(ਸਮਾਜ ਵੀਕਲੀ) ਮਾਂ– ਬੋਲੀ ਹਰ ਕੌਮ ਦੀ ਰੂਹ ਹੁੰਦੀ ਹੈ। ਇਹ ਸਿਰਫ਼ ਗੱਲਬਾਤ ਦਾ ਸਾਧਨ ਨਹੀਂ, ਸਗੋਂ ਪਹਿਚਾਣ ਦਾ ਮੂਲ ਅਧਾਰ ਹੁੰਦੀ ਹੈ। ਜਿਹੜੀ ਕੌਮ ਆਪਣੀ ਮਾਂ–ਬੋਲੀ ਨਾਲ ਪਿਆਰ ਕਰਦੀ ਹੈ, ਉਹ ਕਦੇ ਵੀ ਆਪਣੀਆਂ ਜੜ੍ਹਾਂ ਤੋਂ ਵਿੱਛੜ ਨਹੀਂ ਸਕਦੀ। ਅੱਜ ਦੇ ਸਮੇਂ ਵਿੱਚ ਮਾਂ–ਬੋਲੀ ਪੰਜਾਬੀ ‘ਤੇ ਵੱਡਾ ਸੰਕਟ ਹੈ। ਇੰਗਲਿਸ਼ ਅਤੇ ਹੋਰ ਭਾਸ਼ਾਵਾਂ ਦੇ ਮੋਹ ਵਿਚ ਲੋਕ ਆਪਣੀ ਸਿਰਜਣਹਾਰ ਬੋਲੀ ਤੋਂ ਦੂਰ ਹੋ ਰਹੇ ਹਨ। ਘਰ ਵਿੱਚ ਪੰਜਾਬੀ ਬੋਲਣ ਦੀ ਬਜਾਏ ਬੱਚਿਆਂ ਨੂੰ ਹੋਰ ਭਾਸ਼ਾਵਾਂ ਸਿਖਾਈਆਂ ਜਾਂਦੀਆਂ ਹਨ। ਨਤੀਜੇ ਵਜੋਂ ਨਵੀਂ ਪੀੜ੍ਹੀ ਮਾਂ–ਬੋਲੀ ਤੋਂ ਅਣਜਾਣ ਹੋ ਰਹੀ ਹੈ। ਜੇ ਅਸੀਂ ਆਪਣੀ ਬੋਲੀ ਨੂੰ ਨਾ ਸੰਭਾਲਿਆ, ਤਾਂ ਸਾਡੀ ਪਹਿਚਾਣ ਹੀ ਖ਼ਤਰੇ ਵਿੱਚ ਪੈ ਸਕਦੀ ਹੈ। ਭਾਸ਼ਾ ਸਿਰਫ਼ ਸੰਚਾਰ ਦਾ ਜ਼ਰੀਆ ਨਹੀਂ ਹੁੰਦੀ, ਇਹ ਸਾਡੀ ਸਭਿਆਚਾਰਕ ਵਿਰਾਸਤ ਅਤੇ ਇਤਿਹਾਸ ਦੀ ਰੱਖਿਆ ਕਰਨ ਵਾਲਾ ਕਿਲ੍ਹਾ ਹੁੰਦੀ ਹੈ। ਇਸ ਲਈ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਤਾ–ਪਿਤਾ ਉੱਤੇ ਆਉਂਦੀ ਹੈ ਕਿ ਉਹ ਘਰ ਵਿੱਚ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲਬਾਤ ਕਰਨ। ਜੇ ਮਾਪੇ ਖ਼ੁਦ ਹੀ ਪੰਜਾਬੀ ਬੋਲਣ ਤੋਂ ਕਤਰਾਉਣਗੇ, ਤਾਂ ਬੱਚਿਆਂ ਵਿੱਚ ਪੰਜਾਬੀ ਨਾਲ ਪਿਆਰ ਕਿਵੇਂ ਪੈਦਾ ਹੋਵੇਗਾ? ਇਸ ਲਈ ਜ਼ਰੂਰੀ ਹੈ ਕਿ ਘਰ, ਗਲੀ, ਸਕੂਲ ਤੇ ਸਮਾਜਕ ਜੀਵਨ ਦੇ ਹਰੇਕ ਪੱਧਰ ’ਤੇ ਪੰਜਾਬੀ ਦਾ ਵਧ–ਚੜ੍ਹ ਕੇ ਪ੍ਰਯੋਗ ਕੀਤਾ ਜਾਵੇ। ਸਕੂਲਾਂ ਵਿੱਚ ਪੰਜਾਬੀ ਬੋਲਣ, ਲਿਖਣ ਅਤੇ ਪੜ੍ਹਨ ਦੀ ਰੀਤ ਬਣਾਈ ਜਾਵੇ। ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਕਲਾਸਰੂਮ ਵਿੱਚ ਪੰਜਾਬੀ ਦੇ ਪ੍ਰਯੋਗ ’ਤੇ ਜ਼ੋਰ ਦੇਣ। ਜੇ ਬੱਚਿਆਂ ਦੀ ਪੜ੍ਹਾਈ ਅਤੇ ਸੋਚ–ਵਿਚਾਰ ਦੀ ਸ਼ੁਰੂਆਤ ਮਾਂ–ਬੋਲੀ ਵਿਚ ਹੋਵੇਗੀ, ਤਾਂ ਉਹ ਹੋਰ ਭਾਸ਼ਾਵਾਂ ਵੀ ਤੇਜ਼ੀ ਨਾਲ ਸਿੱਖ ਸਕਣਗੇ। ਮਾਂ–ਬੋਲੀ ਨੂੰ ਘਟਾਉਣ ਦੀ ਬਜਾਏ ਇਸ ’ਤੇ ਮਾਣ ਕਰਨ ਦੀ ਸਿੱਖਿਆ ਦੇਣੀ ਚਾਹੀਦੀ ਹੈ। ਪੰਜਾਬੀ ਬੋਲੀ ਨਾਲ ਹੀ ਸਾਡੀ ਸਾਹਿਤਕ ਧਰੋਹਰ, ਲੋਕ ਗੀਤ, ਕਵਿਤਾਵਾਂ ਅਤੇ ਲੋਕਧਾਰਾ ਜੁੜੀ ਹੋਈ ਹੈ। ਜੇ ਪੰਜਾਬੀ ਨੂੰ ਭੁੱਲ ਦਿੱਤਾ ਗਿਆ ਤਾਂ ਸਾਡਾ ਸੱਭਿਆਚਾਰ ਵੀ ਹੌਲੀ ਹੌਲੀ ਖਤਮ ਹੋ ਸਕਦਾ ਹੈ। ਅੱਜ ਲੋੜ ਹੈ ਕਿ ਸਾਹਿਤਕ ਸਭਾਵਾਂ, ਪਿੰਡ ਪੱਧਰੀ ਸੰਸਥਾਵਾਂ ਅਤੇ ਸਮਾਜਕ ਜਥੇਬੰਦੀਆਂ ਪੰਜਾਬੀ ਨੂੰ ਵਧਾਉਣ ਲਈ ਮੁਹਿੰਮ ਚਲਾਉਂਣ। ਪੰਜਾਬੀ ਬਚਾਉਣਾ ਸਿਰਫ਼ ਭਾਸ਼ਾ ਨੂੰ ਬਚਾਉਣਾ ਨਹੀਂ, ਸਗੋਂ ਆਪਣੀ ਪਹਿਚਾਣ, ਸਭਿਆਚਾਰ ਅਤੇ ਇਤਿਹਾਸ ਨੂੰ ਬਚਾਉਣਾ ਹੈ। ਜੇ ਅਸੀਂ ਆਪਣੀ ਮਾਂ–ਬੋਲੀ ਨਾਲ ਪਿਆਰ ਕਰਾਂਗੇ, ਤਾਂ ਭਵਿੱਖ ਦੀਆਂ ਪੀੜ੍ਹੀਆਂ ਵੀ ਇਸ ਵਿਰਾਸਤ ਨੂੰ ਮਾਣ ਨਾਲ ਅੱਗੇ ਵਧਾਉਣਗੀਆਂ। ਇਸ ਲਈ ਪੰਜਾਬੀ ਪ੍ਰਤੀ ਸੰਜ਼ੀਦਗੀ ਹੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
ਮੰਜੂ ਰਾਇਕਾ
ਰਣਬੀਰ ਕਾਲਜ਼ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



