ਪੰਜਾਬੀ ਸਾਹਿਤ ਜਗਤ ਵਿੱਚ ਇੱਕ ਉਭਰਦਾ ਨਾਮਵਰ ਨੌਜਵਾਨ ਲੇਖਕ, ਗੀਤਕਾਰ ਅਤੇ ਸੱਚ ਦਾ ਹੋਕਾ ਦੇਣ ਵਾਲਾ ਸ਼ਾਇਰ- ਮਹਿੰਦਰ ਸੂਦ ਵਿਰਕ

ਮਹਿੰਦਰ ਸੂਦ ਵਿਰਕ
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਮਹਿੰਦਰ ਸੂਦ ਵਿਰਕ ਦਾ ਜਨਮ ਮਿਤੀ 07 ਫਰਵਰੀ 1983 ਨੂੰ ਫਿਲੌਰ ਜਿਲ੍ਹਾ ਜਲੰਧਰ ਵਿੱਚ ਪਿਤਾ ਸ਼੍ਰੀ ਗੁਲਜ਼ਾਰ ਚੰਦ ਸੂਦ ਅਤੇ ਮਾਤਾ ਸਿਮਰੋ ਸੂਦ ਦੇ ਘਰ ਹੋਇਆ। ਪਾਲਣ ਪੋਸ਼ਣ ਤੋਂ ਬਾਅਦ ਮੁੱਢਲੀ ਪੜ੍ਹਾਈ ਸ਼ਹਿਰ ਪੱਧਰ ਤੇ ਉਚੇਰੀ ਪੜ੍ਹਾਈ ਬੀ- ਕਾਮ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ਼ ਮੁਕੰਦਪੁਰ ਅਤੇ ਐੱਮ ਬੀ ਏ (ਫਾਇਨਾਂਸ ਐਂਡ ਮਾਰਕਿਟਿੰਗ) ਜੀ ਐੱਨ ਏ ਆਈ ਐੱਮ ਟੀ ਮੇਹਟਾਂ ਫਗਵਾੜਾ ਤੋਂ ਪ੍ਰਾਪਤ ਕੀਤੀ।
ਮਹਿੰਦਰ ਸੂਦ ਵਿਰਕ ਇੱਕ ਉੱਭਰਦਾ ਹੋਇਆ ਨਾਮਵਰ ਨੌਜਵਾਨ ਸ਼ਾਇਰ ਅਤੇ ਕਵੀ ਹੈ। ਜਿਸ ਨੇ ਆਪਣੀ ਸਖ਼ਤ ਮਿਹਨਤ ਤੇ ਸਿਰੜ ਨਾਲ ਥੋੜ੍ਹੇ ਸਮੇਂ ਵਿੱਚ ਹੀ ਕਾਵਿ – ਖੇਤਰ ਵਿੱਚ ਇੱਕ ਵਿਸ਼ੇਸ ਮੁਕਾਮ ਹਾਸਲ ਕੀਤਾ ਹੈ। ਭਾਵੇਂ ਕਿ ਉਹ ਮਾਮੂਲੀ ਜਿਹਾ ਤਾਂ ਲੰਬੇ ਸਮੇਂ ਤੋਂ ਕਾਵਿ ਸਿਰਜਣਾ ਕਰਦਾ ਆ ਰਿਹਾ ਹੈ ਪਰ ਉਸਦੇ ਪਿਤਾ ਸ੍ਰੀ ਗੁਲਜ਼ਾਰ ਚੰਦ ਸੂਦ ਦੇ ਦਿਹਾਂਤ ਤੋਂ ਬਾਅਦ ਉਸ ਨੇ ਆਪਣੀ ਕਾਵਿ ਸਿਰਜਣਾ ਦੀ ਰਫ਼ਤਾਰ ਨੂੰ ਐਨੀ ਤੇਜ਼ੀ ਦਿੱਤੀ ਹੈ ਕਿ ਇਸ ਨੇ ਆਪਣੀਆਂ ਕਾਵਿ ਰਚਨਾਂਵਾਂ ਵਿੱਚ ਆਪਣੇ ਖਿਆਲਾਂ ਨੂੰ ਭਾਰੂ ਕਰਦੇ ਹੋਏ ਕਿਸੇ ਵੀ ਬੰਦਿਸ਼ ਤੋਂ ਦੂਰ ਰਹਿਣ ਨੂੰ ਤਰਜ਼ੀਹ ਦਿੱਤੀ ਹੈ।ਇਸ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਤਿੰਨ ਕਾਵਿ ਸੰਗ੍ਰਹਿ ਈ ਬੁੱਕ ਦੇ ਰੂਪ ਵਿੱਚ ਪਹਿਲਾ ਕਾਵਿ ਸੰਗ੍ਰਹਿ “ਸੱਚ ਦਾ ਹੋਕਾ” ਤੇ ਦੂਸਰਾ ਕਾਵਿ ਸੰਗ੍ਰਹਿ “ਸੱਚ ਕੌੜਾ ਆ” ਅਤੇ ਤੀਸਰਾ “ਸੱਚ ਵਾਂਗ ਕੱਚ” ਪਾਠਕਾਂ ਦੀ ਝੋਲੀ ਵਿੱਚ ਪਾਅ ਕੇ ਆਪਣਾ ਨਾਮ ਸਥਾਪਤ ਕਵੀਆਂ ਦੀ ਕਤਾਰ ਵਿੱਚ ਲੈਕੇ ਆਂਦਾ ਹੈ।ਉਹ ਆਪਣੇ ਖਿਆਲਾਂ/ ਜਜ਼ਬਾਤਾਂ ਦੀ ਤਰਜ਼ਮਾਨੀ ਕਰਦਾ ਹੋਇਆ ਆਪਣੀ ਕਾਵਿ ਸਿਰਜਣਾ ਵਿੱਚ ਜੁੱਟਿਆ ਹੋਇਆ ਹੈ ਤੇ ਉਸ ਦੀ ਇਸ ਕਲਾ ਨੂੰ ਪਾਠਕਾਂ ਨੇ ਸਵੀਕਾਰਿਆ ਵੀ ਹੈ ਤੇ ਸਤਿਕਾਰ ਵੀ ਦਿੱਤਾ ਹੈ। ਲੇਖਕ ਲਈ ਸਰੋਤਿਆਂ ਦਾ ਪਿਆਰ ਹੀ ਉਸ ਦੀ ਅਸਲੀ ਪੂੰਜੀ ਹੁੰਦੀ ਹੈ।
ਜ਼ਿੰਦਗ਼ੀ ਕਦੇ ਸਮਤਲ ਨਹੀਂ ਹੁੰਦੀ, ਇਸ ਵਿੱਚ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ। ਇਨ੍ਹਾਂ ਵਲ -ਵਲੇਵਿਆਂ ਦੇ ਚੱਕਰਵਿਊ ਵਿੱਚ ਮਹਿੰਦਰ ਸੂਦ ਆਪਣੀ ਜਨਮ ਭੂਮੀ ਫਿਲੌਰ ਨੂੰ ਤਿਆਗ ਕੇ ਚਰਚਿੱਤ ਪਿੰਡ ਵਿਰਕ (ਜਲੰਧਰ) ਵਿੱਚ ਆਪਣਾ ਰੈਣ ਬਸੇਰਾ ਬਣਾ ਕੇ ਇੱਥੇ ਦਾ ਵਸਨੀਕ ਬਣ ਗਿਆ ਤੇ ਫਿਰ ਇਹ ਮਹਿੰਦਰ ਸੂਦ ਤੋਂ ਮਹਿੰਦਰ ਸੂਦ ਵਿਰਕ ਬਣ ਗਿਆ ਤੇ ਇਹ ਨਾਂ ਇਸ ਦੇ ਰਾਸ ਵੀ ਆ ਗਿਆ ਤੇ ਇਹ ਨਾਂ ਕਾਵਿ ਜਗਤ ਵਿੱਚ ਸਾਗ਼ਰ ਦੇ ਵਹਾਅ ਵਾਂਗ ਪਲਾਂ ਛਿਨਾਂ ਵਿੱਚ ਹੀ ਚਰਚਿੱਤ ਹੋ ਗਿਆ ਹੈ।
ਮਹਿੰਦਰ ਸੂਦ ਵਿਰਕ ਨੇ ਡਿਜ਼ੀਟਲ ਕ੍ਰਾਂਤੀ ਦਾ ਸਹਾਰਾ ਲੈਂਦੇ ਹੋਏ ਆਪਣੀਆਂ ਲਿਖਤਾਂ ਨੂੰ ਪੰਜਾਬੀ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਇਆ ਹੈ। ਮਹਿੰਦਰ ਸੂਦ ਵਿਰਕ ਤਕਰੀਬਨ ਤਿੰਨ ਦਰਜ਼ਨਾਂ ਤੋਂ ਵੱਧ ਆਨਲਾਈਨ ਅਖ਼ਬਾਰਾਂ ਮੈਗਜੀਨਾਂ ਵਿੱਚ ਆਪਣੀ ਧਾਂਕ ਬਣਾਈ ਬੈਠਾ ਹੈ। ਸੂਦ ਵਿਰਕ ਨੇ ਡਿਜ਼ੀਟਲ ਕ੍ਰਾਂਤੀ ਨੂੰ ਅਪਣਾਉਂਦੇ ਹੋਏ ਆਪਣੇ ਪੰਜ ਆਨਲਾਈਨ ਪੇਪਰ ਵੀ ਸ਼ੁਰੂ ਕੀਤੇ ਹਨ ਤਾਂ ਕਿ ਇਹ ਹੋਰ ਸ਼ਾਇਰਾਂ ਅਤੇ ਲੇਖਕਾਂ ਦੀ ਪਾਠਕਾਂ ਨਾਲ ਸਾਂਝ ਪਵਾ ਸਕੇ। ਜਿਹੜੇ ਮੈਗਜੀਨਾਂ ਦੇ ਨਾਅ ਇਸ ਪ੍ਰਕਾਰ ਹਨ “ਤਾਂਘ ਸਾਹਿਤ ਦੀ” ਹਫਤਾਵਾਰੀ ਆਨਲਾਈਨ ਮੈਗਜ਼ੀਨ, “ਹਰਫ਼ਾਂ ਦੀ ਡਾਰ” ਮਹੀਨਾਵਾਰ ਆਨਲਾਈਨ ਮੈਗਜ਼ੀਨ , “ਸ਼ਬਦਾਂ ਦਾ ਸ਼ਹਿਰ” ਹਫਤਾਵਾਰੀ ਆਨਲਾਈਨ ਮੈਗਜ਼ੀਨ, “ਹਰਫ਼ਾਂ ਦੀ ਨਗਰੀ” ਮਹੀਨਾਵਾਰ ਆਨਲਾਈਨ ਮੈਗਜ਼ੀਨ ਅਤੇ “ਕਲਮ ਦੀ ਤਾਕਤ ਆਨਲਾਈਨ  ਨਿਊਜ਼” ਹਨ।
ਗੀਤਕਾਰ ਸੂਦ ਵਿਰਕ ਦੇ ਛੇ ਗੀਤ ਮਾਰਕਿਟ ਵਿੱਚ ਚੱਲ ਰਹੇ ਹਨ। ਜਿਨ੍ਹਾਂ ਵਿੱਚੋ ਇੱਕ ਧਾਰਮਿਕ ਗੀਤ “ਮੇਰੇ ਮਾਲਕਾ” ਨੂੰ ਸ੍ਰੀ 108 ਸੰਤ  ਹਰਵਿੰਦਰ ਦਾਸ ਜੀ ਇਸਪੁਰ ਵਾਲਿਆਂ ਨੇ ਆਵਾਜ਼ ਦਿੱਤੀ ਹੈ। ਇਸਦੇ ਬਾਕੀ ਪੰਜ ਧਾਰਮਿਕ ਗੀਤ ਨੂੰ ਗਾਇਕ ਪ੍ਰੀਤ ਬਲਿਹਾਰ, ਕੁਲਦੀਪ ਮਹਿਸੋਪੁਰੀਆ, ਸੂਦ ਸੀਸਟਰਸ, ਭਾਈ ਕੁਲਵਿੰਦਰ ਸਿੰਘ ਸੂਦ ਸੁੰਨੀ ਪਿੰਡ ਵਾਲੇ ਅਤੇ ਮਾਹੀ ਜਮਾਲਪੁਰੀ ਨੇ ਆਪਣੀ ਆਵਾਜ਼ ਦੇ ਕੇ ਸੰਗੀਤ ਦੇ ਰਾਹੀਂ ਸਰੋਤਿਆਂ ਤੱਕ ਪਹੁੰਚਾਇਆ ਹੈ। ਗੀਤਕਾਰ ਸੂਦ ਵਿਰਕ ਦੇ ਲਿਖੇ ਤਿੰਨ ਗੀਤ “ਮਿਹਨਤ ਕਰ”, “ਮਤਲਬੀ ਯਾਰ” ਅਤੇ ਬੇਗਮਪੁਰੇ ਦਾ ਸੁਪਨਾ ਜਲਦ ਹੀ ਰਿਲੀਜ਼ ਹੋ ਕੇ ਸਰੋਤਿਆਂ ਦੀ ਜ਼ੁਬਾਨ ਉੱਪਰ ਚੜ੍ਹ ਜਾਣਗੇ।
ਮਹਿੰਦਰ ਸੂਦ ਵਿਰਕ ਬਹੁਤ ਹੀ ਮਿਲਾਪੜਾ, ਮਿਹਨਤੀ ਅਤੇ ਮਿਲਣਸਾਰ ਹਸਮੁੱਖ ਸ਼ਾਇਰ ਹੋਣ ਦੇ ਨਾਲ ਨਾਲ ਵਾਤਾਵਰਨ ਪ੍ਰੇਮੀ ਵੀ ਹੈ ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ।ਅਜਿਹੇ ਸ਼ਾਇਰ ਦੀਆਂ ਕਿਰਤਾਂ ਨੂੰ ਮਾਲਕ ਹੋਰ ਭਾਗ ਲਾਵੇ ਅਤੇ ਸੂਦ ਵਿਰਕ ਦੀ ਕਲਮ ਨੂੰ ਪ੍ਰਮਾਤਮਾ ਲਿੱਖਣ ਦਾ ਹੋਰ ਬੱਲ ਬਖਸ਼ੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਵਿੱਚ ਲਾਇਬਰੇਰੀਆਂ ਦੀ ਦਸ਼ਾ ਸੁਧਾਰਨ ਲਈ ਲਾਇਬਰੇਰੀ ਕਾਨੂੰਨ ਬਣਾਇਆ ਜਾਵੇ- ਸੰਧੂ ਵਰਿਆਣਵੀ, ਜਗਦੀਸ਼ ਰਾਣਾ
Next articleਝੁੱਗੀਆਂ ਵਿੱਚ ਰਹਿ ਰਹੀ 21 ਸਾਲ ਦੀ ਪ੍ਰਵਾਸੀ ਲੜਕੀ ਦੀ ਸੱਪ ਦੇ ਡੰਗਣ ਕਾਰਨ ਮੌਤ