਪੰਜਾਬ ਯੂਨੀਵਰਸਿਟੀ-ਆਈ.ਆਈ.ਟੀ. ਰੋਪੜ ਰੀਜਨਲ ਐਕਸਲਰੇਟਰ ਫਾਰ ਹੋਲਿਸਟਿਕ ਇਨੋਵੇਸ਼ਨਜ਼ ਫਾਊਂਡੇਸ਼ਨ) ਦਰਮਿਆਨ ਇੱਕ ਅਹਿਮ ਇਕਰਾਰਨਾਮਾ ਹੋਇਆ ਹੈ ਜਿਸ ਤਹਿਤ ਪੰਜਾਬੀ ਵਿਰਸੇ ਨਾਲ਼ ਸਬੰਧਤ ਦਸਤਕਾਰੀ ਕਲਾਵਾਂ, ਫਸਲ ਕਟਾਈ ਤੋਂ ਬਾਅਦ ਦੀ ਪ੍ਰਕਿਰਿਆ ਨਾਲ਼ ਜੁੜੀਆਂ ਵੱਖ-ਵੱਖ ਤਕਨੀਕਾਂ (ਪੋਸਟ-ਹਾਰਵੈਸਟ ਟੈਕਨਾਲੋਜੀ) ਅਤੇ ਫਾਰਮਾਸਿਊਟੀਕਲ ਵਿਗਿਆਨ ਦੇ ਖੇਤਰ ਵਿੱਚ ਸਾਂਝੇਦਾਰੀ ਕਾਇਮ ਕਰਨ ਲਈ ਯਤਨ ਕੀਤੇ ਜਾਣਗੇ।ਜ਼ਿਕਰਯੋਗ ਹੈ ਕਿ ਇਹ ਸਾਂਝੇਦਾਰੀ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਉਸ ਵਿਜ਼ਨ ਦੇ ਅਨੁਸਾਰ ਉਠਾਇਆ ਗਿਆ ਕਦਮ ਹੈ, ਜਿਸ ਵਿੱਚ ਉਨ੍ਹਾਂ ਨੇ ਸੂਬੇ ਦੀਆਂ ਅਕਾਦਮਿਕ ਸੰਸਥਾਵਾਂ ਦਰਮਿਆਨ ਆਪਸੀ ਸਹਿਯੋਗ ਅਤੇ ਗਿਆਨ ਸਾਂਝਾ ਕਰਨ ‘ਤੇ ਜ਼ੋਰ ਦਿੱਤਾ ਹੈ।ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ.ਜਗਦੀਪ ਸਿੰਘ ਅਤੇ ਪੰਜਾਬ ਯੂਨੀਵਰਸਿਟੀ ਦੀ ਉਪ-ਕੁਲਪਤੀ ਤੇ ਪੀ.ਆਈ.-ਰਾਹੀ ਦੀ ਚੇਅਰਪਰਸਨ ਪ੍ਰੋ.ਰੇਣੂ ਵਿੱਗ ਦੀ ਮੌਜੂਦਗੀ ਵਿੱਚ ਇਸ ਇਕਰਾਰਨਾਮੇ ‘ਤੇ ਹਸਤਾਖ਼ਰ ਕੀਤੇ ਗਏ। ਇਸ ਸਬੰਧੀ ਦਸਤਾਵੇਜ਼ ‘ਤੇ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਅਤੇ ਪੀ.ਆਈ.-ਰਾਹੀ ਦੇ ਡਾਇਰੈਕਟਰ ਪ੍ਰੋ.ਰਜਤ ਸਾਂਧੀਰ ਨੇ ਅਧਿਕਾਰਤ ਤੌਰ ‘ਤੇ ਸਹੀ ਪਾਈ। ਡਾ.ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਸਾਂਝੇਦਾਰੀ ਰਵਾਇਤੀ ਗਿਆਨ ਨੂੰ ਆਧੁਨਿਕ ਤਕਨਾਲੋਜੀ, ਖੋਜ ਅਤੇ ਉੱਦਮਤਾ ਦੇ ਮੌਕਿਆਂ ਨਾਲ਼ ਜੋੜ ਕੇ ਪੰਜਾਬ ਦੇ ਕਾਰੀਗਰਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਵਿੱਚ ਮਦਦਗਾਰ ਸਾਬਤ ਹੋਵੇਗੀ।ਪ੍ਰੋ.ਰੇਣੂ ਵਿੱਗ ਨੇ ਦੱਸਿਆ ਕਿ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਜਿਵੇਂ ਕਿ ਫੁਲਕਾਰੀ ਅਤੇ ਹੋਰ ਦੇਸੀ ਕਲਾਵਾਂ ਨੂੰ ਸੰਭਾਲਣ ਲਈ ਇਹ ਸਾਂਝਾ ਮੰਚ ਬਹੁਤ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਕਿਹਾ ਕਿ ਸੰਸਥਾਗਤ ਸਾਂਝੇਦਾਰੀ ਰਾਹੀਂ ਨਵੀਨਤਾ ਅਤੇ ਬਿਹਤਰ ਮਾਰਕੀਟ ਪਹੁੰਚ ਯਕੀਨੀ ਬਣਾ ਕੇ ਕਾਰੀਗਰਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਕੀਤੇ ਜਾ ਸਕਦੇ ਹਨ।ਵਰਣਨਯੋਗ ਹੈ ਕਿ ਇਸ ਸਾਂਝੇਦਾਰੀ ਤਹਿਤ ਇੱਕ ਆਨਲਾਈਨ ਮਾਰਕੀਟਪਲੇਸ ਦੀ ਸੁਵਰਤੋਂ ਰਾਹੀਂ ਪੰਜਾਬ ਦੇ ਕਾਰੀਗਰਾਂ ਨੂੰ ਸਿੱਧਾ ਬਾਜ਼ਾਰ ਮੁਹੱਈਆ ਕਰਵਾਇਆ ਜਾਵੇਗਾ। ਫਾਰਮਾਸਿਊਟੀਕਲ ਵਿਗਿਆਨ, ਖੇਤੀਬਾੜੀ ਤਕਨਾਲੋਜੀ, ਟਿਕਾਊ ਖੇਤੀ, ਫੂਡ ਪ੍ਰੋਸੈਸਿੰਗ ਅਤੇ ਪੈਕੇਜਿੰਗ ਤਕਨੀਕਾਂ ਵਿੱਚ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਕਾਰੀਗਰਾਂ, ਵਿਦਿਆਰਥੀਆਂ ਅਤੇ ਪੇਂਡੂ ਉੱਦਮੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਉਲੀਕੇ ਜਾਣਗੇ ਤਾਂ ਜੋ ਉਨ੍ਹਾਂ ਦੀ ਰੋਜ਼ਗਾਰ ਸਮਰੱਥਾ ਵਿੱਚ ਵਾਧਾ ਹੋ ਸਕੇ। ਦੋਵੇਂ ਸੰਸਥਾਵਾਂ ਮਿਲ ਕੇ ਖੋਜ ਕਾਰਜਾਂ ਨੂੰ ਤੇਜ਼ ਕਰਨਗੀਆਂ ਅਤੇ ਪੇਂਡੂ ਵਿਕਾਸ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਉਦਯੋਗਿਕ ਭਾਈਵਾਲਾਂ ਨਾਲ ਮਿਲ ਕੇ ਕੰਮ ਕਰਨਗੀਆਂ।ਇਕਰਾਰਨਾਮੇ ‘ਤੇ ਹਸਤਾਖ਼ਰ ਮੌਕੇ ਪੰਜਾਬੀ ਯੂਨੀਵਰਸਿਟੀ ਤੋਂ ਡਾਇਰੈਕਟਰ (ਈ.ਆਈ.ਸੀ.ਐੱਚ) ਪ੍ਰੋ.ਹਿਮੇਂਦਰ ਭਾਰਤੀ,ਪੀ.ਆਈ.-ਰਾਹੀ ਦੇ ਸਲਾਹਕਾਰ ਡਾ.ਜਤਿੰਦਰ ਕੌਰ ਅਰੋੜਾ ਅਤੇ ਚੀਫ ਆਪਰੇਟਿੰਗ ਅਫ਼ਸਰ ਨੇਹਾ ਅਰੋੜਾ ਸਮੇਤ ਦੋਵਾਂ ਸੰਸਥਾਵਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



