ਪੰਜਾਬੀ ਮਾਂ ਬੋਲੀ

ਓਮਕਾਰ ਸੂਦ ਬਹੋਨਾ 
(ਸਮਾਜ ਵੀਕਲੀ)
ਚਾਰੇ ਪਾਸੇ ਬੁਣੀਏ ਜਾਲ ਪੰਜਾਬੀ ਦਾ।
ਉੱਚਾ-ਸੁੱਚਾ ਹੋਵੇ ਹਾਲ ਪੰਜਾਬੀ ਦਾ।
ਸਰਕਾਰੇ-ਦਰਬਾਰੇ ਉੱਚੀ ਪਹੁੰਚ ਬਣੇ,
ਮਰ ਮੁੱਕ ਜਾਵੇ ਭੈੜਾ ਕਾਲ ਪੰਜਾਬੀ ਦਾ।
ਮਿਸ਼ਰੀ ਤੋਂ ਵੀ ਮਿੱਠੀ ਸੁੱਚਮ-ਸੁੱਚੀ ਹੈ,
ਭਰ ਕੇ ਮੱਥੇ ਲਾਈਏ ਥਾਲ ਪੰਜਾਬੀ ਦਾ।
ਜਦ ਵੀ ਇਹੇ ਥਿਰਕੇ ਬੁੱਲਾਂ ‘ਤੇ ਆ ਕੇ,
ਝੂਮਣ ਸਭ ਨੂੰ ਲਾ ਦਏ ਤਾਲ ਪੰਜਾਬੀ ਦਾ।
ਮਾਂ-ਬੋਲੀ ਦਾ ਮੋਹ ਕਦੇ ਵੀ ਛੱਡੋ ਨਾ,
ਦਿਲ ਵਿੱਚ ਰੱਖੋ ਪਿਆਰ ਸੰਭਾਲ ਪੰਜਾਬੀ ਦਾ।
ਇਹਦੇ ਜਾਏ ਇਹਤੋਂ ਬੇ-ਮੁਖ ਨਾ ਹੋਵਣ,
ਕਰ ਨਾ ਸਕੇ ਕੋਈ ਵਿੰਗਾ ਵਾਲ ਪੰਜਾਬੀ ਦਾ।
ਇੱਧਰ ਭਾਵੇਂ ਉੱਧਰ ਇਹਦੀ ਗੱਲ ਕਰੀਏ,
ਰਲ ਕੇ ਪਾਈਏ ਇੱਕ ਸਵਾਲ ਪੰਜਾਬੀ ਦਾ।
ਇਸਨੂੰ ਰੱਖੀਏ ਆਪਾਂ ਪਹਿਲੇ ਨੰਬਰ ‘ਤੇ,
ਅੱਖਰ-ਅੱਖਰ ਰਟਣਾ ਹੈ ਹਰ ਹਾਲ ਪੰਜਾਬੀ ਦਾ।
ਮੈਂ ਚਾਹੁੰਨੈ ਬਸ ਬਣ ਜਾਵੇ ਪਟਰਾਣੀ ਇਹ,
ਰੱਬਾ ਦਿਲਾਂ ‘ਚ ਭਾਂਬੜ ਬਾਲ ਪੰਜਾਬੀ ਦਾ।
-੦-
— ਓਮਕਾਰ ਸੂਦ ਬਹੋਨਾ 
ਮੋਬਾਈਲ -9654036080