ਪੰਜਾਬੀ ਗਾਇਕਾਂ ਜਗਮੋਹਨ ਕੌਰ ਉਰਫ “ਮਾਈ ਮੋਹਣੋ” ਨੂੰ ਯਾਦ ਕਰਦਿਆਂ

ਪੰਜਾਬੀ ਗਾਇਕਾਂ ਜਗਮੋਹਨ ਕੌਰ

ਪੰਜਾਬੀ ਗਾਇਕਾਂ ਜਗਮੋਹਨ ਕੌਰ ਉਰਫ “ਮਾਈ ਮੋਹਣੋ” ਨੂੰ ਯਾਦ ਕਰਦਿਆਂ

    ਕੁਲਦੀਪ ਸਿੰਘ ਸਾਹਿਲ

(ਸਮਾਜ ਵੀਕਲੀ)- ਕੇ. ਦੀਪ ਅਤੇ ਜਗਮੋਹਨ ਕੌਰ ਨੂੰ ਸਾਲ 90 ਵੀਆਂ ਦੇ ਕਰੀਬ ਥਾਪਰ ਯੂਨੀਵਰਸਿਟੀ ਪਟਿਆਲਾ ਦੇ ਇੱਕ ਪ੍ਰੋਗਰਾਮ ਵਿੱਚ ਦੇਖਣ ਅਤੇ ਮਿਲਣ ਦਾ ਮੌਕਾ ਮਿਲਿਆ ਸੀ ਉਸ ਵਕਤ ਇਹ ਜੋੜੀ ਗਾਇਕੀ ਅਤੇ ਕਮੇਡੀ ਦੇ ਖੇਤਰ ਵਿੱਚ ਬੁਲੰਦੀਆਂ ਤੇ ਸੀ। ਜਦੋਂ ਇਸ ਜੋੜੀ ਨੇ ਸਰੋਤਿਆਂ ਦੀ ਫਰਮਾਇਸ਼ ਤੇ ਇਹ ਗੀਤ ਗਾਇਆ ਤਾਂ ਤਾੜੀਆਂ ਨਾਲ ਅਸਮਾਨ ਗੂੰਜ ਉਠਿਆ ਸੀ।

“ਤੇਰਾ ਬੜਾ ਕਰਾਰਾ ਪੁਦਨਾ,
ਤੇਰਾ ਬਾਕੀ ਰਹਿੰਦਾ ਪੁਦਨਾ,
ਮੇਰੇ ਦਿਲ ਦੀਆ ਕਹਿੰਦਾ ਪੁਦਨਾ,

“ਮੈਂ ਕਿਹਾ ਮਾਈ ਮੋਹਣੋ ਜਹਾਜ਼ ਚੋ ਹੇਠਾਂ ਬੰਦੇ ਜਮਾਂ ਹੋ ਕੀੜੀਆਂ ਵਰਗੇ ਲੱਗਦੇ, ਵੇ ਪੋਸਤੀਆ ਅਜੇ ਤਾਂ ਜਹਾਜ ਉਡਿਆ ਹੀ ਨਹੀਂ ਏ ਤਾਂ ਸੱਚੀ ਕੀੜੀਆਂ ਹੀ ਤੁਰੀ ਫਿਰਦੀਆ ਹਨ ਅਜਿਹੇ ਹਾਸਿਆਂ ਵਾਲੇ ਟੋਟਕੇ ਸੁਣਾਉਣ ਦਾ ਉਨ੍ਹਾਂ ਦਾ ਅਪਣਾ ਹੀ ਅਲੱਗ ਕਿਸਮ ਦਾ ਬਾਕਮਾਲ ਅੰਦਾਜ਼ ਸੀ।ਸੁਰੀਲੀ ਆਵਾਜ਼ ਅਤੇ ਬਾਕਮਾਲ ਅੰਦਾਜ਼ ਸਦਕਾ ਸਾਰੇ ਜੱਗ ਨੂੰ ਮੋਹ ਲੈਣ ਵਾਲੀ ਗਾਇਕਾ ਜਗਮੋਹਨ ਕੌਰ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵਸੀ ਹੋਈ ਹੈ ਤੇ ਸਦਾ ਹੀ ਵਸੀ ਰਹੇਗੀ। ਉਹ ਆਪਣੇ ਹਮਸਫ਼ਰ ਕੇ. ਦੀਪ ਦੀ ‘ਮਾਈ ਮੋਹਣੋ’ ਦੇ ਨਾਂ ਨਾਲ ਬਹੁਤ ਮਕਬੂਲ ਹੋਈ। ਅੱਜ ਵੀ ਸਰੋਤੇ ਉਨ੍ਹਾਂ ਨੂੰ”ਬਾਬਾ ਵੇ ਕਲਾ ਮਰੋੜ, ਨੀ ਨਿਕੀਏ ਲਾਦੇ ਜ਼ੋਰ ਅਤੇ ਘੁੰਢ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ’ ਗੀਤ ਵਾਲੀ ਜਗਮੋਹਨ ਕੌਰ ਆਖ ਕੇ ਸਿਆਣਦੇ ਸਨ। ਉਸ ਦੇ ਕਿਸੇ ਅਖਾੜੇ ਵਿੱਚ ਸ਼ਿਰਕਤ ਕਰਨ ਦੀ ਬਿੜਕ ਮਿਲਦਿਆਂ ਹੀ ਵੀਹਾਂ ਕੋਹਾਂ ਤੋਂ ਉਸ ਦੇ ਪ੍ਰਸ਼ੰਸਕ ਆ ਪਹੁੰਚਦੇ ਸਨ ਤੇ ਉਸ ਦੀ ਕਾਲਜੇ ਨੂੰ ਧੂਹ ਪਾਉਣ ਵਾਲੀ ਆਵਾਜ਼ ਦੇ ਕੀਲੇ ਸਰੋਤੇ ਘੰਟਿਆਂਬੱਧੀ ਅਡੋਲ ਤੇ ਇਕਾਗਰ ਅਵਸਥਾ ਵਿੱਚ ਉਨ੍ਹਾਂ ਨੂੰ ਸੁਣਦੇ ਰਹਿੰਦੇ ਸਨ। ਉਹ ਖੁੱਲ੍ਹਾ ਤੇ ਰੱਜਵੀਂ ਗਾਉਂਦੀ ਸੀ ਅਤੇ ਪੰਜਾਬੀ ਗਾਇਕੀ ਦੇ ਸ਼ੌਕੀਨਾਂ ਦੇ ਦਿਲਾਂ ਦੀ ਧੜਕਨ ਸੀ। 15 ਅਕਤੂਬਰ 1948 ਨੂੰ ਰੋਪੜ ਨੇੜਲੇ ਪਿੰਡ ਬੂਰਮਾਜਰਾ ਵਿੱਚ ਰਹਿੰਦੇ ਸ੍ਰੀ ਗੁਰਬਚਨ ਸਿੰਘ ਦੇ ਘਰ ਜਨਮੀ ਜਗਮੋਹਨ ਕੌਰ ਵਿਦਿਅਕ ਪੱਖੋਂ ਈ.ਟੀ.ਟੀ. ਪਾਸ ਤੇ ਕਿੱਤੇ ਪੱਖੋਂ ਇੱਕ ਸਕੂਲ ਅਧਿਆਪਕਾ ਸੀ। ਗਾਇਕੀ ਦੀ ਚਿਣਗ ਤਾਂ ਬਚਪਨ ਤੋਂ ਹੀ ਉਸ ਦੇ ਅੰਦਰ ਧੁਖ਼ ਰਹੀ ਸੀ ਪਰ ਕਿਸੇ ਉਸਤਾਦ ਦੀ ਸੰਗਤ ਨਾ ਮਿਲਣ ਕਰਕੇ ਉਸ ਦੀ ਕਲਾ ਅਜੇ ਖਰਵੀ ਅਤੇ ਅਣ-ਤਰਾਸ਼ੀ ਸੀ। ਉੱਘੇ ਸੰਗੀਤਕਾਰ ਐਸ. ਮਹਿੰਦਰ ਨੇ ਜਦ ਸੰਗੀਤ ਵਿਦਿਆ ਦੇ ਸੁੱਚੇ ਮੋਤੀਆਂ ਨਾਲ ਉਸ ਦੀ ਝੋਲੀ ਭਰ ਦਿੱਤੀ ਤਾਂ ਮੰਨ ਲਓ ਕਿ ਸੋਨਾ ਤੇ ਸੁਹਾਗਾ ਹੋ ਨਿੱਬੜਿਆ ਤੇ ਜਗਮੋਹਨ ਕੌਰ ਦੀ ਜਾਦੂਮਈ ਆਵਾਜ਼ ਦੇ ਚਰਚੇ ਹਰੇਕ ਪੰਜਾਬੀ ਦੀ ਜ਼ਬਾਨ ਤੇ ਸਨ।ਕੰਨ ’ਤੇ ਹੱਥ ਧਰ ਕੇ ਉੱਚੇ ਸੁਰ ਵਿੱਚ ਗਾਉਣ ਵਾਲੀ ਜਗਮੋਹਨ ਕੌਰ ਸੁਹੱਪਣ ਪੱਖੋਂ ਵੀ ਕਾਫ਼ੀ ਅਮੀਰ ਸੀ ਤੇ ਹਮੇਸ਼ਾਂ ਬਣ-ਠਣ ਕੇ ਰਹਿਣਾ ਉਸ ਨੂੰ ਬੜਾ ਚੰਗਾ ਲੱਗਦਾ ਸੀ। ਪੰਜਾਬੀ ਫ਼ਿਲਮ ‘ਦਾਜ’ ਵਿੱਚ ਉਸ ਨੇ ਬਤੌਰ ਸਹਿ-ਨਾਇਕਾ ਅਦਾਕਾਰੀ ਵੀ ਕੀਤੀ ਤੇ ਗੀਤ ਵੀ ਗਾਏ। ਉਸ ਦੀ ਮਿੱਠੀ ਆਵਾਜ਼ ਵਿੱਚ ਗਾਏ ਅਨੇਕਾਂ ਗੀਤਾਂ ਵਿੱਚੋਂ- ‘‘ਬਾਪੂ ਵੇ ਅੱਡ ਹੁੰਨੀ ਆ, ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ, ਦੋ ਬਲਦ ਟੱਲੀਆਂ ਵਾਲੇ, ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ ਅਤੇ ਰੱਤੀ ਤੇਰੀ ਆ ਓਏ ਢੋਲ ਮੇਰਿਆ ਲੂੰਗੀ’’ ਆਦਿ ਤਾਂ ਅੱਜ ਵੀ ਉਸ ਦੀ ਗਾਇਕੀ ਦੇ ਕਦਰਦਾਨਾਂ ਦੇ ਚੇਤਿਆਂ ’ਚ ਸਾਂਭੇ ਪਏ ਹਨ। ਨਿਝੱਕ ਹੋ ਕੇ ਸਟੇਜ ’ਤੇ ਪੇਸ਼ਕਾਰੀ ਕਰਨ ਵਾਲੀ ਜਗਮੋਹਨ ਕੌਰ ਬੜੇ ਹੀ ਕਮਾਲ ਦੀ ਅਦਾਇਗੀ ਦੇ ਨਾਲ ਨਾਲ ਕਈ ਸਾਰੇ ਵਿਅੰਗਮਈ ਤੇ ਹਾਸਰਸੀ ਟੋਟਕੇ ਜੋੜ ਕੇ ਸਰੋਤਿਆਂ ਨੂੰ ਕੀਲ ਲੈਂਦੀ ਸੀ। ਬੇਹੱਦ ਜ਼ੋਸ਼ੀਲੇ ਅੰਦਾਜ਼ ਵਿੱਚ ਜਦ ਉਹ ‘ਮਿਰਜ਼ਾ’ ਗਾਇਆ ਕਰਦੀ ਸੀ ਤਾਂ ਆਖਦੇ ਨੇ ਕਿ ਸਮਾਂ ਵੀ ਖਲੋ ਜਾਂਦਾ ਸੀ ਤੇ ਪਰਿੰਦੇ ਵੀ ਪਰਵਾਜ਼ ਛੱਡ ਕੇ ਮੌਨ ਹੋ ਜਾਂਦੇ ਸਨ। ਉਨ੍ਹਾਂ ਨੇ ਕੇ.ਦੀਪ ਨਾਲ ਨੋਕਝੋਂਕ ਵਾਲੇ ਵੀ ਬਹੁਤ ਗੀਤ ਗਾਏ।

ਤੂੰ ਹੈ ਮੇਰਾ ਰਾਜਾ ਤੇ ਮੈਂ ਤੇਰੀ ਰਾਣੀ ਵੇ
ਝੁੰਡੂਆ ਬਟੂਆ ਖੋਲ ਮੈਂ ਕੁਲਫੀ ਖਾਣੀ ਏ
ਤੂੰ ਮੇਰੀ ਚੰਨੀ ਤੇ ਮੈਂ ਤੇਰਾ ਚੰਨਾ ਨੀ
ਕੁਲਫ਼ੀ ਦਾ ਖਾਣਾ ਚੂਪ ਲੈ ਗੰਨਾ ਨੀ।

ਉਨ੍ਹਾਂ ਨੇ ਸ਼ਿਵ ਕੁਮਾਰ ਬਟਾਲਵੀ ਦੇ ਉਦਾਸ ਗਾਣੇ ਜ਼ਰੀਏ ਆਪਣੇ ਆਖਰੀ ਸਾਹਾਂ ਦਾ ਅਹਿਸਾਸ ਵੀ ਕਰਾ ਦਿੱਤਾ ਸੀ।

ਅਸੀਂ ਕੱਚਿਆਂ ਅਨਾਰਾਂ ਦੀਆਂ ਟਾਹਣੀਆਂ
ਪਈਆਂ ਪਈਆਂ ਝੂਮ ਵੇ ਰਹੀਆਂ ਚੀਰੇ ਵਾਲਿਆ
ਅਸੀਂ ਖੰਡ ਮਿਸਰੀ ਦੀਆਂ ਡਲੀਆਂ
ਪਈਆਂ ਪਈਆਂ ਖੁਰ ਵੇ ਰਹੀਆਂ ਚੀਰੇ ਵਾਲਿਆ
ਅਸੀਂ ਕੱਚਿਆਂ ਘਰਾਂ ਦੀਆਂ ਕੰਧੀਆਂ
ਪਈਆਂ ਪਈਆਂ ਭੁਰ ਵੇ ਰਹੀਆਂ ਚੀਰੇ ਵਾਲਿਆ

ਆਪਣੇ ਲੱਖਾਂ ਪ੍ਰਸ਼ੰਸਕਾਂ ਤੋਂ ਮਿਲਣ ਵਾਲੇ ਅਥਾਹ ਪਿਆਰ ਤੋਂ ਇਲਾਵਾ ਅਨੇਕਾਂ ਇਨਾਮਾਂ-ਸਨਮਾਨਾਂ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਸਨਮਾਨੀ ਜਾਣ ਵਾਲੀ ਮਾਣਮੱਤੀ ਪੰਜਾਬੀ ਗਾਇਕਾ ਜਗਮੋਹਨ ਕੌਰ ਅਤੇ ਕੇ. ਦੀਪ (ਪੋਸਤੀ) ਦੀ “ਮਾਈ ਮੋਹਣੋ” 6 ਦਸੰਬਰ, 1998 ਨੂੰ ਲੱਖਾਂ ਦਿਲਾਂ ਵਿੱਚ ਵਿਛੋੜੇ ਦੀ ਯਾਦ ਛੱਡ ਕੇ ਸਦਾ ਲਈ ਇਸ ਜਹਾਨ ਤੋਂ ਟੁਰ ਗਈ ਸੀ। ਅਨੇਕਾਂ ਯਾਦਗਾਰੀ ਗੀਤਾਂ ਦਾ ਖ਼ਜ਼ਾਨਾ ਸਾਡੀ ਝੋਲੀ ’ਚ ਪਾ ਜਾਣ ਵਾਲੀ ਜਗਮੋਹਨ ਕੌਰ ਨੂੰ ਹਰ ਸਰੋਤਾ ਰਹਿੰਦੀ ਦੁਨੀਆਂ ਤਕ ਯਾਦ ਰੱਖੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਦੁਆਉਂਦਾ ਰਹੇਗਾ ਕਿ ਪੰਜਾਬੀ ਗਾਇਕੀ ਦੇ ਪਿੜ ਵਿੱਚ ਇੱਕ ਵਿਲੱਖਣ ਤੇ ਅਦਭੁੱਤ ਪ੍ਰਤਿਭਾ ਵਾਲੀ ਗਾਇਕਾ ਹੋਇਆ ਕਰਦੀ ਸੀ ਜਿਸ ਨੂੰ ਸਾਰਾ ਜੱਗ ‘ਮਾਈ ਮੋਹਣੋ’ ਆਖ ਕੇ ਪਿਆਰਦਾ ਹੁੰਦਾ ਸੀ।

ਕੁਲਦੀਪ ਸਿੰਘ ਸਾਹਿਲ
417990040

Previous article“ਬਾਬਾ ਸਾਹਿਬ ਤੇਰਾ ਸੁਪਨਾ ਅਧੂਰਾ———-
Next articleWhy do Dalits dislike Gandhi?