ਕਲਕੱਤਾ, (ਸਮਾਜ ਵੀਕਲੀ) (ਪੱਤਰ ਪ੍ਰੇਰਕ): ਸੰਨ 1923 ਤੋਂ ਲਗਾਤਾਰ ਕਾਰਜਸ਼ੀਲ ਪੰਜਾਬੀ ਸਾਹਿਤ ਸਭਾ, ਕਲਕੱਤਾ ਵੱਲੋਂ ਗੁਰਦੁਆਰਾ ਸੰਤ ਕੁਟੀਆ ਵਿਖੇ ਰੋਮੀ ਘੜਾਮਾਂ ਨਾਲ਼ ਰੂਬਰੂ ਕਰਵਾਇਆ ਗਿਆ। ਕਲਕੱਤਾ ਨਿਵਾਸੀ ਸਾਹਿਤਕਾਰ ਭੁਪਿੰਦਰ ਸਿੰਘ ਬਸ਼ਰ ਨੇ ਦੱਸਿਆ ਕਿ ਰੋਮੀ ਨਾਲ਼ ਇਸ ਬਾਰੇ ਕਾਫੀ ਚਿਰਾਂ ਤੋਂ ਗੱਲਬਾਤ ਚੱਲ ਰਹੀ ਸੀ ਪਰ ਸਬੱਬ ਨਹੀਂ ਸੀ ਬਣ ਰਿਹਾ। ਹੁਣ ਜਦੋਂ ਇਨ੍ਹਾਂ ਦੇ ਪੱਛਮੀ ਬੰਗਾਲ ਦੇ ਹੀ ਦੁਰਗਾਪੁਰ ਸ਼ਹਿਰ ਵਿੱਚ ਅੰਤਰ-ਰਾਸ਼ਟਰੀ ਮਾਸਟਰ ਅਥਲੈਟਿਕਸ ਖੇਡਾਂ ਵਿੱਚ ਆਉਣ ਬਾਰੇ ਪਤਾ ਲੱਗਿਆ ਤਾਂ ਸਭਾ ਵੱਲੋਂ ਇਹ ਸਮਾਗਮ ਰੱਖਿਆ ਗਿਆ। ਜਿੱਥੇ ਰੋਮੀ ਨੇ ਆਪਣੀਆਂ ਰਚਨਾਵਾਂ ਰੱਬ ਦਾ ਟਿਕਾਣਾ, ਚਾਰ ਸੱਸੇ, ਭਾਸ਼ਾ ਦੀ ਰਮਜ, ਅੰਗਰੇਜ਼ੀ ਇੰਨ ਪੰਜਾਬੀ, ਬੱਸ ਜੈ ਜੈਕਾਰ, ਭਗਵਾਨ, ਪਾਣੀ ਦੀ ਕਹਾਣੀ, ਪੁਆਧੀਆਂ ਕੇ ਕਿਆ ਕੈਹਣੇ, ਪਿੰਡਾ ਦੀ ਗੇੜੀ ਆਦਿ ਨਾਲ਼ ਨਾਲ਼ ਰੌਣਕਾਂ ਲਾਈਆਂ। ਇਸ ਤੋਂ ਇਲਾਵਾ ਹਾਜ਼ਰੀਨਾਂ ਵੱਲੋਂ ਵੱਖੋ-ਵੱਖ ਵਿਸ਼ਿਆਂ ਸਬੰਧੀ ਕੀਤੇ ਸਵਾਲਾਂ ਦੇ ਜਵਾਬ ਉਨ੍ਹਾਂ ਤਸੱਲੀਬਖਸ਼ ਤੇ ਬੇਬਾਕੀ ਨਾਲ਼ ਦਿੱਤੇ। ਨਿਰੰਤਰ 03 ਘੰਟੇ ਚੱਲੇ ਇਸ ਰੂਬਰੂ ਦਾ ਸਰੋਤਿਆਂ ਨੇ ਪੂਰਨ ਸ਼ਾਂਤੀ ਨਾਲ਼ ਆਨੰਦ ਮਾਣਿਆ। ਉਪਰੰਤ ਨਵਿੰਦਰ ਸਿੰਘ ਗਰੇਵਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਹਿਤਿਕ ਅਤੇ ਸੰਗੀਤਕ ਆਨੰਦ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਨਵਾਂ ਸੁਣਨ ਤੇ ਜਾਨਣ ਨੂੰ ਮਿਲਿਆ। ਜਿਸ ਦੇ ਪ੍ਰਭਾਵ ਸਦਕਾ ਜਲਦ ਹੀ ਕਲਕੱਤਾ ਦੇ ਪੰਜਾਬੀ ਭਾਈਚਾਰੇ ਨਾਲ਼ ਸਬੰਧਤ ਹੋਰ ਸੰਸਥਾਵਾਂ ਨਾਲ਼ ਮਿਲ ਕੇ ਮਹਿਮਾਨ ਫ਼ਨਕਾਰ ਦਾ ਦੁਬਾਰਾ ਪ੍ਰੋਗਰਾਮ ਕਰਵਾਉਣ ਬਾਰੇ ਵਿਚਾਰਿਆ ਜਾਵੇਗਾ। ਇਸ ਮੌਕੇ ਗੁਰਦੀਪ ਸਿੰਘ ਸੰਘਾ ਪ੍ਰਧਾਨ ਸਾਹਿਤ ਸਭਾ, ਹਰਜਿੰਦਰ ਸਿੰਘ ਬਬਲੀ ਪ੍ਰਧਾਨ ਗੁਰੂਦੁਆਰਾ ਸਾਹਿਬ, ਅਵਤਾਰ ਸਿੰਘ ਰਾਮੂਵਾਲੀਆ ਜਨਰਲ ਸਕੱਤਰ ਗੁਰਦੁਆਰਾ ਸਾਹਿਬ, ਜਸਬੀਰ ਸਿੰਘ ਚਾਵਲਾ ਪ੍ਰਧਾਨ ਗਲੋਬਲ ਬੁਧਿਸਟ ਮੈਨੇਜਮੈਂਟ ਐਜੂਕੇਸ਼ਨ ਐਂਡ ਰਿਸਰਚ ਸੈਂਟਰ, ਗੁਰਸ਼ਰਨ ਸਿੰਘ ਸੰਚਾਲਕ ਸਿੱਖ ਫੋਰਮ ਕਲਕੱਤਾ, ਮਨਪ੍ਰੀਤ ਸਿੰਘ ਰਾਜਾ ਸਿੱਧੂ, ਦਵਿੰਦਰ ਸਿੰਘ, ਨਵਿੰਦਰ ਸਿੰਘ ਗਰੇਵਾਲ, ਜਸਵਿੰਦਰ ਸਿੰਘ, ਦਵਿੰਦਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
HOME ਪੰਜਾਬੀ ਸਾਹਿਤ ਸਭਾ, ਕਲਕੱਤਾ ਨੇ ਰੋਮੀ ਘੜਾਮਾਂ ਨਾਲ਼ ਰੂਬਰੂ ਕਰਵਾਇਆ



