(ਸਮਾਜ ਵੀਕਲੀ) ਜੇ ਅਸੀਂ ਪੰਜਾਬੀ ਸੰਗੀਤ ਦੇ ਵਿੱਚ ਕੁਲਦੀਪ ਸਿੰਘ ਮਠਾੜੂ ਦਾ ਜ਼ਿਕਰ ਕਰੀਏ ਤਾਂ ਸ਼ਾਇਦ ਮਿਲਦੇ ਜੁਲਦੇ ਅਨੇਕਾਂ ਹੀ ਨਾਂ ਆਪਣੀ ਪਹਿਚਾਣ ਕਰਵਾਉਣ ਲੱਗ ਜਾਣ ਜਿਨ੍ਹਾਂ ਬਾਰੇ ਸਾਨੂੰ ਕੋਈ ਇਲਮ ਜਾਂ ਗਿਆਨ ਨੀਂ ਹੋਣਾ ।ਪਰ ਜਦੋਂ ਅਸੀਂ ਕੇ.ਦੀਪ ਦਾ ਨਾਂ ਲਈਏ ਤਾਂ ਝੱਟ ਸਾਡੇ ਜ਼ਿਹਨ ਵਿੱਚ ਗਾਇਕੀ ਦੇ ਸਫਿਆਂ ਤੇ ਲਿਖਿਆ ਸੁਨਹਿਰੀ ਹਰਫ਼ਾਂ ਵਿਚ ਨਾਂ ਉਸ ਦੀ ਕਲਾ ਤੋਂ ਜਾਣੂੰ ਕਰਵਾਉਂਦਾ ਹੈ।ਕੇ ਦੀਪ ਇਕ ਅਜਿਹਾ ਭਾਰਤੀ ਪੰਜਾਬੀ ਲੋਕ ਗਾਇਕ ਹੈ ਜਿਸ ਨੂੰ ਹਾਸਰਸ ਗਵੱਈਏ ਹੋਣ ਦਾ ਮਾਣ ਪ੍ਰਾਪਤ ਹੈ। ਪੁਰਾਤਨ ਗਾਇਕੀ ਦੇ ਪੰਨਿਆਂ ਉੱਤੇ ਲਿਖੇ ਨਾਵਾਂ ਵਿਚੋਂ ਕੇ.ਦੀਪ ਇੱਕ ਅਜਿਹਾ ਨਾਂ ਹੈ ਜਿਸ ਨੇ ਆਪਣੀ ਪਤਨੀ ਪ੍ਰਸਿੱਧ ਲੋਕ ਗਾਇਕਾ ਜਗਮੋਹਨ ਕੌਰ ਨਾਲ ਮਿਲ ਕੇ ਮਾਈ ਮੋਹਣੋ ਤੇ ਪੋਸਤੀ ਦੇ ਮਜ਼ਾਹੀਆ ਤਖੱਲਸ ਨਾਲ ਲੋਕ ਦਿਲਾਂ ਦੀ ਤਰਜਮਾਨੀ ਕਰਦੇ ਹੋਏ ਲੰਮੇ ਅਰਸੇ ਤੱਕ ਰਾਜ ਕੀਤਾ। ਮਿਆਂਮਾਰ ਦੇ ਰੰਗੂਨ, ਬਰਮਾ ਚ 10 ਦਸੰਬਰ 1940 ਨੂੰ ਜਨਮਿਆ ਕੇ.ਦੀਪ ਉਰਫ਼ ਕੁਲਦੀਪ ਸਿੰਘ ਮਠਾੜੂ ਰਾਮਗੜ੍ਹੀਆ ਸਿੱਖ ਕੌਮ ਨਾਲ ਸਬੰਧ ਰੱਖਦਾ ਸੀ ਤੇ ਉਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਚ ਰਹਿੰਦਾ ਰਿਹਾ।ਕਲਕੱਤੇ ਦੇ ਇੱਕ ਪ੍ਰੋਗਰਾਮ ਦੌਰਾਨ ਕੇ.ਦੀਪ ਦੀ ਮੁਲਾਕਾਤ ਜਗਮੋਹਨ ਕੌਰ ਨਾਲ ਹੋਈ ਜਿਨ੍ਹਾਂ ਨੇ ਬਾਅਦ ਵਿੱਚ ਪ੍ਰੇਮ ਵਿਆਹ ਕਰਵਾਇਆ।ਇਸ ਤੋਂ ਬਾਅਦ ਇਨ੍ਹਾਂ ਨੇ ਆਪਣਾ ਵੱਖਰਾ ਗਰੁੱਪ ਬਣਾ ਕੇ ਦੇਸ਼ਾਂ ਵਿਦੇਸ਼ਾਂ ਦੀ ਧਰਤ ਤੇ ਮਜ਼ਾਹੀਆ ਗਾਇਕ ਦੋਗਾਣਾ ਜੋੜੀ ਵਜੋਂ ਪ੍ਰੋਗਰਾਮ ਪੇਸ਼ ਕਰਕੇ ਭਰਪੂਰ ਸ਼ੋਹਰਤ ਖੱਟਦਿਆਂ ਆਪਣੇ ਨਾਮ ਦਾ ਪਰਚਮ ਬੁਲੰਦ ਕੀਤਾ ਅਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਪਲੇਅਬੈਕ ਸਿੰਗਰਾਂ ਵਜੋਂ ਵੱਡਾ ਨਾਮ ਕਮਾਇਆ।ਕੇ.ਦੀਪ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ਜੋਗਿੰਦਰ ਸਿੰਘ ਸਮਰਾ ਅਤੇ ਸਤੀਸ਼ ਭਾਖੜੀ ਦੀ ਸਹਾਇਕ ਨਿਰਦੇਸ਼ਿਤ ਫ਼ਿਲਮ “ਮੇਲੇ ਮਿੱਤਰਾਂ ਦੇ” ਦੇ ਵਿੱਚ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਉਂਦਿਆ ਬਤੌਰ ਹੀਰੋ ਵਜੋਂ ਪੇਸ਼ ਕੀਤਾ ।ਇਸ ਤੋਂ ਬਾਅਦ ਇੰਦਰਜੀਤ ਹਸਨਪੁਰੀ ਨੇ 1976 ਵਿਚ ਆਪਣੇ ਫ਼ਿਲਮਸਾਜ਼ ਅਦਾਰੇ ਲੁਧਿਆਣਾ ਫ਼ਿਲਮਜ਼, ਬੰਬੇ ਦੀ ਧਰਮ ਕੁਮਾਰ ਵਲੋਂ ਨਿਰਦੇਸ਼ਿਤ ਕੀਤੀ ਪੰਜਾਬੀ ਫ਼ਿਲਮ ‘ਦਾਜ’ ਬਣਾਈ ਜਿਸ ਵਿਚ ਸੰਗੀਤਕ-ਨਿਰਦੇਸ਼ਕ ਐੱਸ. ਮੋਹਿੰਦਰ ਨੇ ਕੇ. ਦੀਪ ਨੂੰ ਪੰਜਾਬੀ ਫ਼ਿਲਮਾਂ ਵਿੱਚ ਨਗ਼ਮਾਸਰਾਈ ਕਰਨ ਦਾ ਪਹਿਲਾ ਮੌਕਾ ਦਿੱਤਾ।ਇਸ ਫ਼ਿਲਮ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਤੇ ਜਗਮੋਹਨ ਕੌਰ ਨਾਲ ਇੱਕ ਮਜ਼ਾਹੀਆ ਦੋਗਾਣਾ ਗਾਇਆ ਜੋ ਮਿਹਰ ਮਿੱਤਲ ਤੇ ਜਗਮੋਹਨ ਕੌਰ ’ਤੇ ਫ਼ਿਲਮਾਇਆ ਗਿਆ। ‘ਹਮ ਛੜੇ ਵਕਤ ਕੋ ਫੜੇ ਤੇ ਮਨ ਜਾ ਮੋਟੋ ਨੀਂ’। ਇਸ ਤੋਂ ਇਲਾਵਾ ਕੇ.ਦੀਪ ਨੇ ਆਪਣੀ ਪਤਨੀ ਜਗਮੋਹਨ ਕੌਰ ਨਾਲ ਜੋੜੀਦਾਰ ਵਜੋਂ ਹੋਰ ਵੀ ਫ਼ਿਲਮਾਂ ਜਿਵੇਂ ਕਿ:-ਸੰਤੋ-ਬੰਤੋ, ਮੁਟਿਆਰ,ਰਾਂਝਾ ਇੱਕ ਤੇ ਹੀਰਾਂ ਦੋ’‘ਅਤੇ ਸੁਖੀ ਪਰਿਵਾਰ’ ਵਰਗੀਆਂ ਪੰਜਾਬੀ ਫ਼ਿਲਮਾਂ ਵਿਚ ਵੀ ਕੰਮ ਕੀਤਾ। ਇਸ ਤੋਂ ਇਲਾਵਾ 1981 ਚ ਬਣੀ ਦਾਜ ਫ਼ਿਲਮ ਹਿੰਦੀ ਵਿੱਚ ”ਦਹੇਜ” ਦੇ ਸਿਰਲੇਖ ਹੇਠ ਡੱਬ ਹੋਈ ਕੇ.ਦੀਪ ਨੇ ਆਪਣੀ ਪਤਨੀ ਜਗਮੋਹਨ ਕੌਰ ਨਾਲ ਮਿਲਕੇ ਮਜ਼ਾਹੀਆ ਗਾਇਕ ਜੋੜੀ ਵਜੋਂ ਲੋਕ ਗਾਇਕੀ ਵਿੱਚ ਮੌਸੀਕੀ ਰੰਗ ਪੇਸ਼ ਕਰਕੇ ਆਪਣੇ ਸਮਕਾਲੀ ਗਾਇਕਾਂ ਵਿਚ ਇਕ ਵੱਖਰੀ ਮਿਸਾਲ ਕਾਇਮ ਕੀਤੀ। ਸੰਨ 1979 ਵਿੱਚ ਈ. ਐੱਮ. ਆਈ. ਕੰਪਨੀ ਨੇ ਬਾਬੂ ਸਿੰਘ ਮਾਨ, ਚਮਨ ਲਾਲ ‘ਸ਼ੁਗਲ’ ਕਾਂਸ਼ੀਰਾਮ ਗ਼ੁਲਾਮ, ਕੇ. ਦੀਪ, ਨੀਰੂ ਗੁਪਤਾ ਦੇ ਲਿਖੇ ਗੀਤਾਂ ਨੂੰ ਚਰਨਜੀਤ ਅਹੂਜਾ ਦੇ ਸੰਗੀਤ ਵਿਚ ਤਿਆਰ ਕਰਕੇ ਦੋਵਾਂ ਦੇ ਚੁਟਕਲਿਆਂ ਅਤੇ ਗੀਤਾਂ ਦਾ 40 ਮਿੰਟ ਦਾ ਲਾਈਵ ਕੰਸਰਟ ‘ਸਟੇਜ ਪ੍ਰੋਗਰਾਮ ਕੇ. ਦੀਪ ਤੇ ਜਗਮੋਹਨ ਕੌਰ’ ਦੇ ਨਾ ਹੇਠ ਐੱਲ. ਪੀ. ਰਿਕਾਰਡ ਜਾਰੀ ਕੀਤਾ ਗਿਆ। ਰਿਕਾਰਡ ਨੂੰ ਮਿਲੇ ਸਫਲਤਾ ਦੇ ਭਰਵੇਂ ਹੁੰਗਾਰੇ ਬਾਅਦ ਈ.ਐੱਮ ਆਈ.ਕੰਪਨੀ ਨੇ ਹੋਰ ਵੀ ਹਾਸੇ ਅਤੇ ਚੁਲਬਲੇਪਣ ਨਾਲ ਭਰਪੂਰ ਤੇ ‘ਮਾਈ ਮੋਹਣੋ’ ਦੀ ਮਜ਼ਾਹੀਆ ਪੇਸ਼ਕਾਰੀ ਨਾਲ ਭਰਪੂਰ ”ਪੋਸਤੀ ਲੰਡਨ ਵਿੱਚ’’ ਨਾਂ ਦੇ ਐੱਲ. ਪੀ.ਰਿਕਾਰਡ ਕਰਵਾਕੇ ਕੇ. ਦੀਪ ਦੇ ਨਾਂ ਨੂੰ ਹੋਰ ਵੱਡਾ ਕੀਤਾ ।ਕੇ. ਦੀਪ ਨੇ ਪੰਜਾਬ ਦੇ ਨਾਮੀ ਗੀਤਕਾਰ ਜਿਵੇਂ ਕਿ:- ਸਾਜਨ ਰਾਏਕੋਟੀ, ਜਸਵੰਤ ਸੰਦੀਲਾ, ਜੱਗਾ ਕੈਂਥ, ਅਵਿਨਾਸ਼ ਭਾਖੜੀ, ਭਜਨ ਸਿੰਘ ਸਰਕਾਰੀਆ, ਭੁੱਲਾ ਰਾਮ ਚੰਨ ਦੇ ਲਿਖੇ ਨੂੰ ਵੱਖ ਵੱਖ ਸੰਗੀਤਕਾਰਾਂ ਦੇ ਸੰਗੀਤ ਚ ਤਿਆਰ ਕਰਕੇ ਆਪਣੀ ਪਤਨੀ ਜਗਮੋਹਨ ਕੌਰ ਨਾਲ ਮਿਲ ਕੇ ਆਵਾਜ਼ ਦਿੱਤੀ ਜਿਨ੍ਹਾਂ ਸਮੇਂ ਦੀ ਅਵਾਮ ਨੇ ਬੜਾ ਪਸੰਦ ਕੀਤਾ। ਕੇ. ਦੀਪ ਦੇ ਲਿਖੇ ਤੇ ਸੰਗੀਤ ਵਿੱਚ ਤਿਆਰ ਗੀਤ ‘ਪੋਸਤੀ ਕੈਨੇਡਾ ਵਿੱਚ-ਭਾਗ ਪਹਿਲਾ ਤੇ ਦੂਜਾ’, ‘ਚਾਅ ਅੱਲ੍ਹੜ ਕੁੜੀ ਨੂੰ ਮੁਕਲਾਵੇ ਦਾ’, ‘ਬੁੜ੍ਹਾ ਵੀ ਕਹਿੰਦਾ ਆਈ ਲਵ ਯੂ’, ‘ਸਾਲੀਆਂ ਤੋਂ ਜੀਜਾ ਕੁੱਟਵਾ ਤਾ’, ‘ਅਮਲੀ ਦੇ ਪੁੱਤਰਾ ਆਜਾ’, ‘ਛੜੇ ਹੁੰਦੇ ਨੇ ਛੜੇ’ ਗੀਤਾਂ ਨੂੰ ਵੀ ਸਰੋਤਿਆਂ ਵੱਲੋਂ ਮਕਬੂਲਤਾਂ ਦਾ ਸਿਹਰਾ ਬੰਨਿਆ।1981 ਵਿੱਚ ਈ.ਐੱਮ.ਆਈ. ਕੰਪਨੀ ਨੇ ਚਰਨਜੀਤ ਅਹੂਜਾ ਦੇ ਸੰਗੀਤ ਵਿੱਚ ‘‘ਸ਼ਾਹਾਂ ਦਾ ਕਰਜ਼” ਨਾਂ ਦਾ ਈ. ਪੀ. ਕੇ ਦੀਪ ਤੇ ਜਗਮੋਹਨ ਕੌਰ ਦੀ ਆਵਾਜ਼ ਚ ਰਿਕਾਰਡ ਕੀਤਾ। ਦੋਵਾਂ ਦੇ ਗਾਏ ਗੀਤ ‘ਮੇਰਾ ਬੜਾ ਕਰਾਰਾ ਪੂਦਨਾ’ ਤੇ ‘ਰਾਤ ਕੱਟ ਕੇ ਡਰਾਈਵਰ ਤੁਰ ਜਾਣਗੇ” ਦੋਗਾਣਿਆਂ ਨੂੰ ਸਰੋਤਿਆਂ ਵਲੋ ਮਣਾਂ ਮੂੰਹੀਂ ਪਿਆਰ ਦੇ ਕੇ ਰਿਕਾਰਡ ਨੂੰ ਸ਼ਾਹਕਾਰ ਬਣਾ ਦਿੱਤਾ। ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗੀਤਾਂ ਨੂੰ ਸਭ ਤੋਂ ਗਾਉਣ ਦਾ ਸੁਭਾਗ ਵੀ ਇਸ ਦੇ ਹਿੱਸੇ ਆਇਆ। ਜਿਵੇਂ ਕਿ:-ਰੋਗ ਬਣ ਕੇ ਰਹਿ ਗਿਆ’, ‘ਮਾਏ ਨੀਂ ਮੇਰੇ ਗੀਤਾਂ’, ‘ਮੈਨੂੰ ਤਾਂ ਮੇਰੇ ਦੋਸਤਾਂ’, ‘ਤੂੰ ਜੋ ਸੂਰਜ ਚੋਰੀ ਕੀਤਾ’, ‘ਪੁੰਨਿਆ ਦੇ ਚੰਨ ਨੂੰ’, ‘ਇੱਕ ਕੁੜੀ ਜੀਹਦਾ ਨਾਮ ਮੁਹੱਬਤ ਗੁੰਮ ਹੈ ਗੁੰਮ ਹੈ’ (ਕੇ. ਦੀਪ) ਤੇ ਜਗਮੋਹਨ ਕੌਰ ਦੀ ਆਵਾਜ਼ ਵਿੱਚ ‘ਜਦ ਪੈਣ ਕਪਾਹੀਂ ਫੁੱਲ ਵੇ’ ‘ਰਾਤ ਚਾਣਨੀ ਮੈਂ ਤੁਰਾਂ’ ‘ਚੀਰੇ ਵਾਲਿਆ’ ਅਤੇ ਦੋਵਾਂ ਦਾ ਗਾਇਆ ਸ਼ਹਿਰ ਤੇਰੇ ਤਰਕਾਲਾਂ’ ਵਰਗੇ ਸੁਪਰਹਿਟ ਗੀਤ। ਸੁਪਰ ਸਾਊਂਡ ਵਰਗੀਆਂ ਰਿਕਾਰਡਿੰਗ ਕੰਪਨੀ ਚ ‘ਸ਼ਬਦ ਅਤੇ ਧਾਰਮਿਕ ਗੀਤ ਰਿਕਾਰਡ ਕਰਵਾਉਣ ਵਾਲਾ ਕੇ. ਦੀਪ 22 ਅਕਤੂਬਰ 2020 ਨੂੰ 80 ਸਾਲਾਂ ਦੀ ਉਮਰੇ ਆਪਣੀ ਪਤਨੀ ਤੋਂ ਬਾਅਦ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਤੇ ਪਿੱਛੇ ਛੱਡ ਗਿਆ ਆਪਣੀ ਧੀ ਤੇ ਪੁੱਤਰ ਨੂੰ । ਭਾਵੇਂ ਲੋਕ ਸੰਗੀਤ ਦੀ ਇਹ ਹਾਸਰਸ ਮਜ਼ਾਹੀਆ ਦੋਗਾਣਾ ਜੋੜੀ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ ਪਰ ਅੱਜ ਵੀ ਸਰੋਤੇ ਇਨ੍ਹਾਂ ਦੇ ਚੁਲਬੁਲੇ ਮੌਸੀਕੀ ਕਮੈਡੀਅਨ ਗੀਤਾਂ ਦਾ ਆਨੰਦ ਮਾਣਦੇ ਹਨ।
====================
ਸਰੂਪ ਸਿੰਘ, ਚੌਧਰੀ ਮਾਜਰਾ (ਨਾਭਾ)
99886-27880
https://play.google.com/store/apps/details?id=in.yourhost.samajweekly



